www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਕੋਵਿਡ-19 ਕਾਰਣ ਪੈਦਾ ਹੋਏ ਹਾਲਾਤਾਂ ਬਾਰੇ ਕਹਾਣੀ

ਤਾਲਾ-ਬੰਦੀ

 

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ​ 


​           
ਅਪ੍ਰੈਲ ਮਹੀਨੇ ਦੇ ਮੁੱਢਲੇ ਦਿਨ ਸਨ। ਬਸੰਤ ਰੁੱਤ ਦੀ ਹਲਕੀ ਹਲਕੀ ਠੰਢ ਚਾਰੇ ਪਾਸੇ ਫੈਲੀ ਹੋਈ ਸੀ। ਸੂਰਜ ਕਾਫ਼ੀ ਦੇਰ ਪਹਿਲਾਂ ਦਾ ਡੁੱਬ ਚੁੱਕਾ ਸੀ। ਹਨੇਰੇ ਦੀ ਚਾਦਰ ਵਿਚ ਲਿਪਟਿਆ ਸ਼ਹਿਰ ਬਿਲਕੁਲ ਸ਼ਾਂਤ ਸੀ। ਖ਼ਾਮੋਸ਼ ਵਹਿ ਰਹੇ ਸਤਲੁਜ ਦਰਿਆ ਦੀ ਚਾਂਦੀ ਰੰਗੀ ਸਤਹਿ ਤੋਂ ਟਕਰਾ ਕੇ ਆ ਰਹੀ ਚੰਦ ਚਾਨਣੀ ਦੀ ਲਿਸ਼ਕੋਰ ਅਜਬ ਮਾਇਆ ਜਾਲ ਪੈਦਾ ਕਰ ਰਹੀ ਸੀ। ਗੁਰਮੀਤ ਨੂੰ ਸਦਾ ਇਸ ਨਜ਼ਾਰੇ ਦੀ ਤਾਂਘ ਰਹਿੰਦੀ ਸੀ। ਅਜਿਹੇ ਸਮੇਂ ਦਰਿਆ ਦੇ ਨਾਲ ਨਾਲ ਵਲ-ਵਲੇਵੇਂ ਖਾਂਦੀ ਪਗਡੰਡੀ ਉੱਤੇ ਦੇਰ ਤਕ ਘੁੰਮਣਾ, ਸਿੱਲੀ ਸਿੱਲੀ ਨਰਮ ਘਾਹ ਉੱਤੇ ਨੰਗੇ ਪੈਰ ਤੁਰਦੇ ਰਹਿਣਾ, ਉਸਦੀ ਪਹਿਲੀ ਪਸੰਦ ਸੀ। ਪਿਛੇ ਕਈ ਸਾਲਾਂ ਤੋਂ ਇਹ ਉਸ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ।


           
ਪਰ ਪਿਛਲੇ ਤਿੰਨ ਹਫਤਿਆਂ ਤੋਂ ਉਹ ਘਰ ਵਿਚ ਬੰਦ ਸੀ। ਸਰਕਾਰ ਵਲੋਂ ਨੋਵਲ ਕਰੋਨਾ ਵਾਇਰਸ ਕਾਰਣ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾ ਬੰਦੀ ਕਾਰਣ। 31 ਦਸੰਬਰ 2019 ਵਿਚ ਜਦੋਂ ਚੀਨ ਵਿਖੇ ਨੋਵਲ ਕਰੋਨਾ ਵਾਇਰਸ ਕਾਰਣ ਪਹਿਲੇ ਬੀਮਾਰ ਦੀ ਖ਼ਬਰ ਸਾਹਮਣੇ ਆਈ ਤਾਂ ਕੋਈ ਨਹੀਂ ਸੀ ਜਾਣਦਾ ਕਿ ਅਗਲੇ ਢਾਈ ਮਹੀਨਿਆਂ ਵਿਚ ਇਹ ਬੀਮਾਰੀ ਵਿਆਪਕ ਰੂਪ ਧਾਰਨ ਕਰ ਲਵੇਗੀ। ਮਾਰਚ 2020 ਦੇ ਦੂਜੇ ਹਫ਼ਤੇ ਵਿਸ਼ਵ ਸਿਹਤ ਸੰਸਥਾ ਨੇ ਇਸ ਬੀਮਾਰੀ ਨੂੰ ਮਹਾਂਮਾਰੀ ਹੋਣ ਦਾ ਐਲਾਨ ਕਰ ਦਿੱਤਾ। ਹੁਣ ਤਕ ਇਹ ਬੀਮਾਰੀ ਵਿਸ਼ਵ ਦੇ ਲਗਭਗ 200 ਦੇਸ਼ਾਂ ਵਿਚ ਫੈਲ ਚੁੱਕੀ ਸੀ। ਸੁਰੂ ਤੋਂ ਹੀ ਵਿਸ਼ਵ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਬੀਮਾਰੀ ਦਾ ਮੁਕਾਬਲਾ ਕਰਨ ਲਈ ਆਪੋ ਆਪਣੇ ਢੰਗਾਂ ਨਾਲ ਉਪਰਾਲੇ ਆਰੰਭ ਕਰ ਲਏ ਸਨ। ਪਰ ਇਸ ਬੀਮਾਰੀ ਦਾ ਉਚਿਤ ਇਲਾਜ ਅਜੇ ਤਕ ਕਿਸੇ ਕੋਲ ਵੀ ਨਹੀਂ ਸੀ।

 

            ਲਗਭਗ 1.4 ਬਿਲੀਅਨ ਆਬਾਦੀ ਵਾਲੇ ਭਾਰਤ ਦੇਸ਼ ਵਿਚ, ਇਸ ਬੀਮਾਰੀ ਦਾ ਮੁਕਾਬਲਾ ਕਰਨ ਲਈ, ਨਾ ਤਾਂ ਸਹੀ ਉਪਚਾਰ ਸੁਵਿਧਾਵਾਂ ਉਪਲਬਧ ਸਨ ਤੇ ਨਾ ਹੀ ਸਹੀ ਰੋਕਥਾਮ ਨੀਤੀ। ਅਜਿਹੀ ਬਿਪਦਾ ਨਾਲ ਨਿਬੜਣ ਲਈ ਜਿਥੇ ਦੇਸ਼ ਵਿਖੇ ਮੈਡੀਕਲ ਸਹੂਲਤਾਂ ਦੀ ਵੱਡੀ ਘਾਟ ਸੀ ਉੱਥੇ ਲੋੜੀਂਦੇ ਯੰਤਰਾਂ ਤੇ ਮਾਹਿਰਾਂ ਦੀ ਵੀ ਵੱਡੀ ਲੋੜ ਸੀ। ਇਸ ਲੋੜ ਪੂਰਤੀ ਲਈ ਦੇਸ਼ ਤਿਆਰ ਨਹੀਂ ਜਾਪ ਰਿਹਾ ਸੀ। ਇਸੇ ਦੌਰਾਨ, ਦੇਸ਼ ਵਿਖੇ ਬਹੁਤ ਹੀ ਹਾਸੋ ਹੀਣੇ ਵਰਤਾਰੇ ਨਜ਼ਰ ਆਉਣ ਲੱਗੇ। ਦੇਸ਼ ਦੀ ਇਕ ਪ੍ਰਮੁੱਖ ਪਾਰਟੀ ਦੇ ਕਿਸੇ ਗਊ-ਭਗਤ ਨੇਤਾ ਨੇ ਦਾਅਵਾ ਕਰ ਮਾਰਿਆ ਕਿ ਗਾਂ ਦਾ ਮੂਤਰ ਕਰੋਨਾ ਵਾਇਰਸ ਤੋਂ ਬਚਾਉ ਦੀ ਤਾਕਤ ਰੱਖਦਾ ਹੈ ਤਾਂ ਦੇਸ਼ ਦੇ ਅਨੇਕ ਸ਼ਹਿਰਾਂ ਤੇ ਨਗਰਾਂ ਦੇ ਛੋਟੇ-ਮੋਟੇ ਕੱਦ ਵਾਲੇ ਨੇਤਾਵਾਂ ਨੇ, ਆਪਣੀ ਪਾਰਟੀ ਦੇ ਕੱਦਾਵਰ ਨੇਤਾਵਾਂ ਦੀ ਨਜ਼ਰ ਵਿਚ ਪਛਾਣ ਬਨਾਉਣ ਲਈ ਜਨ-ਸੇਵਾ ਦੇ ਬਹਾਨੇ "ਫਰੀ ਗੋ-ਮੂਤਰ ਸੇਵਨ" ਸਮਾਗਮਾਂ ਦਾ ਆਯੋਜਨ ਆਰੰਭ ਲਿਆ। ਬੇਸ਼ਕ ਅਜਿਹੇ ਸੇਵਨ ਨਾਲ ਕਈ ਲੋਕਾਂ ਦੇ ਬੀਮਾਰ ਹੋਣ ਦੀਆਂ ਖ਼ਬਰਾ ਵੀ ਸਾਹਮਣੇ ਆਈਆਂ। ਪਰ ਅੰਧ-ਭਗਤੀ ਦੇ ਮਾਹੌਲ ਵਿਚ ਅਜਿਹੇ ਸਮਾਗਮਾਂ ਦਾ ਦੌਰ ਗਰਮ ਹੀ ਰਿਹਾ। ਨੇਤਾਗਿਰੀ ਦੀ ਇਸ ਦੌੜ ਵਿਚ ਭਲਾ ਹੋਰ ਨੇਤਾ ਵੀ ਕਿਵੇਂ ਪਿੱਛੇ ਰਹਿੰਦੇ।

            ਅਜਿਹੇ ਹੀ ਇਕ ਹੋਰ ਨੇਤਾ ਨੇ ਦਾਅਵਾ ਕਰ ਦਿੱਤਾ ਕਿ ਬਰੈੱਡ ਉੱਤੇ ਗਊ ਦਾ ਗੋਹਾ ਲਗਾ ਕੇ ਖਾਣ ਨਾਲ ਬੀਮਾਰੀ ਤੋਂ ਬਚਣਾ ਸੰਭਵ ਹੈ, ਕਿਸੇ ਹੋਰ ਦਾ ਦਾਅਵਾ ਸੀ ਕਿ ਪੂਰੇ ਸਰੀਰ ਉੱਤੇ ਗਊ ਦੇ ਗੋਹੇ ਦਾ ਲੇਪ ਕਰੋਨਾ ਵਾਇਰਸ ਦਾ ਸ਼ਰਤੀਆ ਇਲਾਜ ਹੈ। ਜਿਸ ਲਈ ਗਊ-ਗੋਬਰ ਲੇਪ ਇਸ਼ਨਾਨ ਦੀ ਸੁਵਿਧਾ ਆਮ ਉਪਲਬਧ ਕਰਾਏ ਜਾਣ ਦੀ ਮੰਗ ਜ਼ੋਰ ਫੜ ਗਈ। ਇਕ ਗਊ-ਭਗਤ ਦੀ ਕੰਪਨੀ ਨੇ ਤਾਂ ਕਰੋਨਾ ਬਿਮਾਰੀ ਦੇ ਇਲਾਜ ਦੇ ਰਾਮਬਾਣ ਵਜੋਂ "ਸੁੱਧ ਗਊ-ਮੂਤਰ" ਤੇ "ਸ਼ੁੱਧ ਗਊ-ਗੋਬਰ" ਸੀਲ-ਬੰਦ ਬੋਤਲਾਂ ਵਿਚ ਵੇਚਣਾ ਸ਼ੁਰੂ ਕਰ ਦਿੱਤਾ। ਇਕ ਹੋਰ ਕੰਪਨੀ ਨੇ ਗਊ ਮੂਤਰ ਤੇ ਗੋਬਰ ਅਧਾਰਿਤ ਸ਼ੈਂਪੂ, ਸਾਬੁਣ, ਆਫਟਰ-ਸ਼ੇਵ, ਦੰਤ-ਮੰਜਨ ਤੇ ਟੁੱਥ-ਪੇਸਟ ਤਕ ਮਾਰਕਿਟ ਵਿਚ ਲਿਆ ਉਤਾਰੇ। ਕਰੋਨਾ ਨੂੰ ਦੇਸ਼ ਵਿਚੋਂ ਭਜਾਉਣ ਲਈ ਪੁਜਾਰੀਆਂ ਨੇ ਥਾਂ ਥਾਂ ਹਵਨਾਂ ਦਾ ਆਯੋਜਨ ਆਰੰਭ ਕਰ ਲਿਆ। ਇਸ ਨਾਲ ਕਰੋਨਾ ਨੂੰ ਤਾਂ ਫ਼ਰਕ ਨਾ ਪਿਆ ਪਰ ਪੁਜਾਰੀਆਂ ਦੀ ਚੰਗੀ ਉਗਰਾਹੀ ਹੋ ਗਈ। ਕਿਧਰੇ ਤਾਲੀਆਂ ਤੇ ਥਾਲੀਆਂ ਵਜਾ ਕੇ ਕਰੋਨਾ ਦਾ ਵਿਰੋਧ ਕੀਤਾ ਗਿਆ ਤੇ ਕਿਧਰੇ ਮੋਮਬੱਤੀਆਂ ਤੇ ਦੀਵੇ ਜਗਾ ਕੇ। ਸੋਸ਼ਲ ਤੇ ਪ੍ਰਿੰਟ ਮੀਡੀਆ ਉੱਤੇ, ਰਾਤੋ-ਰਾਤ ਪੈਦਾ ਹੋਏ ਦੇਸੀ ਮਾਹਿਰਾਂ ਨੇ ਦੇਸੀ ਨੁਸਖਿਆਂ ਦੀ ਭਰਮਾਰ ਨਾਲ ਜਨਤਾ ਨੂੰ ਭੰਬਲਭੂਸੇ ਵਿਚ ਪਾ ਰੱਖਿਆ ਸੀ। ਅਜਿਹੇ ਅਜੀਬੋ-ਗਰੀਬ ਵਰਤਾਰਿਆਂ ਨੇ, ਵਿਗਿਆਨ ਤੇ ਟੈਕਨਾਲੋਜੀ ਦੇ ਮਾਹਿਰਾਂ ਦੀ ਸੱਭ ਤੋਂ ਵੱਡੀ ਸੰਖਿਆ ਵਾਲਾ ਦੇਸ਼ ਹੋਣ ਦਾ ਦਾਅਵਾ ਕਰਨ ਵਾਲੇ ਭਾਰਤ ਦੀ ਦਸ਼ਾ ਵਿਸ਼ਵ ਭਰ ਵਿਚ ਹਾਸੋ-ਹੀਣੀ ਬਣਾ ਦਿੱਤੀ।

            ਸਰਕਾਰ ਵਲੋਂ ਐਲਾਨੀਆਂ ਸਾਵਧਾਨੀਆਂ ਖਾਸ ਕਰ ਸਮਾਜਿਕ-ਦੂਰੀ ਬਣਾਈ ਰੱਖਣ, ਮਾਸਕ ਦੀ ਉਚਿਤ ਵਰਤੋਂ ਕਰਣ ਤੇ ਹੱਥਾਂ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨ ਆਦਿ ਬਾਰੇ ਬੇਸ਼ਕ ਕੁਝ ਲੋਕਾਂ ਦਾ ਵਿਵਹਾਰ ਉਤਸ਼ਾਹ ਜਨਕ ਸੀ ਪਰ ਲੋਕਾਂ ਦੀ ਬਹੁਗਿਣਤੀ, ਇਸ ਬਾਰੇ ਸੁਯੋਗ ਜਾਣਕਾਰੀ ਦੀ ਘਾਟ ਕਰ ਕੇ ਜਾਂ ਫਿਰ ਲਾਪਰਵਾਹੀ ਕਾਰਣ, ਉਦਾਸੀਨ ਹੀ ਰਹੀ। ਸਾਵਧਾਨੀਆਂ ਨੂੰ ਅੱਖੋ-ਪ੍ਰੋਖੇ ਕਰਦੇ ਲੋਕਾਂ ਦੇ ਹਜ਼ੂਮ ਬੀਮਾਰੀ ਦੇ ਫੈਲਾਅ ਦਾ ਸਾਧਨ ਨਾ ਬਣ ਜਾਣ, ਇਹ ਦੇਖਦੇ ਹੋਏ ਸਰਕਾਰ ਨੇ ਕਈ ਜਗਹ ਕਰਫ਼ਿਊ ਵੀ ਲਗਾਇਆ। ਪਰ ਹਾਲਤ ਵਿਚ ਬਹੁਤਾ ਸੁਧਾਰ ਨਾ ਹੋਇਆ। ਸਰਕਾਰ ਵਲੋਂ, ਮੈਡੀਕਲ ਸਮੁਦਾਇ ਦੀ ਹੌਂਸਲਾ ਅਫ਼ਜਾਈ ਲਈ, ਜਨ-ਸਾਧਾਰਣ ਨੂੰ ਆਪਣੇ ਘਰਾਂ ਵਿਚੋਂ ਤਾਲੀਆਂ ਤੇ ਥਾਲੀਆਂ ਵਜਾ ਕੇ, ਆਭਾਰ ਪ੍ਰਗਟ ਕਰਨ ਦੇ ਐਲਾਨ ਨੂੰ ਲੋਕਾਂ ਢੋਲ-ਢਮੱਕੇ ਤੇ ਜਲੂਸ ਦੇ ਰੂਪ ਵਿਚ ਮਨਾਇਆ। ਜਿਸ ਦੇ ਨਤੀਜੇ ਵਜੋਂ ਸਰਕਾਰ ਨੇ ਤਾਲਾ-ਬੰਦੀ ਦਾ ਸਖ਼ਤ ਨਿਰਣਾ ਕਰ ਲਿਆ। ਤਾਲਾ-ਬੰਦੀ ਦੇ ਐਲਾਨ ਹੁੰਦੇ ਹੀ ਲੋਕਾਂ ਵਿਚ ਜਮਾਂਖੋਰੀ ਦਾ ਚਲਣ ਸਿਖ਼ਰ ਛੋਹ ਗਿਆ। ਖਾਧ-ਪਦਾਰਥਾਂ ਦੀਆਂ ਕੀਮਤਾਂ ਆਸਮਾਨ ਛੂੰਹਣ ਲੱਗੀਆਂ। ਲੋਕੀ ਰੋਜ਼-ਮਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਤੜਪਣ ਲੱਗੇ। ਬੇਸ਼ਕ ਕਈ ਸਵੈ-ਸੇਵੀ ਸੰਸਥਾਵਾਂ ਨੇ ਆਪੋ-ਆਪਣੀ ਹੈਸੀਅਤ ਅਨੁਸਾਰ ਇਸ ਸੰਕਟ ਨੂੰ ਹਰਨ ਕਰਨ ਵਿਚ ਯੋਗਦਾਨ ਪਾਇਆ ਪਰ ਬਹੁਤੀਆਂ ਸਵੈ-ਸੇਵੀ ਸੰਸਥਾਵਾਂ ਸਵੈ-ਪ੍ਰਚਾਰ ਵੱਲ ਵਧੇਰੇ ਤੇ ਨਿਸ਼ਕਾਮ ਸੇਵਾ ਵੱਲ ਘੱਟ ਰੁਚਿਤ ਸਨ।

            ਤਾਲਾਬੰਦੀ ਦੇ ਸਰਕਾਰੀ ਐਲਾਨ ਨੂੰ ਪਹਿਲਾਂ-ਪਹਿਲ ਤਾਂ ਪੁਲਿਸ ਨੇ ਨਰਮੀ ਨਾਲ ਅਮਲ ਵਿਚ ਲਿਆਣ ਦੀ ਕੋਸ਼ਿਸ਼ ਕੀਤੀ ਪਰ ਅਨੇਕ ਲੋਕਾਂ ਵਲੋਂ ਤਾਲਾਬੰਦੀ ਦੇ ਲਗਾਤਾਰ ਉਲੰਘਣ ਨੇ ਸਰਕਾਰ ਤੇ ਪੁਲਿਸ ਨੁੰ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਬਹੁਤ ਵਾਰ ਲੋੜ੍ਹੀਂਦੀਆਂ ਵਸਤਾਂ ਜਾਂ ਦਵਾਈਆਂ ਦੀ ਲੋੜ ਪੂਰਤੀ ਲਈ ਲੋਕ ਅਕਸਰ ਤਾਲਾਬੰਦੀ ਦੀ ਉਲੰਘਣਾ ਕਰ ਜਾਂਦੇ। ਫਲਸਰੂਪ ਕਰਫ਼ਿਊ ਜਾਂ ਤਾਲਾਬੰਦੀ ਦਾ ਉਲੰਘਣ ਕਰਨ ਵਾਲੇ ਲੋਕਾਂ ਨੂੰ ਪੁਲਿਸ ਵਲੋਂ ਜ਼ਲੀਲ ਕਰਨ, ਬੈਠਕਾਂ ਕਢਾਉਣ, ਡਾਗਾਂ ਮਾਰਨ, ਨੱਕ ਨਾਲ ਲੀਕਾਂ ਕਢਾਉਣ ਦੀਆਂ ਖ਼ਬਰਾਂ ਆਮ ਆਉਣ ਲੱਗੀਆ। ਸਰਕਾਰ ਨੇ ਵੀ ਸਖ਼ਤ ਕਦਮ ਚੁੱਕਦੇ ਹੋਏ ਤਾਲਾਬੰਦੀ ਦਾ ਉਲੰਘਣ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਤੇ ਗ੍ਰਿਫ਼ਤਾਰ ਕਰਨ ਦੇ ਹੱਕ ਪੁਲਿਸ ਨੂੰ ਦੇ ਦਿੱਤੇ।

            ਤਾਲਾਬੰਦੀ ਨੂੰ ਲਗਭਗ ਤਿੰਨ ਹਫ਼ਤੇ ਹੋ ਚੁੱਕੇ ਸਨ ਤੇ ਹਾਲਾਤ ਵਿਚ ਕੋਈ ਸੁਧਾਰ ਨਜ਼ਰ ਨਹੀਂ ਸੀ ਆ ਰਿਹਾ। ਘਰਾਂ ਵਿਚ ਬੰਦ ਲੋਕ ਬਾਹਰ ਨਿਕਲਣ ਦਾ ਬਹਾਨਾ ਭਾਲ ਰਹੇ ਸਨ। ਕਈ ਜਗਹ ਘਰੇਲੂ ਹਿੰਸਾ ਦੇ ਕੇਸ ਵੀ ਨਜ਼ਰ ਆਉਣ ਲੱਗੇ ਸਨ। ਦੇਸ਼ ਵਿਚ ਕਰੋਨਾ ਵਾਇਰਸ ਕਾਰਣ ਬੀਮਾਰ ਲੋਕਾਂ ਦੀ ਵੱਧ ਰਹੀ ਗਿਣਤੀ ਦੇ ਮੱਦੇ-ਨਜ਼ਰ ਸਰਕਾਰ ਵਲੋਂ ਤਾਲਾ-ਬੰਦੀ ਦੇ ਅਰਸੇ ਵਿਚ ਵਾਧਾ ਕੀਤਾ ਜਾਣਾ ਸਪਸ਼ਟ ਨਜ਼ਰ ਆ ਰਿਹਾ ਸੀ। ਗੁਰਮੀਤ ਅਜਿਹੇ ਹੀ ਦੁਖਦਾਈ ਹਾਲਾਤਾਂ ਦਾ ਸ਼ਿਕਾਰ ਸੀ।

            ਅੱਜ ਸਵੇਰ ਤੋਂ ਹੀ ਉਸ ਨੂੰ ਅਚੱਵੀ ਲੱਗੀ ਹੋਈ ਸੀ ਘਰੋਂ ਬਾਹਰ ਜਾਣ ਦੀ, ਤੇ ਆਪਣਾ ਮਨਪਸੰਦ ਨਜ਼ਾਰਾ ਦੇਖਣ ਦੀ। ਆਪਣੇ ਘਰ ਵਿਚ ਇਕੱਲਾ ਉਹ ਤਿੰਨ ਹਫ਼ਤੇ ਤੋਂ ਬੰਦ ਸੀ। ਕੋਈ ਭਲਾ ਟੈਲੀਫੋਨ, ਟੀਵੀ ਜਾਂ ਕਿਤਾਬਾਂ ਨਾਲ ਕਿੰਨ੍ਹਾਂ ਚਿਰ ਮੱਥਾ ਮਾਰ ਸਕਦਾ ਹੈ। ਆਖਰਕਾਰ, ਮਨੁੱਖ ਸਮਾਜਿਕ ਜੀਵ ਹੀ ਤਾਂ ਹੈ ਤੇ ਹੋਰਨਾਂ ਦੀ ਸੰਗਤ ਭਾਲਦਾ ਹੈ। ਜੇ ਮਨੁੱਖੀ ਸੰਗਤ ਦੀ ਸੰਭਾਵਨਾ ਨਹੀਂ ਤਾਂ ਘੱਟੋ-ਘੱਟ ਕੁਦਰਤ ਦੀ ਸੰਗਤ ਮਾਨਣ ਦੀ ਤਾਂ ਇਜ਼ਾਜ਼ਤ ਹੋਣੀ ਹੀ ਚਾਹੀਦੀ ਹੈ। ਕੁਦਰਤ ਦੀ ਸੰਗਤ ਕਰਨ ਵਿਚ ਤਾਂ ਸਮਾਜਿਕ-ਦੂਰੀ ਬਣਾਈ ਰੱਖਣ ਦੇ ਨਿਯਮ ਦੀ ਉਲੰਘਣਾ ਨਹੀਂ ਹੋ ਸਕਦੀ, ਉਸ ਸੋਚਿਆ। ਚਲੋਂ, ਦਿਨ੍ਹੇ ਨਾ ਸਹੀ, ਰਾਤ ਨੂੰ ਬਾਹਰ ਕਿਸੇ ਨੂੰ ਮਿਲਣ ਦੀ ਸੰਭਾਵਨਾ ਤਾਂ ਸਿਫ਼ਰ ਹੀ ਹੋਵੇਗੀ। ਅਜਿਹੀ ਹਾਲਤ ਵਿਚ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਹੋਵੇਗਾ। ਇਸੇ ਦਲੀਲ ਦੇ ਮੱਦੇ-ਨਜ਼ਰ ਉਸ ਨੇ ਰਾਤ ਨੂੰ ਦਰਿਆ ਕਿਨਾਰੇ ਆਪਣੇ ਮਨਪੰਸਦੀਦਾ ਸਥਾਨ ਦੀ ਸੈਰ ਦਾ ਫੈਸਲਾ ਕਰ ਹੀ ਲਿਆ।

            ਰਾਤ ਦੇ ਸਾਢੇ ਨੋਂ ਵੱਜ ਰਹੇ ਸਨ। ਜਿਵੇਂ ਹੀ ਉਹ ਘਰੋਂ ਬਾਹਰ ਨਿਕਲਿਆ। ਹਲਕੀ ਹਲਕੀ ਚੰਨ ਚਾਨਣੀ ਨੇ ਆਲਾ ਦੁਆਲਾ ਰੁਸ਼ਨਾਇਆ ਹੋਇਆ ਸੀ। ਚੰਨ ਚਾਨਣੀ ਵਿਚ ਦੂਰ ਤੱਕ ਨਜ਼ਰ ਆ ਰਹੀ ਸਲੇਟੀ ਰੰਗੀ ਫੁੱਟਪਾਥ ਉੱਤੇ ਉਸ ਝਾਤ ਮਾਰੀ। ਕਿਧਰੇ ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ। ਉਸ ਸੁੱਖ ਦਾ ਸਾਹ ਲਿਆ। ਅਗਲੇ ਪਲ ਉਹ ਲੰਮੇ ਲੰਮੇ ਕਦਮ ਪੁੱਟਦਾ, ਸਤਲੁਜ ਦਰਿਆ ਵੱਲ ਜਾਂਦੇ ਰਾਹ ਲਈ ਤੁਰ ਪਿਆ। ਠੰਢੀ ਠੰਢੀ ਹਵਾ ਦੀਆਂ ਲਹਿਰਾਂ ਉਸ ਦੇ ਚਿਹਰੇ ਨੂੰ ਸਹਿਲਾ ਰਹੀਆਂ ਸਨ।

            ਪਿਛਲੇ ਸਾਲਾਂ ਦੌਰਾਨ, ਉਹ ਇਸ ਰਸਤੇ ਉੱਤੋਂ ਹਜ਼ਾਰਾਂ ਵਾਰ ਲੰਘਿਆ ਸੀ। ਕਈ ਕਈ ਘੰਟੇ ਦੀ ਸੈਰ ਬਾਅਦ, ਉਹ ਅੱਧੀ ਰਾਤ ਨੂੰ ਘਰ ਮੁੜਦਾ। ਰਸਤੇ ਵਿਚ ਕਾਲੀਆਂ ਬਾਰੀਆਂ ਵਾਲੀਆਂ ਝੁੱਗੀਆਂ ਤੇ ਮਕਾਨ ਨਜ਼ਰ ਪੈਂਦੇ, ਜਿਨ੍ਹਾ ਕੋਲੋਂ ਲੰਘਣਾ ਕਿਸੇ ਕਬਰਸਿਤਾਨ ਵਿਚੋਂ ਲੰਘਣ ਵਾਂਗ ਸੀ। ਬਿਲਕੁਲ ਚੁੱਪ-ਚਾਂ। ਕਦੇ ਕਦੇ ਕੋਈ ਜੁਗਨੂੰ ਇਨ੍ਹਾਂ ਬਾਰੀਆਂ ਦੇ ਹਨੇਰੇ ਵਿਚ ਟਿਮਟਿਮਾਂਦਾ ਨਜ਼ਰ ਪੈ ਜਾਂਦਾ। ਕਿਧਰੇ ਕਿਸੇ ਬਾਰੀ ਦੇ ਹਟੇ ਹੋਏ ਪਰਦੇ ਕਾਰਣ, ਕਮਰੇ ਦੀਆਂ ਅੰਦਰੂਨੀ ਦੀਵਾਰਾਂ ਉੱਤੇ ਕੋਈ ਸਲੇਟੀ ਰੰਗੀ ਪ੍ਰਛਾਈ ਨਜ਼ਰ ਪੈਦੀ। ਕਿਧਰੇ ਕਿਸੇ ਖੁੱਲੀ ਖਿੜਕੀ 'ਚੋਂ ਹਲਕੀ ਹਲਕੀ ਘੁਸਰ-ਮੁਸਰ ਕੰਨ੍ਹੀ ਪੈਂਦੀ। ਵਿਕਾਸ ਇਕ ਪਲ ਲਈ ਰੁਕਦਾ, ਫੁਸਫੁਸਾਹਟ ਵੱਲ ਬਿਨ੍ਹਾਂ ਧਿਆਨ ਦਿੱਤੇ, ਆਲੇ ਦਆਲੇ ਦੇਖਦਾ ਤੇ ਪਥਰੀਲੀ ਸੜਕ ਉੱਤੇ ਬਗੈਰ ਆਵਾਜ਼ ਕੀਤੇ ਤੁਰ ਪੈਂਦਾ।

            ਕਾਫ਼ੀ ਅਰਸਾ ਪਹਿਲਾਂ ਉਸ ਨੇ ਰਾਤ ਨੂੰ ਚਹਿਲ ਕਦਮੀ ਲਈ ਸਨਿਕਰ ਪਾਣੇ ਸ਼ੁਰੂ ਕਰ ਦਿੱਤੇ ਸਨ। ਜਦ ਉਹ ਸਖਤ ਅੱਡੀ ਵਾਲੇ ਬੂਟ ਪਾਂਦਾ ਸੀ, ਪੈਰਾਂ ਦੇ ਖੜਾਕ ਕਾਰਣ ਕਈ ਵਾਰ ਕੁੱਤਿਆਂ ਦੇ ਝੁੰਡ ਭੌਂਕਦੇ ਹੋਏ, ਉਸ ਦੇ ਨਾਲ ਨਾਲ ਚੱਲਣ ਲਗਦੇ। ਜਿਸ ਕਾਰਣ ਰਾਹ ਨੇੜਲੇ ਘਰਾਂ ਵਾਲੇ ਡਰ ਜਾਂਦੇ ਕਿ ਪਤਾ ਨਹੀਂ ਕਿਹੜਾ ਬੰਦਾ ਅੱਧੀ ਰਾਤ ਨੂੰ ਬੇਵਜਹ ਤੁਰਿਆ ਫ਼ਿਰਦਾ ਹੈ। ਉਸ ਸ਼ਾਮ, ਉਸ ਨੇ ਦਰਿਆ ਦੇ ਨਾਲ ਨਾਲ ਉੱਤਰ ਦਿਸ਼ਾ ਵੱਲ ਆਪਣੀ ਸੈਰ ਸ਼ੁਰੂ ਕਰ ਲਈ। ਕੁਝ ਦੇਰ ਬਆਦ ਫੁੱਟਪਾਥ ਤੋਂ ਉੱਤਰ ਉਸ ਘਾਹ ਵਾਲੀ ਪਗਡੰਡੀ ਫੜ ਲਈ। ਰੁਮਕ ਰਹੀ ਹਵਾ, ਰੁੱਖਾਂ ਦੇ ਪੱਤਿਆਂ ਵਿਚ ਹਲਕੀ ਹਲਕੀ ਸਰਸਰਾਹਟ ਪੈਦਾ ਕਰ ਰਹੀ ਸੀ। ਨਰਮ ਸਨਿਕਰਾਂ ਦਾ, ਗੁਦਗੁਦੀ ਘਾਹ ਉੱਤੇ ਦਬਾਅ ਮਹਿਸੂਸ ਕਰਦੇ ਉਸ ਨੇ ਤਸੱਲੀ ਜਿਹੀ ਮਹਿਸੂਸ ਕੀਤੀ। ਹੋਲੇ ਹੋਲੇ ਗੁਣਗੁਣਾਂਦਾ, ਕਦੇ ਹੇਠਾਂ ਗਿਰੇ ਕਿਸੇ ਪੱਤੇ ਨੂੰ ਚੁੱਕ, ਚੰਦ ਚਾਨਣੀ ਵਿਚ ਨਿਹਾਰਦਾ, ਤੇ ਬਸੰਤ ਦੇ ਮੌਸਮ ਦੀਆਂ ਵੰਨ-ਸੁਵੰਨੀਆਂ ਮਹਿਕਾਂ ਦਾ ਆਨੰਦ ਮਾਣਦਾ, ਉਹ ਆਪਣੀ ਹੀ ਦੁਨੀਆਂ ਵਿਚ ਗੁਆਚ ਗਿਆ ਸੀ।

            ਸੱਭ ਪਾਸੇ ਚੁੱਪ ਦਾ ਮਾਹੌਲ ਸੀ। ਕਿਸੇ ਪਹਾੜੀ ਵਾਦੀ ਦੇ ਅੰਬਰ ਵਿਚ ਉੱਡ ਰਹੇ ਬਾਜ਼ ਦੀ ਤੈਰ ਰਹੀ ਛਾਂ ਵਾਂਗ, ਉਸ ਦੀ ਛਾਂ ਸ਼ਾਂਤਮਈ ਮਾਹੌਲ ਵਿਚ ਚਲ ਰਹੀ ਸੀ। ਦੂਰ ਪਰੇ ਪਹਾੜੀ ਟੀਸੀ ਉੱਤੇ ਬਣੇ ਘਰ 'ਚੋਂ ਹਾਸੇ ਦੀ ਹਲਕੀ ਹਲਕੀ ਫ਼ੁਹਾਰ ਹਵਾ ਦੀਆਂ ਲਹਿਰਾਂ ਸੰਗ ਤੈਰਦੀ ਸੁਣਾਈ ਦਿੱਤੀ। ਉਹ ਠਿਠਕਿਆ ਤੇ ਪਲ ਕੁ ਲਈ ਰੁਕਿਆ। ਕੁਝ ਹੋਰ ਸੁਣਾਈ ਨਾ ਦੇਣ ਉੱਤੇ ਫਿਰ ਚਲ ਪਿਆ। ਪਹਾੜੀ ਪਗਡੰਡੀ ਦੇ ਓਬੜ-ਖਾਬੜ ਰਾਹ ਉੱਤੇ ਉਸ ਨੂੰ ਠੋਕਰ ਲੱਗੀ, ਪਰ ਉਹ ਸੰਭਲ ਗਿਆ।

            ਫਿਰ ਸਤਲੁਜ ਦੇ ਲਿਸ਼ਕਾਂ ਮਾਰਦੇ ਪਾਣੀਆਂ ਕੋਲ, ਸਿੱਲੇ ਸਿੱਲੇ ਘਾਹ ਉੱਤੇ, ਨਿੰਮੀ ਨਿੰਮੀ ਠੰਢ ਦਾ ਆਨੰਦ ਮਾਣਦੇ ਉਹ ਪਤਾ ਨਹੀਂ ਕਿੰਨ੍ਹੀ ਕੁ ਦੇਰ ਬੈਠਾ ਰਿਹਾ, ਆਪਣੇ ਖਿਆਲਾਂ ਵਿਚ ਗੁਆਚਾ ਹੋਇਆ। ਮਾਹੌਲ ਦੀ ਦਿਲਕਸ਼ੀ ਨੇ ਜਿਵੇਂ ਉਸ ਨੂੰ ਬੰਨ੍ਹ ਲਿਆ ਸੀ। ਅਚਾਨਕ ਹੀ ਉਸ ਦੀ ਨਜ਼ਰ ਹੱਥ-ਘੜੀ ਉੱਤੇ ਪਈ। ਰਾਤ ਦੇ 11.45 ਵੱਜ ਚੁੱਕੇ ਸਨ। ਉਸ ਨੂੰ ਘਰ ਵਾਪਸ ਮੁੜਣ ਦਾ ਖਿਆਲ ਆਇਆ। ਉਹ ਅਣਮਣੇ ਮਨ ਨਾਲ ਉੱਠਿਆ ਤੇ ਹੌਲੇ ਹੌਲੇ ਵਾਪਸ ਤੁਰ ਪਿਆ। ਪਿਛਲੇ ਸਾਲਾਂ ਦੌਰਾਨ, ਦਿਨ ਜਾਂ ਰਾਤ ਦੇ ਸਮੇਂ, ਇਸ ਰਾਹ ਉੱਤੇ ਘੁੰਮਦਿਆਂ ਉਸ ਨੂੰ ਕਦੇ ਵੀ ਕੋਈ ਨਹੀਂ ਸੀ ਮਿਲਿਆ, ਇਕ ਵੀ ਰਾਹੀ ਨਹੀਂ।


           
ਹੋਲੇ ਹੋਲੇ ਪੈਰਾਂ ਹੇਠੋਂ ਘਾਹ ਦਾ ਮਖ਼ਮਲੀ ਗੱਦਾ ਗਾਇਬ ਹੋ ਗਿਆ। ਤੇ ਉਹ ਉਸ ਚੁਰਸਤੇ 'ਚ ਪਹੁੰਚ ਗਿਆ ਜਿਥੇ ਦੋ ਮੁਖ ਸੜਕਾਂ ਇਕ ਦੂਜੇ ਨੂੰ ਮਿਲ ਰਹੀਆਂ ਸਨ। ਪਹਿਲੇ ਦਿਨ੍ਹਾਂ ਵਿਚ, ਇਸ ਚੁਰਸਤੇ ਵਿਖੇ ਕਾਰਾਂ, ਬੱਸਾਂ, ਤੇ ਟਰੱਕਾਂ ਆਦਿ ਦਾ ਜਮਘਟ ਲੱਗਾ ਰਹਿੰਦਾ ਸੀ। ਵਾਹਣਾਂ ਤੋਂ ਨਿਕਲ ਰਿਹਾ ਧੂੰਆਂ, ਭੌਂਪੂਆਂ ਦੀਆਂ ਭਿੰਨ ਭਿੰਨ ਆਵਾਜ਼ਾਂ, ਤੇ ਲੋਕਾਂ ਦਾ ਰੋਲਾ ਰੱਪਾ ਆਲੇ ਦੁਆਲੇ ਦੇ ਮਾਹੌਲ ਨੂੰ ਗੜਬੜਾ ਜਾਂਦਾ ਸੀ। ਪਰ ਹੁਣ, ਇਹ ਸੜਕਾਂ, ਚੰਨ ਚਾਨਣੀ ਵਿਚ, ਸੁੱਕੀ ਨਦੀ ਦੇ ਪੱਥਰਾਂ ਜੜੇ ਤਲ ਵਾਂਗ ਜਾਪ ਰਹੀਆਂ ਸਨ।


           
ਚੁਰਸਤੇ ਦਾ ਘੁੰਮੇਟਾ ਪੂਰਾ ਕਰ, ਉਹ ਘਰ ਵੱਲ ਜਾ ਰਹੇ ਰਾਹ ਉੱਤੇ ਜਾ ਪੁੱਜਾ। ਅਜੇ ਉਹ ਆਪਣੇ ਘਰ ਵੱਲ ਨੂੰ ਜਾਂਦੀ ਗਲੀ ਦੇ ਮੋੜ ਕੋਲ ਹੀ ਪੁੱਜਿਆ ਸੀ ਕਿ ਇਕ ਕਾਰ ਅਚਾਨਕ ਮੋੜ ਮੁੜੀ ਤੇ ਉਸ ਨੇ ਉਸ ਉੱਤੇ ਤੇਜ਼ ਰੌਸ਼ਨੀ ਫ਼ੋਕਸ ਕਰ ਦਿੱਤੀ। ਇਕ ਪਤੰਗੇ ਦੇ ਰੌਸ਼ਨੀ ਵੱਲ ਖਿੱਚੇ ਜਾਣ ਵਾਂਗ, ਹੱਕਾ-ਬੱਕਾ ਹੋ, ਉਹ ਉਸ ਰੋਸ਼ਨੀ ਵੱਲ ਖਿੱਚਿਆ ਗਿਆ।

 

ਇਕ ਖਰਵ੍ਹੀ ਆਵਾਜ਼ ਸੁਣਾਈ ਦਿੱਤੀ।

"
ਕੌਣ ਹੈ ਤੂੰ? ਖੜ੍ਹਾ ਰਹਿ ਜਿਥੇ ਹੈਂ।.......ਹਿੱਲਣਾ ਨਹੀਂ।"

ਉਹ ਰੁਕ ਗਿਆ।

"
ਹੱਥ ਖੜ੍ਹੇ ਕਰ ਉਪਰ ਵੱਲ। ਨਹੀਂ ਤਾਂ ਗੋਲੀ ਮਾਰ ਦਊ।" ਹਵਾ ਵਿਚ ਪਿਸਤੌਲ ਲਹਿਰਾ ਰਹੇ ਵਿਅਕਤੀ ਦੇ ਖਰਵ੍ਹੇ ਬੋਲ ਸਨ।

ਪਿਛਲੇ ਦਿਨ੍ਹੀਂ ਤਾਲਾ-ਬੰਦੀ ਕਾਰਣ, ਲੋਕ ਘਰੋਂ-ਘਰੀ ਹੋਣ ਕਾਰਣ, ਕਿਧਰੇ ਵੀ ਚੋਰੀ ਜਾਂ ਲੁੱਟ-ਖੋਹ ਦੀ ਕੋਈ ਵੀ ਵਾਰਦਾਤ ਸੁਣਾਈ ਨਹੀਂ ਸੀ ਦਿੱਤੀ। ਪਰ ਫਿਰ ਵੀ ਪੁਲਿਸ ਰਾਤ ਨੂੰ ਖਾਲੀ ਸੜਕਾਂ ਉੱਤੇ ਅਕਸਰ ਗੇੜਾ ਮਾਰਦੀ ਰਹਿੰਦੀ ਸੀ।

"
ਕੀ ਨਾਂ ਏ ਤੇਰਾ?" ਰੁੱਖੇ ਬੋਲ ਹਵਾ ਵਿਚ ਲਹਿਰਾ ਗਏ।

ਅੱਖਾਂ ਵਿਚ ਪੈ ਰਹੀ ਤੇਜ਼ ਰੌਸ਼ਨੀ ਕਾਰਣ ਗੁਰਮੀਤ ਨੂੰ ਬੋਲ ਰਿਹਾ ਵਿਅਕਤੀ ਸਾਫ਼ ਸਾਫ਼ ਨਜ਼ਰ ਨਹੀਂ ਸੀ ਆ ਰਿਹਾ।

"
ਜੀ! ਗੁਰਮੀਤ "

"
ਪੂਰਾ ਨਾਮ ਬੋਲ!" ਰੋਹਬ ਭਰੀ ਆਵਾਜ਼ ਸੁਣਾਈ ਦਿੱਤੀ।

"
ਗੁਰਮੀਤ ਸਿੰਘ "

"
ਕੀ ਕੰਮ ਕਰਦਾ ਏਂ?"

"
ਜੀ! ਕਵੀ ਹਾਂ।"

"
ਇਹ ਵੀ ਕੋਈ ਕੰਮ ਹੈ....... ਵਿਹਲੜ੍ਹ ਕਿਸੇ ਥਾਂ ਦਾ ਨਾ ਹੋਵੇ ਤਾਂ" ਉਹ ਵਿਅਕਤੀ ਬੁੜਬੁੜਾਇਆ।

ਕਾਰ ਦੀ ਤੇਜ਼ ਰੌਸ਼ਨੀ ਵਿਚ ਉਹ ਇੰਝ ਨਜ਼ਰ ਆ ਰਿਹਾ ਸੀ ਜਿਵੇਂ ਕਿ ਉਹ ਕਿਸੇ ਅਜਾਇਬ ਘਰ ਦੇ ਸ਼ੋਅ ਕੇਸ ਵਿਚ ਟਿਕਾਇਆ ਨਮੂਨਾ ਹੋਵੇ।

"
ਤੁਸੀਂ ਅਜਿਹਾ ਕਹਿ ਸਕਦੇ ਹੋ।" ਗੁਰਮੀਤ ਦੇ ਬੋਲ ਸਨ।

ਉਸ ਨੇ ਪਿਛਲੇ ਕਈ ਸਾਲਾਂ ਤੋਂ ਕੁਝ ਵੀ ਨਹੀਂ ਸੀ ਲਿਖਿਆ। ਮੈਗਜ਼ੀਨ ਤੇ ਕਿਤਾਬਾਂ ਹੁਣ ਵਿਕਦੀਆਂ ਨਹੀਂ ਸਨ। ਮਕਬਰਿਆਂ ਵਰਗੇ ਘਰਾਂ ਵਿਚ ਲੋਕ, ਰਾਤ ਸਮੇਂ, ਟੈਲੀਵਿਯਨ ਤੋਂ ਨਿਕਲ ਰਹੀ ਰੰਗ-ਬਰੰਗੀ ਮੱਧਮ ਰੌਸ਼ਨੀ ਵਿਚ, ਮੁਰਦਿਆ ਵਾਂਗ ਬੈਠੇ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਬੇਦਿਲੀ ਨਾਲ ਦੇਖਦੇ ਰਹਿੰਦੇ ਸਨ।

"
ਕੋਈ ਕੰਮ ਨਹੀਂ ਕਰਦਾ ਤੂੰ" ਫੁੰਕਾਰੇ ਵਰਗੀ ਆਵਾਜ਼ ਸੀ। "ਇਥੇ ਕੀ ਕਰ ਰਿਹਾ ਏਂ ਇਸ ਵਕਤ?"

"
ਸੈਰ ਕਰ ਰਿਹਾ ਸਾਂ।" ਗੁਰਮੀਤ ਦੇ ਬੋਲ ਸਨ।

"
ਸੈਰ ਕਰ ਰਿਹਾ ਸੀ?"

"
ਜੀ ਹਾਂ।" ਉਹ ਬੋਲਿਆ। ਪਰ ਉਸ ਦਾ ਚਿਹਰਾ ਬੇਹਿੱਸ ਜਾਪ ਰਿਹਾ ਸੀ।

"
ਸੈਰ! ਸਿਰਫ਼ ਸੈਰ ਜਾਂ ਕੁੱਝ ਹੋਰ!"

"
ਜੀ ਸਿਰਫ਼ ਸੈਰ!"

"
ਸੈਰ! ਕਿਥੇ? ਕਿਉਂ?"

"
ਤਾਜ਼ੀ ਹਵਾ ਲੈਣ ਲਈ।..........ਚਾਨਣੀ ਰਾਤ ਦਾ ਨਜ਼ਾਰਾ ਦੇਖਣ ਲਈ।"

"
ਤੇਰਾ ਪਤਾ?"

"
ਜੀ! ਪੰਦਰਾਂ, ਅਜੀਤ ਨਗਰ।"

"
ਗੁਰਮੀਤ ਸਿੰਘ! ਤੇਰੇ ਘਰ ਏਅਰ ਕੰਡੀਸ਼ਨਰ ਹੈ ਤੇ ਠੰਢੀ ਹਵਾ ਵੀ। ਕਿਉਂ ਹੈ ਨਾ?"

"
ਜੀ"

"
ਤੇ ਤੇਰੇ ਘਰ ਟੈਲੀਵਿਜ਼ਨ ਵੀ ਹੈ ਨਜ਼ਾਰੇ ਦੇਖਣ ਲਈ?"

"
ਨਹੀਂ।"

"
ਨਹੀਂ?" ਇਲਜ਼ਾਮੀ ਭਾਵ ਵਾਲੀ ਚਰਮਰੀ ਜਿਹੀ ਚੁੱਪ ਸੀ। "ਕੀ ਤੂੰ ਸ਼ਾਦੀ-ਸ਼ੁਦਾ ਏਂ?"

"
ਨਹੀਂ।" ਉਹ ਬੋਲਿਆ।

"
ਸ਼ਾਦੀ-ਸ਼ੁਦਾ ਨਹੀਂ।" ਤੇਜ਼ ਰੌਸ਼ਨੀ ਦੇ ਓਹਲੇ ਖੜ੍ਹੇ ਵਿਅਕਤੀ ਦੇ ਬੋਲ ਸਨ।

ਤਾਰਿਆਂ ਜੜ੍ਹੇ ਆਸਮਾਨ ਵਿਚ ਚੰਨ ਕਾਫ਼ੀ ਉੱਚਾ ਨਜ਼ਰ ਆ ਰਿਹਾ ਸੀ। ਸਲੇਟੀ ਰੰਗੇ ਘਰ ਚੁੱਪ-ਚਾਪ ਸਨ।

"
ਕਦੇ ਮੌਕਾ ਹੀ ਨਹੀਂ ਮਿਲਿਆ।" ਹਲਕਾ ਜਿਹਾ ਮੁਸਕਰਾਂਦੇ ਗੁਰਮੀਤ ਬੋਲਿਆ।

"
ਚੁੱਪ ਰਹਿ! ਜਦ ਤਕ ਕੁਝ ਪੁੱਛਿਆ ਨਹੀਂ ਜਾਂਦਾ।"

ਠੰਢੀ ਰਾਤ ਵਿਚ ਗੁਰਮੀਤ ਚੁੱਪ ਚਾਪ ਖੜ੍ਹਾ ਸੀ।

"
ਸਿਰਫ਼ ਸੈਰ ਕਰ ਰਿਹਾ ਸੀ ਤੂੰ?"

"
ਜੀ।"

"
ਪਰ ਤੂੰ ਇਸ ਦਾ ਕਾਰਣ ਨਹੀਂ ਦੱਸਿਆ?"

"
ਮੈਂ ਦੱਸਿਆ ਤਾਂ ਸੀ ਜੀ, ਹਵਾ-ਖੋਰੀ ਲਈ।"

"
ਕਿੰਨੇ ਦਿਨ੍ਹਾਂ ਤੋਂ ਅਜਿਹਾ ਕਰ ਰਿਹਾ ਹੈ?"

"
ਪਿਛਲੇ ਸਾਲਾਂ ਵਿਚ ਲਗਭਗ ਹਰ ਰੋਜ਼, ਪਰ ਤਾਲਾ-ਬੰਦੀ ਦੌਰਾਨ ਪਹਿਲੀ ਵਾਰ।"

ਉਸ ਵਿਅਕਤੀ ਦੀ ਕਾਰ ਗਲੀ ਦੇ ਠੀਕ ਵਿਚਕਾਰ ਖੜ੍ਹੀ ਸੀ। ਇਸ ਦੇ ਰੇਡੀਓ ਸੈੱਟ ਦੀ ਭਿੰਨਭਿਨਾਹਟ ਲਗਾਤਾਰ ਜਾਰੀ ਸੀ।

"
ਠੀਕ ਹੈ।" ਖੁਸ਼ਕ ਜਿਹੇ ਬੋਲ ਸਨ 

 

"ਬੱਸ! ਜਾਂ ਹੋਰ ਕੁਝ?" ਗੁਰਮੀਤ ਨੇ ਨਿਮਰ ਭਾਵ ਨਾਲ ਪੁੱਛਿਆ।

"
ਹੂੰ!.......ਇਧਰ ਆ।" ਕਠੋਰਤਾ ਭਰੇ ਬੋਲ ਸੁਣਾਈ ਦਿੱਤੇ

ਅਚਾਨਕ ਦਰਵਾਜ਼ਾ ਖੁੱਲਣ ਦੀ ਚਰਮਰਾਹਟ ਸੁਣਾਈ ਦਿੱਤੀ। ਕਾਰ ਦਾ ਪਿਛਲਾ ਦਰਵਾਜ਼ਾ ਖੁੱਲ ਚੁੱਕਾ ਸੀ।

"
ਚੱਲ! ਬੈਠ।"

"
ਠਹਿਰੋ! ਮੈਂ ਤਾਂ ਕੁਝ ਗਲਤ ਨਹੀਂ ਕੀਤਾ।"

"
ਬੈਠਦਾ ਕਿ ਦੱਸਾਂ ਤੈਨੂੰ।" ਗੁੱਸੇ ਤੇ ਰੋਹਬ ਭਰੀ ਆਵਾਜ਼ ਸੀ।

"
ਪਰ ਮੇਰਾ ਜੁਰਮ ਕੀ ਹੈ?"

"
ਚੱਲ ਤਾਂ ਸਹੀ, ਤੂੰ ਆਪੇ ਬੋਲੇਗਾ ਆਪਣਾ ਜੁਰਮ।"

"
ਪਰ ਕਿਉਂ?"

"
ਬਾਹਲਾ ਅਣਜਾਣ ਨਾ ਬਣ। ਤੂੰ ਕਾਨੂੰਨ ਦੀ ਉਲੰਘਣਾ ਕੀਤੀ ਹੈ।"

"
ਕਿਹੜੀ ਉਲੰਘਣਾ?

"
ਹੱਛਾ! ਜਾਨਣਾ ਚਾਹੁੰਣਾ ਹੈ ਤਾਂ ਸੁਣ।........ਪਹਿਲਾਂ ਤਾਂ ਤੂੰ ਅੱਧੀ ਰਾਤ ਵੇਲੇ ਕੰਧਾਂ-ਕੋਠੇ ਟੱਪਦਾ ਫੜ੍ਹਿਆ ਗਿਆ ਏ। ਦੂਸਰਾ ਤੇਰਾ ਕਸੂਰ ਹੈ ਤਾਲਾਬੰਦੀ ਦੀ ਉਲੰਘਣਾ, ਤੀਸਰਾ ਕਸੂਰ ਹੈ ਕਾਨੂੰਨੀ ਕੰਮ ਵਿਚ ਰੁਕਾਵਟ ਤੇ ਮੌਕੇ ਦੇ ਅਫ਼ਸਰ ਨਾਲ ਜਵਾਬ-ਤਲਬੀ, ਚੌਥਾ.........ਚੋਰੀ ਜਾਂ ਕਤਲ ਦਾ ਇਰਾਦਾ ਵੀ ਹੋ ਸਕਦਾ ਹੈ।"

"
ਮੇਰਾ ਤਾਂ ਅਜਿਹਾ ਕੋਈ .........." ਬੋਲ ਅਜੇ ਉਸ ਦੇ ਮੂੰਹ ਵਿਚ ਹੀ ਸਨ, ਕਿ ਉਸ ਵਿਅਕਤੀ ਨੇ ਅੱਗੇ ਵੱਧ, ਉਸ ਨੂੰ ਕਾਲਰ ਤੋਂ ਫੜ੍ਹ ਕਾਰ ਵੱਲ ਖਿੱਚ ਲਿਆ।

ਉਹ ਲੜਖੜਾ ਗਿਆ। ਗੁੱਸੇ ਨਾਲ ਭਰੇ ਪੀਤੇ ਉਸ ਵਿਅਕਤੀ ਨੇ ਉਸ ਨੂੰ ਧੱਕਾ ਦੇ ਕਾਰ ਦੀ ਪਿਛਲੀ ਸੀਟ ਉੱਤੇ ਸੁੱਟ ਦਿੱਤਾ ਤੇ ਕਾਰ ਦਾ ਦਰਵਾਜ਼ਾ ਪੂਰੇ ਜ਼ੋਰ ਨਾਲ ਠਾਹ ਮਾਰਿਆ। ਠਾਹ ਦੀ ਉੱਚੀ ਆਵਾਜ਼ ਰਾਤ ਦੇ ਸੰਨਾਟੇ ਨੂੰ ਚੀਰ ਗਈ। ਨੇੜਲੇ ਕੁਝ ਕੁ ਘਰਾਂ ਦੀਆਂ ਬੱਤੀਆਂ ਜਗ ਪਈਆਂ, ਪਰ ਬਾਹਰ ਕੋਈ ਨਾ ਨਿਕਲਿਆ।

ਕਾਰ ਦੀ ਪਿਛਲੀ ਸੀਟ ਉੱਤੇ ਡਿੱਗੇ ਗੁਰਮੀਤ ਨੂੰ, ਆਲੇ ਦੁਆਲੇ ਫੈਲੀ ਪਸੀਨੇ, ਸ਼ਰਾਬ ਤੇ ਸਿਗਰਟਾਂ ਦੀ ਬਦਬੂ ਨੇ ਘੇਰ ਲਿਆ ਸੀ। ਕਾਰ ਦੀ ਸਖ਼ਤ ਸੀਟ ਉਸ ਨੂੰ ਡਾਢੀ ਅਸੁਖਾਂਵੀ ਲਗ ਰਹੀ ਸੀ। ਇਹ ਸਚਮੁੱਚ ਹੀ ਕਿਸੇ ਮਿੰਨੀ ਜੇਲ ਵਿਚ ਬੰਦ ਹੋਣ ਵਰਗਾ ਅਹਿਸਾਸ ਸੀ।

"
ਜੇ ਤੇਰਾ ਕੋਈ ਵਾਕਿਫ਼ ਹੈ ਤਾਂ.........." ਕਾਰ ਦੀ ਅਗਲੀ ਸੀਟ 'ਤੇ ਬੈਠੇ ਵਿਅਕਤੀ ਦੇ ਰੁੱਖੇ ਬੋਲ ਸਨ।

 

"ਪਰ, ਤੁਸੀਂ ਮੈਨੂੰ ਲਿਜਾ ਕਿੱਥੇ ਰਹੇ ਹੋ?"

 

"ਸਦਰ ਥਾਣਾ।" ਡਰਾਇਵਰ ਨੂੰ ਚੱਲਣ ਦਾ ਇਸ਼ਾਰਾ ਕਰਦਿਆਂ ਉਹ ਬੋਲਿਆ।

ਕਾਰ ਦੇ ਸਟਾਰਟ ਹੋਣ ਦੀ ਆਵਾਜ਼ ਸੁਣਾਈ ਦਿੱਤੀ।  ਤੇ ਅਗਲੇ ਹੀ ਪਲ ਆਪਣੀਆਂ ਮੱਧਮ ਹੈੱਡ-ਲਾਇਟਾਂ ਨਾਲ, ਰਾਤ ਦੇ ਹਨੇਰੇ ਨੂੰ ਚੀਰਦੀ ਇਕ ਕਾਰ ਸੜਕ ਉੱਤੇ ਦੌੜ੍ਹੀ ਜਾ ਰਹੀ ਸੀ।

------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।


ਕਰੋਨਾ ਵਾਇਰਸ ਬਾਰੇ ਬਾਲਾਂ ਲਈ ਵਿਗਿਆਨ ਗਲਪ ਕਹਾਣੀ

ਕਰੋਨਾ.......ਕਰੋਨਾ......ਗੋ ਅਵੇ

 

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

 


"
ਮੰਮੀ ! ਮੰਮੀ! ਮੇਰਾ ਲੰਚ ਬਾਕਸ ਕਿੱਥੇ ਹੈ? ਜਲਦੀ ਕਰੋ, ਸਕੂਲ ਬੱਸ ਆਉਣ ਵਾਲੀ ਹੈ," ਮੰਨਤ ਦੀ ਆਵਾਜ਼ ਸੀ।
"
ਓਹ ਬੇਟਾ! ਅੱਜ ਸਕੂਲ ਬੱਸ ਨਹੀਂ ਆਵੇਗੀ।" ਰਸੋਈ ਤੋਂ ਮੰਮੀ ਦੀ ਆਵਾਜ਼ ਆਈ।
"
ਪਰ ਕਿਉਂ?" ਆਇਨ ਨੇ ਪੁੱਛਿਆ।
"
ਸਕੂਲ ਬੰਦ ਜੂ ਕਰ ਦਿੱਤੇ ਨੇ ਤਿੰਨ ਹਫ਼ਤੇ ਲਈ ਸਰਕਾਰ ਨੇ।"
"
ਕਿਉਂ?"
"
ਬੇਟਾ! ਸ਼ਹਿਰ ਵਿਚ ਕਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੈ।"

ਜਿਵੇਂ ਹੀ ਜਸਪ੍ਰੀਤ ਨਾਈਟ ਸੂਟ ਪਹਿਨੀ ਡਰਾਇੰਗ ਰੂਮ ਵਿਚ ਆਇਆ, ਹੈਰਾਨ ਹੋਇਆ ਗੁਰਵੀਰ ਬੋਲਿਆ;
"
ਪਾਪਾ! ਤੁਸੀਂ ਵੀ ਅਜੇ ਤਿਆਰ ਨਹੀਂ ਹੋਏ। ਦਫ਼ਤਰ ਨਹੀਂ ਜਾਣਾ ਅੱਜ?"
"
ਨਹੀਂ ਗੁਰਵੀਰ! ਅੱਜ ਤੋਂ ਮੈਨੂੰ ਵੀ ਦਫ਼ਤਰ ਜਾਣ ਤੋਂ ਛੁੱਟੀ ਹੈ, ਦਫ਼ਤਰ ਦਾ ਕੰਮ ਘਰ ਤੋਂ ਹੀ ਕਰਨਾ ਹੋਵੇਗਾ।"
"
ਤੇ ਮੰਮੀ! ਕੀ ਉਸ ਨੂੰ ਵੀ ਛੁੱਟੀ ਹੈ ਅੱਜ।" ਛੋਟੇ ਆਇਨ ਦੀ ਆਵਾਜ਼ ਸੀ।
"
ਬਿਲਕੁਲ"
"
ਵਾਹ ਜੀ ਵਾਹ! ਅੱਜ ਤਾਂ ਮਜ਼ਾ ਹੀ ਆ ਗਿਆ।" ਖੁਸ਼ੀ ਨਾਲ ਤਾਲੀਆਂ ਮਾਰਦੀ ਮੰਨਤ ਬੋਲੀ। "ਸਾਰੇ ਪਾਰਟੀ ਕਰਾਗਾਂ।"

ਸਕੂਲ ਨਾ ਜਾਣ ਦਾ ਸੁਣ ਕੇ ਗੁਰਵੀਰ ਉਦਾਸ ਹੋ ਗਿਆ, ਕਿਉਂ ਜੋ ਉਸ ਨੂੰ ਸਕੂਲ ਜਾਣਾ ਬਹੁਤ ਚੰਗਾ ਲਗਦਾ ਸੀ।
"
ਪਾਪਾ! ਅੱਜ ਛੁੱਟੀ ਕਿਉਂ ਹੋ ਗਈ।" ਗੁਰਵੀਰ ਨੇ ਉਦਾਸ ਸੁਰ ਵਿਚ ਪੁੱਛਿਆ।
"
ਬੇਟਾ! ਅੱਜ ਦੀ ਹੀ ਨਹੀਂ, ਪੂਰੇ ਤਿੰਨ ਹਫ਼ਤੇ ਦੀ ਛੁੱਟੀ ਸਮਝੋ।"
"
ਪਰ ਕਿਉਂ?"
"
ਤਾਂ ਜੋ ਕਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਿਆ ਜਾ ਸਕੇ ।"

"
ਪਾਪਾ! ਇਹ ਵਾਇਰਸ ਕੀ ਹੁੰਦਾ ਹੈ?" ਉਤਸੁਕਤਾ ਭਰੀ ਨਿੱਕੀ ਮੰਨਤ ਦਾ ਸਵਾਲ ਸੀ।
"
ਵਾਇਰਸ, ਬਹੁਤ ਹੀ ਛੋਟੇ ਛੋਟੇ ਬੀਮਾਰੀ ਦੇ ਕਣ (ਰੋਗਾਣੂ) ਹੁੰਦੇ ਹਨ ਜੋ ਸਾਨੂੰ ਬੀਮਾਰ ਕਰ ਸਕਦੇ ਹਨ।"
"
ਕੀ ਅਸੀਂ ਉਨ੍ਹਾਂ ਨੂੰ ਦੇਖ ਸਕਦੇ ਹਾਂ?" ਆਇਨ ਦਾ ਸਵਾਲ ਸੀ।
"
ਨਹੀਂ ! ਉਹ ਇੰਨ੍ਹੇ ਨਿਕਚੂ ਹੁੰਦੇ ਨੇ ਕਿ ਆਮ ਕਰਕੇ ਨਜ਼ਰ ਹੀ ਨਹੀਂ ਆਉਂਦੇ। ਸਿਰਫ਼ ਖੁਰਦਬੀਨ ਨਾਲ ਹੀ ਦੇਖੇ ਜਾ ਸਕਦੇ ਹਨ।"

"ਓਹ!" ਕਹਿੰਦਿਆਂ ਤਿੰਨੋਂ ਬੱਚਿਆਂ ਦੇ ਮੂੰਹ ਹੈਰਾਨੀ ਨਾਲ ਅੱਡੇ ਗਏ ਸਨ।

"
ਇੰਨ੍ਹੇ ਛੋਟੇ ਜਿਹੇ ਨਿਕਚੂ-ਪਿਕਚੂ ਸਾਨੂੰ ਬੀਮਾਰ ਕਿਵੇਂ ਕਰ ਸਕਦੇ ਹਨ?"
"
ਹਾਂ ਬੱਚਿਓ! ਬਹੁਤ ਹੀ ਸਮਝਣ ਵਾਲੀ ਗੱਲ ਹੈ। ਵਾਇਰਸ ਆਪ ਤਾਂ ਚਲ ਫਿਰ ਨਹੀ ਸਕਦੇ ਪਰ ਇਹ ਛੂੰਹਣ ਨਾਲ ਸਹਿਜੇ ਹੀ ਫੈਲ ਜਾਂਦੇ ਹਨ।"
"
ਬੜ੍ਹੀ ਅਜੀਬ ਗੱਲ ਹੈ। ਭਲਾ ਹੱਥ ਲਾਣ ਨਾਲ ਕਿਵੇਂ ਕੋਈ ਫੈਲ ਸਕਦਾ ਹੈ?" ਡੋਰ-ਭੋਰੇ ਹੋਏ ਬੱਚੇ ਇਕ ਦੂਜੇ ਨੂੰ ਦੇਖ ਰਹੇ ਸਨ।
"
ਮੰਨ ਲਓ ਕਿ ਤੁਹਾਨੂੰ ਜ਼ੁਕਾਮ ਹੋਇਆ ਹੈ। ਤੇ ਜੇ ਤੁਸੀਂ ਆਪਣਾ ਵਗਦਾ ਨੱਕ ਆਪਣੇ ਹੱਥ ਨਾਲ ਸਾਫ਼ ਕਰ ਲਿਆ ਤੇ ਹੱਥ ਨੂੰ ਸਾਬੁਣ ਨਾਲ ਨਹੀਂ ਧੋਤਾ ਤੇ ਉਸ ਨੂੰ ਉਵੇਂ ਹੀ ਆਪਣੇ ਕਿਸੇ ਦੋਸਤ ਨਾਲ ਮਿਲਾ ਲਿਆ। ਤਦ ਜ਼ੁਕਾਮ ਦਾ ਵਾਇਰਸ ਸਹਿਜੇ ਹੀ ਤੁਹਾਡੇ ਦੋਸਤ ਦੇ ਹੱਥ ਉੱਤੇ ਚਲਾ ਜਾਵੇਗਾ। ਤੇ ਜਦ ਤੁਹਾਡਾ ਦੋਸਤ ਅਚਨਚੇਤ ਹੀ ਆਪਣੇ ਮੂੰਹ ਜਾਂ ਨੱਕ ਨੂੰ ਹੱਥ ਲਗਾਏਗਾ ਤਾਂ ਇਹ ਵਾਇਰਸ ਉਸ ਦੇ ਸਰੀਰ ਵਿਚ ਦਾਖਿਲ ਹੋ ਕੇ ਉਸ ਨੂੰ ਬੀਮਾਰ ਕਰ ਦੇਵੇਗਾ।"
"
ਓਹ ਮਾਈ ਗਾਡ! ਕੀ ਬੀਮਾਰੀ ਇਸ ਤਰ੍ਹਾਂ ਫੈਲਦੀ ਹੈ?"ਡਰੇ ਹੋਏ ਆਇਨ ਤੇ ਮੰਨਤ ਇਕੱਠੇ ਹੀ ਬੋਲ ਪਏ।
"
ਜੀ।"

"
ਪਾਪਾ! ਕੀ ਕੋਈ ਹੋਰ ਢੰਗ ਵੀ ਹੈ ਅਜਿਹੇ ਵਾਇਰਸ ਦੇ ਫੈਲਣ ਦਾ।" ਗੁਰਵੀਰ ਪੁੱਛ ਰਿਹਾ ਸੀ।
"
ਹਾਂ ਹੈ ਤਾਂ। ਵਾਇਰਸ ਹਵਾ ਰਾਹੀਂ ਤੈਰ ਕੇ ਵੀ ਸਾਡੇ ਤਕ ਪਹੁੰਚ ਸਕਦੇ ਹਨ।"
"
ਸੱਚੀ। ਕੀ ਉਨ੍ਹਾਂ ਦੇ ਖੰਭ ਹੁੰਦੇ ਹਨ?" ਮੰਨਤ ਨੇ ਹੈਰਾਨੀ ਨਾਲ ਪੁੱਛਿਆ।
"
ਨਹੀਂ ਖੰਭ ਤਾਂ ਨਹੀਂ ਹੁੰਦੇ। ਤੁਹਾਨੂੰ ਯਾਦ ਹੈ ਜਦੋਂ ਤੁਹਾਨੂੰ ਛਿੱਕ ਜਾਂ ਖੰਘ ਆਉਂਦੀ ਹੇ ਤਾਂ ਘਰ ਵਿਚ ਮੰਮੀ-ਪਾਪਾ, ਜਾਂ ਸਕੂਲ ਵਿਚ ਟੀਚਰ, ਤੁਹਾਨੂੰ ਹਮੇਸ਼ਾਂ ਮੂੰਹ ਢੱਕਣ ਲਈ ਕਹਿੰਦੇ ਹਨ।"

"ਜੀ ਹਾਂ! ਉਸ ਦਿਨ ਜਦੋਂ ਆਪਾਂ ਹਸਪਤਾਲ ਗਏ ਸੀ ਤਾਂ ਉਥੇ, ਮੈਨੂੰ ਖੰਘ ਆਉਣ 'ਤੇ ਡਾਕਟਰ ਅੰਕਲ ਨੇ ਵੀ ਅਜਿਹਾ ਹੀ ਕਰਨ ਲਈ ਕਿਹਾ ਸੀ। ਸਾਰੇ ਅਜਿਹਾ ਕਿਉਂ ਕਹਿੰਦੇ ਨੇ?" ਆਇਨ ਦਾ ਸਵਾਲ ਸੀ।
"
ਜਦੋਂ ਕੋਈ ਬੀਮਾਰ ਵਿਅਕਤੀ ਛਿੱਕ ਮਾਰਦਾ ਹੈ ਜਾਂ ਖੰਘਦਾ ਹੈ ਤਾਂ ਉਸ ਦੇ ਨੱਕ ਜਾਂ ਮੂੰਹ ਵਿਚੋਂ ਨਿਕਲੀ ਸਾਹ ਵਿਚ ਪਾਣੀ ਦੀਆਂ ਛਿੱਟਾਂ ਵਾਇਰਸ ਨੁੰ ਹਵਾ ਵਿਚ ਫੈਲਾ ਦਿੰਦੀਆਂ ਹਨ। ਕੋਈ ਹੋਰ ਵਿਅਕਤੀ ਜੋ ਅਜਿਹੇ ਸਮੇਂ ਮਰੀਜ਼ ਕੋਲ ਬੈਠਾ ਹੁੰਦਾ ਹੈ, ਉਸ ਦੇ ਅਜਿਹੀ ਗੰਦੀ ਹਵਾ ਵਿਚ ਸਾਹ ਲੈਣ ਨਾਲ, ਵਾਇਰਸ ਉਸ ਵਿਅਕਤੀ ਦੇ ਸਰੀਰ ਵਿਚ ਦਾਖਿਲ ਹੋ ਜਾਂਦਾ ਹੈ।"

"
ਬੱਸ ਹੁਣ ਗੱਲਾਂ ਹੀ ਕਰਦੇ ਰਹੋਗੇ ਜਾਂ ਨਾਸ਼ਤਾ ਵੀ ਕਰੋਗੇ। ਆਓ ਸਾਰੇ ਜਲਦੀ ਨਾਸ਼ਤੇ ਦੇ ਟੇਬਲ ਉੱਤੇ।" ਰਸੋਈ ਵਿਚੋਂ ਮੰਮੀ ਦੀ ਆਵਾਜ਼ ਸੁਣਾਈ ਦਿੱਤੀ।
"
ਚਲੋ ਪਹਿਲਾਂ ਨਾਸ਼ਤਾ ਕਰ ਲਈਏ, ਬਾਕੀ ਗੱਲਾਂ ਬਾਅਦ ਵਿਚ ਕਰਾਂਗੇ।" ਪਾਪਾ ਦੇ ਬੋਲ ਸਨ।
ਤੇ ਉਹ ਚਾਰੋਂ ਨਾਸ਼ਤੇ ਦੇ ਟੇਬਲ ਤੇ ਜਾ ਬੈਠੇ।

-----------------------------------------------------------------------​

ਨਾਸ਼ਤਾ ਖ਼ਤਮ ਹੁੰਦਿਆਂ ਹੀ ਜਿਵੇਂ ਸਾਰੇ ਆ ਕੇ ਡਰਾਇੰਗ ਰੂਮ ਵਿਚ ਬੈਠੇ, ਗੁਰਵੀਰ ਬੋਲਿਆ,
"
ਪਾਪਾ! ਇਹ ਵਾਇਰਸ ਸਾਡੇ ਸਰੀਰ ਵਿਚ ਦਾਖਿਲ ਹੋ ਕੇ ਕਰਦੇ ਕੀ ਨੇ, ਜੋ ਅਸੀਂ ਬੀਮਾਰ ਹੋ ਜਾਂਦੇ ਹਾਂ।"
"
ਵਧੀਆ ਸਵਾਲ ਹੈ ਤੇਰਾ, ਗੁਰਵੀਰ! ਤੂੰ ਜਾਣਦਾ ਹੈ ਕਿ ਸਾਡਾ ਸਰੀਰ ਛੋਟੇ ਛੋਟੇ ਸੈੱਲਾਂ ਦਾ ਬਣਿਆ ਹੋਇਆ ਹੈ।"
"
ਜੀ! ਕੁਝ ਦਿਨ ਪਹਿਲਾਂ ਹੀ ਸਾਡੇ ਸਾਇੰਸ ਟੀਚਰ ਨੇ ਇਹ ਗੱਲ ਦੱਸੀ ਸੀ ਕਲਾਸ ਵਿਚ।" ਗੁਰਵੀਰ ਦੇ ਬੋਲ ਸਨ।
"
ਠੀਕ! ਜਦੋਂ ਵਾਇਰਸ ਸਰੀਰ ਵਿਚ ਦਾਖ਼ਿਲ ਹੁੰਦਾ ਹੈ ਤਾਂ ਇਹ ਸਾਡੇ ਸਰੀਰ ਦੇ ਕਿਸੇ ਵੀ ਸੈੱਲ ਵਿਚ ਵੜ੍ਹ ਕੇ, ਉਸ ਨੂੰ ਹੋਰ ਵਾਇਰਸ ਪੈਦਾ ਕਰਨ ਲਈ ਮਜ਼ਬੂਰ ਕਰਦਾ ਹੈ। ਤਦ ਸੈੱਲ ਵਿਚ ਵਾਇਰਸਾਂ ਦੀ ਸੰਖਿਆ ਵੱਧਣ ਲਗਦੀ ਹੈ। ਜਦੋਂ ਸੈੱਲ ਵਿਚ ਵਾਇਰਸਾਂ ਦੀ ਸੰਖਿਆ ਬਹੁਤ ਵੱਧ ਜਾਂਦੀ ਹੈ ਤਾਂ ਸੈੱਲ ਫਟ ਜਾਂਦਾ ਹੈ। ਤੇ ਸੈੱਲ ਵਿਚਲੇ ਵਾਇਰਸ ਆਲੇ ਦੁਆਲੇ ਫੈਲ ਜਾਂਦੇ ਹਨ ਤੇ ਨੇੜ੍ਹਲੇ ਹੋਰ ਸੈੱਲਾਂ ਵਿਚ ਵੜ੍ਹ ਹੋਰ ਜ਼ਿਆਦਾ ਵਾਇਰਸ ਬਨਾਉਣਾ ਸ਼ੁਰੂ ਕਰ ਲੈਂਦੇ ਹਨ।"

"
ਤਾਂ ਇੰਝ ਅਸੀਂ ਬੀਮਾਰ ਹੋ ਜਾਂਦੇ ਹਾਂ!" ਸਵਾਲੀਆ ਨਜ਼ਰਾਂ ਨਾਲ ਦੇਖਦਾ ਆਇਨ ਬੋਲਿਆ।
"
ਹਾਂ। ਜਦੋਂ ਸਾਡੇ ਸਰੀਰ ਵਿਚ ਵਾਇਰਸਾਂ ਦੀ ਸੰਖ਼ਿਆ ਬਹੁਤ ਵਧ ਜਾਂਦੀ ਹੈ ਤਾਂ ਅਸੀਂ ਬੀਮਾਰ ਹੋ ਜਾਂਦੇ ਹਾਂ। ਅਸਲ ਵਿਚ ਵਾਇਰਸ ਸਾਡੇ ਜੀਵਨ ਵਿਚ ਅਨੇਕ ਵਾਰ ਸਾਡੇ ਉੱਤੇ ਹਮਲਾ ਕਰਦੇ ਹਨ, ਪਰ ਸਾਡੇ ਸਰੀਰ ਦੀ ਸਵੈ-ਰੱਖਿਆ ਪ੍ਰਣਾਲੀ ਸਾਨੂੰ ਅਕਸਰ ਅਜਿਹੇ ਹਮਲੇ ਤੋਂ ਬਚਾ ਲੈਂਦੀ ਹੈ।"

"
ਪਾਪਾ! ਤੁਸੀਂ ਕੋਈ ਖਾਸ ਨਾਂ ਲਿਆ ਸੀ......ਕ.....ਕ.....ਹਾਂ ਸੱਚ ਯਾਦ ਆਇਆ.......ਕਰੋਨਾ। ਕੀ ਕਰੋਨਾ ਵਾਇਰਸ ਹੋਰ ਵਾਇਰਸਾਂ ਵਰਗਾ ਹੀ ਹੈ ਜਾਂ ਉਨ੍ਹਾਂ ਤੋਂ ਵੱਖਰਾ ਹੈ? ਜਿਸ ਦੇ ਡਰ ਕਾਰਣ ਸਕੂਲ ਤੇ ਦਫ਼ਤਰ ਬੰਦ ਕਰਨੇ ਪਏ ਨੇ।" ਮੰਨਤ ਦਾ ਸਵਾਲ ਸੀ।
"
ਅਸਲ ਵਿਚ ਕਰੋਨਾ ਵਾਇਰਸ, ਜ਼ੁਕਾਮ, ਫ਼ਲੂ ਤੇ ਚਿਕਨਪੋਕਸ ਦੇ ਵਾਇਰਸਾਂ ਵਰਗਾ ਹੀ ਹੈ, ਪਰ ਹੈ ਵਧੇਰੇ ਤਾਕਤਵਰ।"

"
ਕਰੋਨਾ ਵਾਇਰਸ ਦਿਖਾਈ ਤਾਂ ਦਿੰਦਾ ਨਹੀਂ, ਤਾਂ ਫਿਰ ਅਸੀਂ ਕਿਵੇਂ ਪਛਾਣ ਸਕਦੇ ਹਾਂ ਕਿ ਕੋਈ ਵਿਅਕਤੀ ਇਸ ਕਾਰਣ ਬੀਮਾਰ ਹੈ? ਆਇਨ ਨੇ ਪੁੱਛਿਆ।
"
ਵਾਹ ਆਇਨ! ਤੂੰ ਬਹੁਤ ਵਧੀਆ ਸਵਾਲ ਪੁੱਛਿਆ ਹੈ। ਇਹ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਅਜਿਹੇ ਬੀਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਆਪਣਾ ਬਚਾ ਕਰ ਸਕੀਏ।"
"
ਤਾਂ ਫਿਰ ਦੱਸੋ ਨਾ ਪਾਪਾ ਕਿ ਅਜਿਹੇ ਬੀਮਾਰ ਵਿਅਕਤੀ ਦੀ ਕੀ ਪਛਾਣ ਹੈ?"ਆਇਨ ਨੇ ਜ਼ੋਰ ਨਾਲ ਸਵਾਲ ਦੁਹਰਾਂਦਿਆ ਕਿਹਾ.


"
ਕਰੋਨਾ ਵਾਇਰਸ ਦੇ ਮਰੀਜ਼ ਦੀ ਪਛਾਣ ਦੇ ਲੱਛਣ ਹਨ; ਖੰਘ, ਜ਼ੁਕਾਮ, ਸਿਰਦਰਦ, ਬੁਖ਼ਾਰ, ਸੁੱਕੀ ਖਾਂਸੀ, ਤੇ ਸਾਹ ਲੈਣ ਵਿਚ ਦਿੱਕਤ। ਅਜਿਹਾ ਅਕਸਰ ਕਿਸੇ ਵਿਅਕਤੀ ਉੱਤੇ ਵਾਇਰਸ ਦੇ ਹਮਲੇ ਦੇ ਦੋ ਹਫਤੇ ਦੇ ਅਰਸੇ ਦੌਰਾਨ ਨਜ਼ਰ ਆਉਂਣ ਲੱਗਦਾ ਹੈ।"

"
ਅੱਜ ਕਲ ਤਾਂ ਅਖ਼ਬਾਰਾਂ ਤੇ ਟੈਲੀਵਿਯਨ ਚੈਨਲਾਂ ਉੱਤੇ ਕਰੋਨਾ ਵਾਇਰਸ ਦਾ ਹੀ ਚਰਚਾ ਹੈ। ਹੋਰ ਕੋਈ ਖ਼ਬਰ ਹੀ ਨਹੀਂ ਨਜ਼ਰ ਆਉਂਦੀ।" ਕਾਫੀ ਦੇਰ ਤੋਂ ਚੁੱਪ ਬੈਠੀ ਮੰਮੀ ਅਚਾਨਕ ਬੋਲ ਪਈ।
"
ਪਾਪਾ! ਮੈਨੂੰ ਡਰ ਲਗ ਰਿਹਾ ਹੈ। ਕੀ ਗੰਦੂ ਕਰੋਨਾ ਸਾਨੂੰ ਵੀ ਬੀਮਾਰ ਕਰ ਦੇਵੇਗਾ?" ਛੋਟੀ ਮੰਨਤ ਦੇ ਰੁਆਂਸੇ ਜਿਹੇ ਬੋਲ ਸਨ।
"
ਬੱਚਿਓ! ਡਰਨ ਦੀ ਲੋੜ ਨਹੀਂ। ਕਰੋਨਾ ਵਾਇਰਸ ਸਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਜੇ ਅਸੀਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖੀਏ।"
"
ਪਰ ਟੀਵੀ-ਰਿਪੋਰਟਰ ਤਾਂ ਕਹਿ ਰਿਹਾ ਸੀ ਕਿ ਚੀਨ ਤੇ ਇਟਲੀ ਵਿਚ ਬਹੁਤ ਸਾਰੇ ਲੋਕ ਇਸ ਬੀਮਾਰੀ ਨਾਲ ਮਰ ਗਏ ਨੇ ਤੇ ਇਹ ਬੀਮਾਰੀ ਹੋਰ ਦੇਸ਼ਾਂ ਵਿਚ ਵੀ ਤੇਜ਼ੀ ਨਾਲ ਫੈਲ ਰਹੀ ਹੈ।" ਮੰਮੀ ਦੇ ਚਿੰਤਾਮਈ ਬੋਲ ਸਨ।
"
ਨਹੀਂ, ਨਹੀਂ! ਘਬਰਾਉਣ ਦੀ ਲੋੜ ਨਹੀਂ ਹੈ। ਕਰੋਨਾ ਵਾਇਰਸ ਕਾਰਨ ਬੀਮਾਰ ਲੋਕਾਂ ਦੇ ਮਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਸਿਰਫ਼ 2 ਪ੍ਰਤਿਸ਼ਤ। ਭਾਵ ਮਾਹਿਰਾਂ ਅਨੁਸਾਰ ਸੌ ਬੀਮਾਰ ਮਰੀਜ਼ਾਂ ਵਿਚੋਂ ਸਿਰਫ਼ ਦੋ ਦੇ ਹੀ ਮਰਨ ਦੀ ਸੰਭਾਵਨਾ ਹੁੰਦੀ ਹੈ। ਪਹਿਲੇ ਵਕਤਾਂ ਵਿਚ ਵਾਪਰੀ ਸਾਰਸ ਮਹਾਂਮਾਰੀ ਦੌਰਾਨ ਮੌਤ-ਦਰ 10 ਪ੍ਰਤਿਸ਼ਤ ਸੀ, ਸਵਾਇਨ ਫਲੂ ਮਹਾਂਮਾਰੀ ਦੌਰਾਨ ਇਹ ਦਰ 4.5 ਪ੍ਰਤਿਸ਼ਤ ਸੀ ਅਤੇ ਇਬੋਲਾ ਮਹਾਂਮਾਰੀ ਦੌਰਾਨ ਇਹ ਦਰ ਹੋਰ ਵੀ ਜਿਆਦਾ ਸੀ।"
"
ਓਹ ਮਾਈ ਗਾਡ! ਪਹਿਲਾਂ ਵੀ ਅਜਿਹੇ ਖਤਰਨਾਕ ਵਾਇਰਸ ਹੋਏ ਹਨ।" ਹੈਰਾਨੀ ਭਰੇ ਅੰਦਾਜ਼ ਵਿਚ ਗੁਰਵੀਰ ਬੋਲਿਆ।

"
ਹਾਂ! ਪਰ ਕਰੋਨਾ ਵਾਇਰਸ ਕਾਰਨ ਮੌਤ ਦਾ ਖ਼ਤਰਾ ਕਾਫ਼ੀ ਘੱਟ ਹੈ। ਘਬਰਾਉਣ ਦੀ ਲੋੜ ਨਹੀਂ।"
"
ਤਾਂ ਕੀ ਸਾਨੂੰ ਕਰੋਨਾ ਵਾਇਰਸ ਤੋਂ ਡਰਨ ਦੀ ਬਿਲਕੁਲ ਹੀ ਲੋੜ੍ਹ ਨਹੀਂ ?" ਬੋਲਦਿਆ, ਤਿੰਨੋਂ ਬੱਚੇ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਪਾਪਾ ਵੱਲ ਦੇਖ ਰਹੇ ਸਨ।
"
ਹਾਂ ਡਰਨ ਦੀ ਤਾਂ ਲੋੜ੍ਹ ਨਹੀਂ। ਪਰ ਸਾਵਧਾਨ ਰਹਿਣ ਦੀ ਲੋੜ੍ਹ ਹੈ। ਘਬਰਾਣਾ ਤਾਂ ਬਿਲਕੁਲ ਹੀ ਨਹੀਂ।"

"
ਠੀਕ ਹੈ ਪਾਪਾ! ਅਸੀਂ ਬਿਲਕੁਲ ਨਹੀਂ ਘਬਰਾਵਾਂਗੇ। ਪਰ ਕੀ ਇਸ ਵਾਇਰਸ ਦੇ ਹਮਲੇ ਨੂੰ ਰੋਕਿਆ ਨਹੀਂ ਸਕਦਾ?"
"
ਹਾਂ! ਤੁਸੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹੋ, ਸਿਰਫ਼ ਕੁਝ ਸਾਧਾਰਣ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।"
"
ਜਲਦੀ ਦੱਸੋ ਸਾਨੂੰ ਇਸ ਵਾਇਰਸ ਤੋਂ ਬੱਚਣ ਲਈ ਕੀ ਕਰਨਾ ਹੋਵੇਗਾ?" ਤਿੰਨੋਂ ਬੱਚੇ ਇੱਕਠੇ ਬੋਲ ਪਏ।
"
ਠੀਕ ਹੈ ਬੱਚਿਓ! ਜੋ ਗੱਲਾਂ ਮੈਂ ਦੱਸਣ ਜਾ ਰਿਹਾ ਹਾਂ, ਧਿਆਨ ਨਾਲ ਸੁਣਿਓ। ਇਨ੍ਹਾਂ ਗੱਲਾਂ ਉੱਤੇ ਅਮਲ ਕਰ ਕੇ ਤੁਸੀਂ ਨਾ ਸਿਰਫ਼ ਕਰੋਨਾ ਵਾਇਰਸ ਨੂੰ ਹੀ ਹਰਾ ਸਕਦੇ ਹੋ ਸਗੋਂ ਹੋਰ ਕਿਸਮਾਂ ਦੇ ਰੋਗਾਣੂੰਆਂ ਤੋਂ ਵੀ ਬਚ ਸਕਦੇ ਹੋ।"
"
ਪਰ ਉਹ ਗੱਲਾਂ ਹੈਣ ਕੀ? ਦੱਸੋ ਵੀ!" ਗੁਰਬੀਰ ਗੱਲ ਲੰਮੀ ਹੁੰਦੀ ਦੇਖ ਝੁੰਜਲਾ ਗਿਆ ਸੀ।

"ਪਹਿਲੀ ਗੱਲ ਤਾਂ ਹੈ ਕਿ ਸਾਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਹੋਵੇਗਾ। ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾ ਧੋਣਾ ਚਾਹੀਦਾ ਹੈ।"
"
ਅਸੀਂ ਤਾਂ ਰੋਜ਼ ਹੱਥ ਧੋਦੇਂ ਹਾਂ। ਇਹ ਤਾਂ ਨਵੀਂ ਗੱਲ ਨਹੀਂ।" ਤਿੰਨੋਂ ਬੱਚੇ ਇਕੱਠੇ ਬੋਲ ਪਏ।
"
ਬੱਚਿਓ! ਮੈਂ ਕਿਹਾ ਸੀ ਕਿ ਸਾਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾ ਧੋਣਾ ਚਾਹੀਦਾ ਹੈ। ਜਿਸ ਦਾ ਮਤਲਬ ਹੈ ਸਾਨੂੰ ਹੱਥਾਂ ਤੇ ਗੁੱਟ ਦੇ ਦੋਨੋਂ ਪਾਸੇ, ਨਹੁੰਆਂ ਦੇ ਹੇਠਾਂ ਤੇ ਉਂਗਲੀਆਂ ਦੇ ਵਿਚਕਾਰ ਵੀ, ਚੰਗੀ ਤਰ੍ਹਾਂ ਸਾਬੁਣ ਲਗਾ ਕੇ, ਘੱਟੋ ਘੱਟ 20 ਸੈਕਿੰਡ ਤਕ ਹੱਥਾਂ ਨੂੰ ਰਗੜਣਾ ਚਾਹੀਦਾ ਹੈ ਤੇ ਫਿਰ ਖੁੱਲੇ ਪਾਣੀ ਨਾਲ ਹੱਥ ਧੋਣੇ ਚਾਹੀਦੇ ਹਨ। ਉਸ ਪਿੱਛੋਂ ਉਨ੍ਹਾਂ ਨੂੰ ਸਾਫ਼ ਤੋਲੀਏ ਨਾਲ ਪੂੰਝਣਾ ਚਾਹੀਦਾ ਹੈ।"
"
ਅਜਿਹਾ ਕਿਉਂ?"
"
ਕਿਉਂ ਕਿ ਵਾਇਰਸ ਤੇ ਹੋਰ ਰੋਗਾਣੂ ਆਪਣੇ ਬਚਾਉ ਲਈ ਹੱਥ ਦੀ ਕੁੰਦਰਾਂ ਵਿਚ ਤੇ ਨਹੁੰਆ ਹੇਠ ਛੁੱਪੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਮਾਰਨ ਦਾ ਇਹੋ ਕਾਰਗਰ ਢੰਗ ਹੈ।"
"
ਬਿਲਕੁਲ ਠੀਕ ਪਾਪਾ ਜੀ! ਅੱਗੇ ਤੋਂ ਅਸੀਂ ਇੰਝ ਹੀ ਹੱਥ ਧੋਵਾਂਗੇ।" ਬੱਚਿਆਂ ਦੀ ਇਕ-ਜੁੱਟ ਆਵਾਜ਼ ਸੀ।

"
ਕੀ ਕੁੱਝ ਹੋਰ ਵੀ ਧਿਆਨ ਰੱਖਣ ਦੀ ਲੋੜ ਹੈ ਜਾਂ ਬੱਸ ਇਨ੍ਹਾਂ ਹੀ?" ਆਇਨ ਨੇ ਪੁੱਛਿਆ।

" ਹਾਂ! ਇਕ ਹੋਰ ਗੱਲ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਹ ਵਾਇਰਸ ਛੂੰਹਣ ਨਾਲ ਫੈਲਦਾ ਹੈ।ਇਸ ਲਈ ਸਾਨੂੰ ਹੋਰਨਾਂ ਨਾਲ ਸਪੰਰਕ ਤੋਂ ਬੱਚਣਾ ਜਰੂਰੀ ਹੈ।"
"
ਉਹ ਕਿਵੇਂ? "
"
ਜਦੋਂ ਤੁਹਾਡਾ ਕੋਈ ਦੌਸਤ ਮਿੱਤਰ ਮਿਲਣ ਆਵੇ ਤਾਂ ਉਸ ਨਾਲ ਹੱਥ ਮਿਲਾਣ ਦੀ ਥਾਂ ਆਪਣੇ ਦੋਨੋਂ ਹੱਥ ਜੋੜ ਕੇ ਤੁਸੀਂ ਨਮਸਤੇ, ਸਤਿ ਸ੍ਰੀ ਅਕਾਲ ਜਾਂ ਅਸਲਾਮਾ-ਲੇਕਮ ਕਹਿ ਸਕਦੇ ਹੋ ਜਾਂ ਸਿਰਫ਼ ਹੈਲੋ ਜਾਂ ਹਾਏ ਕਹਿ ਸਕਦੇ ਹੋ।"

"
ਇਹ ਗੱਲ ਤਾਂ ਸਮਝ ਆ ਗਈ । ਕੀ ਕੋਈ ਹੋਰ ਗੱਲ ਵੀ ਜ਼ਰੂਰੀ ਹੈ?" ਗੁਰਵੀਰ ਪੁੱਛ ਰਿਹਾ ਸੀ।
"
ਹਾਂ! ਕੋਸ਼ਿਸ਼ ਕਰੋ ਕਿ ਭੀੜ ਵਾਲੀ ਥਾਂ ਨਾ ਹੀ ਜਾਇਆ ਜਾਵੇ। ਪਰ ਜੇ ਕਿਸੇ ਕਾਰਣ, ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਅਜਿਹੀ ਜਗਹ ਮਾਸਕ (mask) ਪਹਿਨ ਕੇ ਹੀ ਜਾਓ। "
"
ਕੀ ਸਾਨੂੰ ਸਾਰਿਆ ਨੂੰ ਮਾਸਕ ਪਹਿਨਣ ਦੀ ਲੌੜ ਹੈ?" ਹੋ ਰਹੀ ਗਲਬਾਤ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਹੀ ਮੰਨਤ ਨੇ ਪੁੱਛਿਆ।
"
ਨਹੀਂ ਤੁਹਾਨੂੰ ਮਾਸਕ ਪਹਿਨਣ ਦੀ ਤਦ ਹੀ ਲੋੜ ਹੈ ਜੇ ਤੁਹਾਨੂੰ ਖੰਘ ਆ ਰਹੀ ਹੈ, ਜ਼ੁਕਾਮ ਹੈ ਜਾਂ ਸਾਹ ਲੈਣ ਵਿਚ ਦਿੱਕਤ ਹੈ। ਉਹ ਲੋਕ ਜੋ ਵਾਇਰਸ ਕਾਰਣ ਬੀਮਾਰ ਮਰੀਜ਼ਾਂ ਦੀ ਦੇਖ-ਭਾਲ ਵਿਚ ਜੁੱਟੇ ਹਨ ਉਨ੍ਹਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੈ। ਉਹ ਲੋਕ ਜੋ ਬੀਮਾਰ ਨਹੀਂ ਹਨ, ਤੇ ਨਾ ਹੀ ਮਰੀਜ਼ਾਂ ਦੀ ਦੇਖ-ਭਾਲ ਕਰ ਰਹੇ ਹਨ, ਉਨ੍ਹਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ।"
"
ਤਦ ਤਾਂ ਸਪਸ਼ਟ ਹੈ ਕਿ ਜੇ ਸਾਨੂੰ ਖੰਘ, ਜ਼ੁਕਾਮ, ਸੁੱਕੀ ਖਾਂਸੀ, ਜਾਂ ਸਾਹ ਲੈਣ ਵਿਚ ਦਿੱਕਤ ਨਹੀਂ ਹੈ, ਤਾਂ ਸਾਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ।"

"ਬਿਲਕੁਲ ਠੀਕ। ਤਦ ਤੁਹਾਨੂੰ ਮਾਸਕ ਪਹਿਨਣ ਦੀ ਲੋੜ ਤਾਂ ਨਹੀਂ ਹੈ ਪਰ ਤੁਹਾਨੂੰ ਪਹਿਲਾਂ ਦੱਸੀਆਂ ਸਾਰੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਹਾਂ ਸੱਚ.......ਇਕ ਹੋਰ ਬਹੁਤ ਜ਼ਰੂਰੀ ਗੱਲ ਹੈ ਕਿ ਇਕ ਦੂਜੇ ਤੋਂ ਘੱਟੋ ਘੱਟ ਛੇ ਫੁੱਟ ਦੀ ਦੂਰੀ ਰੱਖੋ। ਅਜਿਹੀ ਕ੍ਰਿਆ ਨੂੰ ਸਮਾਜਿਕ-ਦੂਰੀ (Social distancing) ਕਾਇਮ ਕਰਨਾ ਕਿਹਾ ਜਾਂਦਾ ਹੈ। ਭੀੜ ਭੱੜਕੇ ਤੋਂ ਬਚਾਅ ਲਈ ਤੇ ਸਮਾਜਿਕ-ਦੂਰੀ ਬਣਾਈ ਰੱਖਣ ਦੀ ਲੋੜ ਕਾਰਣ ਹੀ ਸਕੂਲ, ਦਫ਼ਤਰ ਤੇ ਵਪਾਰਿਕ ਅਦਾਰੇ ਆਦਿ ਬੰਦ ਕੀਤੇ ਗਏ ਹਨ।"

"
ਓਹ! ਹੁਣ ਸਮਝ ਆਈ ਕਿ ਸਾਡਾ ਸਕੂਲ ਕਿਉਂ ਬੰਦ ਹੈ?" ਗੁਰਵੀਰ ਨੇ ਸਿਰ ਹਿਲਾਂਦਿਆ ਕਿਹਾ।
"
ਸ਼ਾਇਦ ਇਸੇ ਕਰਕੇ ਮੰਮੀ ਨੇ ਕੱਲ ਸਾਨੂੰ ਪਾਰਕ ਵਿਚ ਜਾ ਕੇ ਹੋਰਨਾਂ ਨਾਲ ਖੇਲ੍ਹਣ ਤੋਂ ਮਨ੍ਹਾ ਕੀਤਾ ਸੀ।" ਆਇਨ ਦੇ ਬੋਲ ਸਨ।

"
ਬਿਲਕੁਲ ਠੀਕ। ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਜੇ ਕਿਸੇ ਇਲਾਕੇ ਵਿਚ ਕਰੋਨਾਵਾਇਰਸ ਦੇ ਹੋਣ ਬਾਰੇ ਰਿਪੋਰਟ ਹੈ ਤਾਂ ਉਸ ਇਲਾਕੇ ਵਿਚ ਨਾ ਜਾਇਆ ਜਾਵੇ। ਜੇ ਕਿਧਰੇ ਜਾਣਾ ਬਹੁਤ ਜ਼ਰੂਰੀ ਨਹੀਂ ਤਾਂ ਸਫ਼ਰ ਨਾ ਹੀ ਕੀਤਾ ਜਾਵੇ ਤਾਂ ਚੰਗੀ ਗੱਲ ਹੈ।"

"
ਪਰ ਪਾਪਾ! ਆਪ ਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਜੇ ਕੋਈ ਬੀਮਾਰ ਹੋ ਜਾਏ ਤਾਂ ਕੀ ਕਰਨਾ ਹੋਵੇਗਾ? " ਗੁਰਵੀਰ ਦਾ ਸਵਾਲ ਸੀ।
"
ਜੇ ਕਿਸੇ ਵਿਚ ਬੀਮਾਰੀ ਦਾ ਕੋਈ ਵੀ ਲੱਛਣ ਜਿਵੇਂ ਕਿ ਖੰਘ, ਜ਼ੁਕਾਮ, ਬੁਖ਼ਾਰ, ਤੇ ਸਾਹ ਲੈਣ ਵਿਚ ਦਿੱਕਤ ਆਦਿ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਹੋਵੇਗੀ। ਤੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਨੀ ਹੋਵੇਗੀ।"
"
ਇਹ ਗੱਲਾਂ ਤਾਂ ਬਹੁਤ ਚੰਗੀਆਂ ਹਨ ਤੇ ਇਨ੍ਹਾਂ ਉੱਤੇ ਅਮਲ ਕਰਨਾ ਵੀ ਔਖਾ ਨਹੀਂ। ਇਸ ਤਰ੍ਹਾਂ ਕਰਨ ਨਾਲ ਅਸੀਂ ਕਰੋਨਾ ਵਾਇਰਸ ਦੇ ਫੈਲਣ ਨੂੰ ਰੋਕ ਸਕਦੇ ਹਾਂ ਤੇ ਬੀਮਾਰ ਹੋਣ ਤੋਂ ਵੀ ਬੱਚ ਸਕਦੇ ਹਾਂ।" ਮੰਮੀ ਦੇ ਬੋਲ ਸਨ।

"
ਵਾਹ ਜੀ ਵਾਹ! ਅਸੀਂ ਇਨ੍ਹਾਂ ਗੱਲਾਂ ਉੱਤੇ ਅਮਲ ਤਾਂ ਕਰਾਂਗੇ ਹੀ ਤੇ ਨਾਲੇ ਤਾਂ ਇਹ ਗੱਲਾਂ ਆਪਣੇ ਦੋਸਤਾਂ ਨੂੰ ਵੀ ਦੱਸਾਂਗੇ ਤਾਂ ਕਿ ਉਹ ਵੀ ਸੁਰੱਖਿਅਤ ਰਹਿ ਸਕਣ।" ਤਿੰਨੋਂ ਬੱਚੇ ਇਕੱਠੇ ਹੀ ਬੋਲ ਪਏ।
"
ਹਾਂ ਜ਼ਰੂਰ! ਤੁਸੀਂ ਅਜਿਹਾ ਕਰ ਸਕਦੇ ਹੋ। ਪਰ ਕਰਿਓ ਟੈਲੀਫੋਨ ਜਾਂ ਫ਼ਿਰ ਸਕਾਇਪ ਮੀਟਿੰਗ ਰਾਹੀਂ ।"
"
ਜੀ ਪਾਪਾ! ਇੰਝ ਅਸੀਂ ਸਾਰੇ ਰਲ-ਮਿਲ ਕੇ ਕਰੋਨਾ ਵਾਇਰਸ ਨੂੰ ਮਾਤ ਦੇ ਦੇਵਾਂਗੇ।"

"ਬਿਲਕੁਲ ਠੀਕ! ਪਰ ਇਕ ਹੋਰ ਧਿਆਨਯੋਗ ਗੱਲ ਇਹ ਵੀ ਹੈ ਕਿ ਕਿਉਂ ਜੋ ਅੱਜ ਤੋਂ ਸਕੂਲ ਬੰਦ ਹਨ, ਤੁਸੀਂ ਆਪਣਾ ਇਹ ਸਮਾਂ ਐਵੇਂ ਨਾ ਗੁਆ ਲੈਣਾ। ਸਗੋਂ ਆਪੋ ਆਪਣਾ ਟਾਇਮ-ਟੇਬਲ ਬਣਾਓ, ਜਿਸ ਵਿਚ ਪੜ੍ਹਾਈ ਦਾ ਤੇ ਖੇਡ ਦਾ ਸਮਾਂ ਨਿਸ਼ਚਿਤ ਹੋਵੇ। ਇਨ੍ਹਾਂ ਛੁੱਟੀਆਂ ਵਿਚ ਉਸੇ ਟਾਇਮ-ਟੇਬਲ ਅਨੁਸਾਰ ਪੜ੍ਹੋ ਵੀ ਤੇ ਖੇਲੋ ਵੀ। ਪਰ ਇਹ ਕੁਝ ਘਰ ਦੇ ਅੰਦਰ ਹੀ ਕਰਨਾ ਹੋਵੇਗਾ। ਖੇਲ ਦੇ ਸਮੇਂ ਦੌਰਾਨ ਤੁਸੀਂ ਲੁੱਡੋ, ਕੈਰਮ, ਜੈਂਗਾ, ਜਿਗਸਾਅ ਪਜ਼ਲ ਜਾਂ ਮੋਨੋਪਲੀ ਖੇਲ ਸਕਦੇ ਹੋ। ਆਪਣੇ ਮਨਪਸੰਦ ਕੌਮਿਕ ਪੜ੍ਹ ਸਕਦੇ ਹੋ। ਆਪਣੀ ਮਨਪਸੰਦ ਮੂਵੀ ਦੇਖ ਸਕਦੇ ਹੋ, ਜਾਂ ਆਪਣੀ ਪਸੰਦ ਦੇ ਗਾਣੇ ਸੁਣ ਸਕਦੇ ਹੋ। ਹਾਂ ਸੱਚ ਇਨ੍ਹਾਂ ਦਿਨ੍ਹਾਂ ਵਿਚ ਕਸਰਤ ਕਰਨਾ ਵੀ ਬਿਲਕੁਲ ਨਾ ਭੁੱਲਣਾ। ਕਿਉਂ ਕਿ ਕਸਰਤ ਸਾਨੂੰ ਸਿਹਤਮੰਦ ਬਣਾਉਂਦੀ ਹੈ। ਤੇ ਸਿਹਤਮੰਦ ਬੱਚਾ ਬੀਮਾਰ ਵੀ ਨਹੀਂ ਹੁੰਦਾ।"
"
ਵਾਹ ਪਾਪਾ ਵਾਹ! ਅੱਜ ਤਾਂ ਮਜ਼ਾ ਹੀ ਆ ਗਿਆ। ਤੁਸੀਂ ਕਿੰਨ੍ਹੀਆਂ ਚੰਗੀਆਂ ਗੱਲਾਂ ਦੱਸੀਆਂ ਨੇ। ਅਸੀਂ ਅੱਜ ਤੋਂ ਹੀ ਇਨ੍ਹਾਂ ਉੱਤੇ ਅਮਲ ਸ਼ੁਰੂ ਕਰਾਂਗੇ।" ਤਿੰਨੋਂ ਬੱਚਿਆ ਦੇ ਉਤਸ਼ਾਹਮਈ ਬੋਲ ਸਨ।

"
ਚੰਗਾ! ਹੁਣ ਤੁਸੀਂ ਛੁੱਟੀਆਂ ਦਾ ਟਾਇਮ-ਟੇਬਲ ਬਣਾਓ ਤੇ ਮੈਂ ਦਫ਼ਤਰ ਦਾ ਕੰਮ ਕਰ ਲਵਾਂ। ਬਾਕੀ ਗੱਲਾਂ ਫੇਰ ਕਰਾਂਗੇ। ਕਹਿ ਪਾਪਾ ਉੱਠ ਖੜੇ ਹੋਏ ਤੇ ਆਪਣੇ ਕਮਰੇ ਵੱਲ ਚਲੇ ਗਏ।

ਤਿੰਨੋਂ ਬੱਚੇ "ਕਰੋਨਾ......ਕਰੋਨਾ......ਗੋ ਅਵੇ......! ਨੈਵਰ ਕੰਮ ਐਨ ਅਦਰ ਡੇਅ.......।" ਦਾ ਦੋਹਾ ਗਾਉਂਦੇ ਖੁਸ਼ੀ ਖੁਸ਼ੀ ਆਪਣੇ ਸਟੱਡੀ ਰੂਮ ਵੱਲ ਨੱਠ ਗਏ।
---------------------------------------------------------------------------------------------------------------------

 ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ ਬਾਲ-ਸਾਹਿਤ ਦੇ ਖੇਤਰ ਵਿਚ 10 ਕਿਤਾਬਾਂ ਤੇ ਲਗਭਗ 300 ਰਚਨਾਵਾਂ ਛੱਪ ਚੁੱਕੀਆਂ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਨਬ੍ਰਿਜ ਲਰਨਿੰਗ ਸੰਸਥਾ ਦੇ  ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ।

 


ਨੋਵਲ ਕਰੋਨਾ ਵਾਇਰਸ (ਕੋਵਿਡ-19) ਵਿਗਿਆਨ ਗਲਪ ਕਹਾਣੀ


ਕਿਧਰੇ ਦੇਰ ਨਾ ਹੋ ਜਾਏ

ਡਾ. ਡੀ. ਪੀ. ਸਿੰਘ, ਕੈਨੇਡਾ

 

ਸੰਨ 2019 ਦੇ ਨਵੰਬਰ ਮਹੀਨੇ ਦੀ ਗੱਲ ਹੈ। ਵਿਸ਼ਵ ਦੀ ਦੂਸਰੀ ਮਹਾਂਸ਼ਕਤੀ ਦੇ ਇਕ ਮਹਾਂਨਗਰ ਦੀ ਵਾਇਰਸ ਰਿਸਰਚ ਪ੍ਰਯੋਗਸ਼ਾਲਾ ਵਿਚ ਇਕ ਅਜਬ ਵਰਤਾਰਾ ਵਰਤ ਗਿਆ। ਘਟਨਾਕ੍ਰਮ ਕੁਝ ਇੰਝ ਵਾਪਰਿਆ।


ਪ੍ਰਯੋਗਸ਼ਾਲਾ ਅੰਦਰ, ਚਿੱਟੇ ਦਸਤਾਨੇ ਤੇ ਚਿੱਟਾ ਕੋਟ ਪਹਿਨੀ ਵਿਸ਼ਾਣੂ-ਵਿਗਿਆਨੀ ਡਾ. ਯੰਗ ਸੂ, ਅੱਧਖੜ੍ਹ ਉਮਰ ਵਾਲੇ ਮੁਲਾਕਾਤੀ ਨਾਲ ਗੱਲਬਾਤ ਵਿਚ ਮਗਨ ਸੀ। ਤਦ ਹੀ, ਖੁਰਦਬੀਨ ਦੇ ਹੇਠਲੇ ਸਿਰੇ ਵਾਲੇ ਲੈਂਜ਼ ਹੇਠ ਕੱਚ ਦੀ ਇਕ ਸਲਾਈਡ ਨੂੰ ਖਿਸਕਾਦਿਆਂ, ਯੰਗ ਸੂ ਬੋਲਿਆ, "ਮਿਸਟਰ ਲੀਓ! ਆਓ ਤੁਹਾਨੂੰ ਦਿਖਾਵਾਂ, ਮੌਤ ਦਾ ਇਕ ਬਹੁਤ ਹੀ ਖ਼ਤਰਨਾਕ ਏਜੰਟ।"


ਗੰਜੇ ਸਿਰ ਤੇ ਫੀਨੇ ਨੱਕ ਵਾਲੇ ਲੀਓ ਨੇ ਖੁਰਦਬੀਨ ਵੱਲ ਝਾਕਿਆ। ਜ਼ਾਹਿਰ ਸੀ ਕਿ ਉਹ ਅਜਿਹੇ ਯੰਤਰ ਬਾਰੇ ਨਹੀਂ ਸੀ ਜਾਣਦਾ। ਆਪਣੀ ਥਾਂ ਤੋਂ ਬਿਨ੍ਹਾ ਹਿੱਲੇ ਉਹ ਬੋਲਿਆ, "ਮੇਰੀ ਨਜ਼ਰ ਕਮਜ਼ੋਰ ਹੈ।"

"ਕੋਈ ਗੱਲ ਨਹੀਂ। ਆਓ! ਆਪਣੀ ਖੱਬੀ ਅੱਖ, ਖੱਬੇ ਹੱਥ ਨਾਲ ਢੱਕ ਲਵੋ, ਤੇ ਸੱਜੀ ਅੱਖ ਨਾਲ ਤੁਸੀਂ ਖੁਰਦਬੀਨ ਦੇ ਉਪਰਲੇ ਸਿਰੇ ਵਾਲੇ ਲੈੱਜ਼ ਰਾਹੀਂ ਦੇਖੋ। ਵਿਸ਼ਾਣੂੰਆਂ ਦਾ ਅਜਬ ਸੰਸਾਰ ਨਜ਼ਰ ਆਉਣ ਲੱਗੇਗਾ।"

ਲੀਓ ਨੇ ਇੰਝ ਹੀ ਕੀਤਾ।

 

"ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ। ਧੁੰਦਲਾ ਧੁੰਦਲਾ ਹੈ ਸੱਭ ਕੁਝ।" ਉਹ ਬੋਲਿਆ।

"ਇਸ ਪੇਚ ਨੂੰ ਐਡਜਸਟ ਕਰੋ," ਯੰਗ ਸੂ ਨੇ ਖੁਰਦਬੀਨ ਦੇ ਹੇਠਲੇ ਸਿਰੇ ਕੋਲ ਲੱਗੇ ਪੇਚ ਵੱਲ ਇਸ਼ਾਰਾ ਕਰਦੇ ਹੋਏ ਕਿਹਾ,"ਸ਼ਾਇਦ ਖੁਰਦਬੀਨ ਤੁਹਾਡੀ ਨਜ਼ਰ ਲਈ ਸਹੀ ਫੋਕਸਡ ਨਹੀਂ ਹੈ।"

"ਜੀ!"ਤੇ ਲੀਓ ਨੇ ਦੱਸੇ ਅਨੁਸਾਰ ਪੇਚ ਨੂੰ ਮਰੋੜਾ ਦਿੱਤਾ।


"
ਵਾਹ! ਹੁਣ ਤਾਂ ਸੱਭ ਕੁਝ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ," ਲੀਓ ਦੇ ਬੋਲ ਸਨ। "ਬਹੁਤਾ ਕੁਝ ਤਾਂ ਹੈ ਨਹੀਂ ਇਥੇ ਦੇਖਣ ਲਈ। ਬੱਸ ਛੇ ਭੁਜੀ ਸ਼ਕਲ ਵਾਲੇ ਕੁਝ ਕੁ ਧੱਬੇ ਜਿਹੇ ਨਜ਼ਰ ਆ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਇਨ੍ਹਾਂ ਕੋਈ ਮੁਕਟ ਪਾਇਆ ਹੋਵੇ। ਤੁਹਾਡੇ ਅਨੁਸਾਰ, ਇਹ ਛੋਟੇ ਛੋਟੇ ਵਿਸ਼ਾਣੂ, ਵੱਧ-ਫੁਲ ਕੇ, ਕਿਸੇ ਮਹਾਂਨਗਰ ਨੂੰ ਤਬਾਹ ਕਰਣ ਦੀ ਸਮਰਥਾ ਰੱਖਦੇ ਹਨ। ਵਾਹ ਕਿਆ ਕਮਾਲ ਦੀ ਸ਼ੈਅ ਨੇ ਇਹ!"

"ਜੀ ਹਾਂ! ਇਹੋ ਹੀ ਹੈ ਨੋਵਲ ਕਰੋਨਾ ਵਾਇਰਸ (ਕੋਵਿਡ-19)ਜੋ ਪੁਰਾਣੇ ਕੋਰੋਨਾ ਵਾਇਰਸ ਦਾ ਹੀ ਬਦਲਿਆ ਰੂਪ ਹੈ ਪਰ ਹੈ ਬਹੁਤ ਹੀ ਘਾਤਕ।"

ਤਦ ਹੀ ਲੀਓ ਖੁਰਦਬੀਨ ਤੋਂ ਨਜ਼ਰ ਹਟਾ ਉੱਠ ਖੜਾ ਹੋਇਆ। ਜਾਂਚ ਹੇਠਲੀ ਕੱਚ ਦੀ ਸਲਾਈਡ ਨੂੰ ਹੱਥ ਵਿਚ ਫੜ੍ਹ ਉਹ ਖਿੜਕੀ ਦੇ ਕੋਲ ਜਾ ਪੁੱਜਾ। "ਇੰਨ੍ਹੇ ਸੂਖਮ" ਉਸ ਨੇ ਸਲਾਈਡ ਘੋਖਦਿਆ ਕਿਹਾ। ਝਿਜਕਦੇ ਹੋਏ ਉਸ ਪੁੱਛਿਆ, "ਕੀ ਇਹ ਜ਼ਿੰਦਾ ਨੇ? ਕੀ ਇਹ ਅਜੇ ਵੀ ਘਾਤਕ ਨੇ? "

"ਨਹੀਂ, ਇਹ ਜ਼ਿੰਦਾ ਨਹੀਂ ਹਨ। ਇਨ੍ਹਾਂ ਨੂੰ ਵਿਸ਼ੇਸ਼ ਢੰਗ ਨਾਲ ਮਾਰ ਦਿੱਤਾ ਗਿਆ ਹੈ" ਯੰਗ ਸੂ ਨੇ ਕਿਹਾ। "ਪਰ, ਇਨ੍ਹਾਂ ਦੀ ਤਬਾਹਕੁੰਨ ਤਾਕਤ ਨੂੰ ਦੇਖਦੇ ਹੋਏ, ਮੇਰਾ ਖਿਆਲ ਹੈ ਕਿ ਕਾਸ਼ ਅਸੀਂ ਪੂਰੇ ਬ੍ਰਹਿਮੰਡ ਵਿਚ ਇਨ੍ਹਾਂ ਦੀ ਹੌਂਦ ਨੂੰ ਹੀ ਖ਼ਤਮ ਕਰ ਸਕਦੇ।"


ਲੀਓ ਨੇ ਥੋੜ੍ਹਾ ਮੁਸਕਰਾਦਿਆਂ ਕਿਹਾ, "ਲੱਗਦਾ ਹੈ ਤੁਸੀਂ ਇਨ੍ਹਾਂ ਨੂੰ ਜ਼ਿੰਦਾਂ ਹਾਲਾਤ ਵਿਚ ਰੱਖਣ ਬਾਰੇ ਤਾਂ ਕਦੇ ਨਹੀਂ ਸੋਚਿਆ ਹੋਵੇਗਾ।"

"ਨਹੀਂ। ਅਜਿਹੀ ਗੱਲ ਨਹੀਂ । ਸਗੋਂ, ਸਾਡੇ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।" ਯੰਗ ਸੂ ਨੇ ਕਿਹਾ। "ਇਥੇ, ਉਦਾਹਰਣ ਲਈ" ਬੋਲਦਿਆ ਉਹ ਕਮਰੇ ਨੂੰ ਪਾਰ ਕਰ ਸਾਹਮਣੀ ਕੰਧ ਵਿਚ ਜੜ੍ਹੀ ਸੈਲਫ਼ ਕੋਲ ਪੁੱਜ ਗਿਆ। ਸੈਲਫ਼ ਉਥੇ ਪਈਆਂ ਅਨੇਕ ਸੀਲਬੰਦ ਕੱਚ ਦੀਆਂ ਟਿਊਬਾਂ (ਨਲੀਆਂ) ਵਿਚੋਂ ਇਕ ਟਿਊਬ ਨੂੰ ਚੁੱਕ ਉਹ ਬੋਲਿਆ, "ਇਹ ਇਨ੍ਹਾਂ ਜੀਵਾਣੂਆਂ ਦਾ ਜ਼ਿੰਦਾ ਸੈਂਪਲ ਹੈ। ਬਹੁਤ ਹੀ ਘਾਤਕ ਬੀਮਾਰੀ ਦੇ ਸ਼ਕਤੀਸ਼ਾਲੀ ਵਿਸ਼ਾਣੂ । ਅਜਿਹੀ ਬੀਮਾਰੀ ਜਿਸ ਨਾਲ ਇਨਸਾਨ ਬਹੁਤ ਹੀ ਦਰਦਨਾਕ ਮੌਤ ਮਰਦਾ ਹੈ।" ਉਸ ਦੇ ਝਿਜਕ ਭਰੇ ਬੋਲ ਸਨ; "ਆਹ ਸ਼ੀਸ਼ੀ ਵਿਚ ਬੰਦ ਹੈ ਮੌਤ ਦਾ ਇਹ ਸ਼ਕਤੀਸ਼ਾਲੀ ਏਜੰਟ - ਨੋਵਲ ਕਰੋਨਾ ਵਾਇਰਸ।"


ਲੀਓ ਦੀਆਂ ਅੱਖਾਂ ਵਿਚ ਸੰਤੁਸ਼ਟੀ ਦੀ ਇਕ ਹਲਕੀ ਜਿਹੀ ਝਲਕ ਨਜ਼ਰ ਆਈ। "ਅਜਿਹੀ ਜਾਨਲੇਵਾ ਚੀਜ਼ ਨੂੰ ਸੰਭਾਲਣਾ ਬੜਾ ਜੋਖ਼ਮਈ ਕੰਮ ਹੈ।" ਲਲਚਾਈਆਂ ਅੱਖਾਂ ਨਾਲ ਟਿਊਬ ਨੂੰ ਦੇਖਦੇ ਹੋਏ ਉਹ ਬੋਲਿਆ।


ਯੰਗ ਸੂ ਨੂੰ ਲੀਓ ਦੇ ਲਹਿਜ਼ੇ ਵਿਚ ਭੈੜੀ ਖੁਸ਼ੀ ਦਾ ਇਜ਼ਹਾਰ ਨਜ਼ਰ ਆਇਆ। ਅੱਜ ਦੁਪਿਹਰੇ, ਲੀਓ, ਉਸ ਦੇ ਇਕ ਪੁਰਾਣੇ ਮਿੱਤਰ ਦੇ ਹਵਾਲੇ ਨਾਲ ਉਸ ਨੂੰ ਮਿਲਣ ਆਇਆ ਸੀ। ਪਰ ਇਸ ਦਾ ਸੁਭਾਅ ਤਾਂ ਉਸ ਦੇ ਮਿੱਤਰ ਦੇ ਸੁਭਾਅ ਨਾਲੋਂ ਬਿਲਕੁਲ ਹੀ ਉਲਟ ਸੀ। ਗੰਜਾ ਸਿਰ, ਚਪਟਾ ਨੱਕ, ਬਿੱਲੀਆਂ ਅੱਖਾਂ, ਉਘੜ-ਦੁਘੜੇ ਹਾਵ-ਭਾਵ ਤੇ ਘਬਰਾਇਆ ਜਿਹਾ, ਪਰ ਵਿਸ਼ਾਣੂੰਆਂ ਬਾਰੇ ਜਾਨਣ ਲਈ ਡਾਢਾ ਹੀ ਤੱਤਪਰ, ਲੀਓ, ਉਸ ਦੇ ਸ਼ਾਂਤ-ਸੁਭਾਅ ਵਾਲੇ ਖੋਜੀ ਦੌਸਤ, ਜੋ ਵਿਗਿਆਨਕ ਵਿਚਾਰ-ਵਟਾਂਦਰੇ ਦੌਰਾਨ ਕਦੇ ਵੀ ਵਿਚਿਲਤ ਨਹੀਂ ਸੀ ਹੁੰਦਾ, ਨਾਲੋਂ ਬਹੁਤ ਹੀ ਵੱਖਰਾ ਸੀ। ਸ਼ਾਇਦ ਅਜਿਹਾ ਇਸ ਲਈ ਸੀ ਕਿ ਲੀਓ, ਨੋਵਲ ਕਰੋਨਾ ਵਾਇਰਸ ਦੀ ਘਾਤਕ ਤਾਕਤ ਬਾਰੇ ਜਾਣ ਕੇ ਡਾਢਾ ਪ੍ਰਭਾਵਿਤ ਹੋ ਗਿਆ ਸੀ।


ਗੰਭੀਰ ਮੁਦਰਾ ਵਿਚ ਟਿਊਬ ਨੂੰ ਹੱਥ ਵਿਚ ਫੜੀ ਯੰਗ ਸੂ ਬੋਲ ਰਿਹਾ ਸੀ; "ਹਾਂ, ਇਸ ਵਿਚ ਮਹਾਂਮਾਰੀ ਕੈਦ ਹੈ। ਇਸ ਛੋਟੀ ਜਿਹੀ ਟਿਊਬ ਦੇ ਦ੍ਰਵ ਨੂੰ, ਜੇ ਕਿਧਰੇ ਕਿਸੇ ਵੀ ਖਾਣ ਵਾਲੀ ਚੀਜ਼ ਵਿਚ ਰਲਾ ਦੇਵੋ, ਤਾਂ ਇਸ ਵਿਚਲੇ ਸੂਖਮ ਵਿਸ਼ਾਣੂ, ਜਿਨ੍ਹਾਂ ਦੀ ਨਾ ਤਾਂ ਕੋਈ ਮਹਿਕ ਹੈ ਤੇ ਨਾ ਹੀ ਸੁਆਦ, ਅਤੇ ਜਿਨ੍ਹਾਂ ਨੂੰ ਦੇਖਣ ਲਈ ਬਹੁਤ ਹੀ ਸ਼ਕਤੀਸ਼ਾਲੀ ਖੁਰਦਬੀਨ ਦੀ ਲੋੜ ਪੈਂਦੀ ਹੈ, ਬੱਸ "ਜਾਉ ਤੇ ਵਧੋ ਫੁੱਲੋ।" ਕਹਿੰਦਿਆਂ ਹੀ ਤੁਰੰਤ ਦਮ-ਘੋਟੂ, ਦਰਦਨਾਕ ਤੇ ਭਿਆਨਕ ਮੌਤ ਦਾ ਕਹਿਰ ਸ਼ਹਿਰ ਉੱਤੇ ਢਾਹਣਾ ਸ਼ੁਰੂ ਕਰ ਦੇਣਗੇ।


ਤਦ ਮੌਤ ਦਾ ਇਹ ਏਜੰਟ ਥਾਂ ਥਾਂ ਆਪਣਾ ਸ਼ਿਕਾਰ ਭਾਲਦਾ ਫਿਰ ਰਿਹਾ ਹੋਵੇਗਾ। ਉਹ ਕਿਧਰੇ ਕਿਸੇ ਮਾਂ ਤੋਂ ਉਸ ਦਾ ਬੱਚਾ ਖੋਹ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਔਰਤ ਤੋਂ ਉਸ ਦਾ ਸੁਹਾਗ। ਕਿਧਰੇ ਇਹ ਕਿਸੇ ਕਾਰਿੰਦੇ ਨੂੰ ਆਪਣੀ ਡਿਊਟੀ ਕਰਨ ਤੋਂ ਅਯੋਗ ਕਰ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਮਿਹਨਤਕਸ਼ ਲਈ ਔਕੜਾਂ ਦਾ ਪਿਟਾਰਾ ਖੋਲ ਰਿਹਾ ਹੋਵੇਗਾ। ਇਸ ਦੀ ਲਾਗ ਕਾਰਣ ਬੀਮਾਰ ਹੋਏ ਮਨੁੱਖ ਦੀ ਛਿੱਕ, ਖੰਘ, ਥੁੱਕ ਤੇ ਲਾਰ ਇਸ ਦੇ ਵਾਹਣ ਹਨ। ਇਨ੍ਹਾਂ ਹੀ ਵਾਹਣਾਂ ਦਾ ਸਵਾਰ ਹੋ ਇਹ, ਸ਼ਹਿਰ ਦੀਆਂ ਹਵਾਵਾਂ ਵਿਚ ਉਡਦਾ-ਪੁਡਦਾ, ਥਾਂ-ਕੁਥਾਂ ਸ਼ਹਿ ਲਾਈ ਬੈਠਾ, ਪਾਰਕਾਂ ਵਿਚ ਲੱਗੀਆਂ ਪੀਘਾਂ ਉੱਤੇ ਝੂਟੇ ਲੈਂਦੇ ਛੋਟੇ ਬੱਚਿਆਂ, ਜਿੰਮ ਵਿਚ ਕਸਰਤ ਕਰ ਰਹੇ ਯੁਵਕਾਂ, ਰੈਸਟਰਾਂ ਵਿਚ ਖਾਣਾ ਖਾਂਦੇ ਪਰਿਵਾਰਾਂ, ਸਕੂਲਾਂ ਤੇ ਲਾਇਬ੍ਰੇਰੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ, ਖਰੀਦੋ-ਫ਼ਰੌਖਤ ਕਰਦੇ ਲੋਕਾਂ, ਬਿਜ਼ਨੈੱਸ ਮੀਟਿੰਗਾਂ ਤੇ ਕਾਨਫਰੰਸਾਂ ਵਿਚ ਮਸਰੂਫ਼ ਅਵਾਮ, ਜਨਤਕ ਰੈਲੀਆਂ ਤੇ ਜਨ-ਸਮਾਗਮਾਂ ਵਿਚ ਭਾਗ ਲੈ ਰਹੀ ਜਨਤਾ, ਹੋਰ ਤਾਂ ਹੋਰ ਬੱਸਾਂ ਜਾਂ ਟੈਕਸੀਆਂ ਵਿਚ ਸਫ਼ਰ ਕਰਦੇ ਯਾਤਰੀਆਂ ਦਾ ਵੀ ਪਿੱਛਾ ਕਰ ਰਿਹਾ ਹੋਵੇਗਾ। ਆਪਣੇ ਅਣਜਾਣਪੁਣੇ ਵਿਚ, ਕਿਧਰੇ ਇਸ ਘਰ ਦੇ ਤੇ ਕਿਧਰੇ ਓਸ ਘਰ ਦੇ ਵਾਸੀ, ਜਿਨ੍ਹਾਂ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕੀਤੇ ਬਿਨ੍ਹਾ ਖਾਣਾ ਖਾ ਲਿਆ ਹੋਵੇਗਾ, ਜਾਂ ਫ਼ਿਰ ਸੁੱਤੇ-ਸਿਧ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਇਸ ਦੀ ਲਾਗ ਭਰਿਆ ਹੱਥ ਲਗਾ ਲਿਆ ਹੋਵੇਗਾ, ਸਹਿਜੇ ਹੀ ਇਸ ਦਾ ਸ਼ਿਕਾਰ ਬਣ ਜਾਣਗੇ। ਅਣਧੋਤੇ ਫਲਾਂ ਤੇ ਸਲਾਦ ਖਾਂਦਿਆਂ, ਪਬਲਿਕ ਨਲ ਤੋਂ ਪਾਣੀ ਪੀਦਿਆਂ, ਤੇ ਜਾਂ ਫਿਰ ਦੋਸਤਾਂ ਮਿਤਰਾਂ ਨਾਲ ਹੱਥ ਮਿਲਾਂਦਿਆਂ ਪਤਾ ਨਹੀਂ ਕਦੋਂ ਤੇ ਕਿਥੇ ਇਹ ਜਮਦੂਤ ਤੁਹਾਨੂੰ ਪਕੜ ਲਵੇ। ਸਿਰਫ਼ ਇਕ ਵਾਰ ਮਨੁੱਖ ਦੀ ਸਾਹ ਪ੍ਰਣਾਲੀ ਜਾਂ ਖਾਥ-ਪਦਾਰਥਾਂ ਦਾ ਅੰਗ ਬਣਦਿਆਂ ਹੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਕਾਬੂ ਕਰ ਸਕੀਏ, ਦੇਖਦਿਆਂ ਹੀ ਦੇਖਦਿਆਂ ਇਹ ਮਹਾਂਨਗਰਾਂ, ਸ਼ਹਿਰਾਂ ਤੇ ਕਸਬਿਆਂ ਦੀ ਸੰਪੂਰਨ ਬਰਬਾਦੀ ਦਾ ਕਸੀਦਾ ਲਿਖ ਚੁੱਕਾ ਹੋਵੇਗਾ।"

ਅਚਾਨਕ ਉਹ ਚੁੱਪ ਹੋ ਗਿਆ। ਉਸ ਨੂੰ ਯਾਦ ਆ ਗਿਆ ਸੀ ਕਿ ਬਿਆਨਬਾਜ਼ੀ ਕਰਨਾ ਉਸਦੀ ਕਮਜ਼ੋਰੀ ਸੀ।
"
ਪਰ ਇਹ ਵਾਇਰਸ-ਸੈਂਪਲ ਇਥੇ ਪੂਰੀ ਤਰ੍ਹਾਂ ਮਹਿਫ਼ੂਜ਼ ਹੈ।" ਉਹ ਬੋਲਿਆ।


ਲੀਓ ਨੇ ਸਿਰ ਹਿਲਾਇਆ । ਉਸਦੀਆਂ ਅੱਖਾਂ ਵਿਚ ਅਜੀਬ ਚਮਕ ਸੀ। ਖੰਘੂਰਾ ਮਾਰ ਉਸਨੇ ਗਲਾ ਸਾਫ਼ ਕੀਤਾ। "ਇਹ ਅਰਾਜਕਤਾਵਾਦੀ, ਬਦਮਾਸ਼," ਉਹ ਬੋਲਿਆ, "ਬਿਲਕੁਲ ਮੂਰਖ ਹਨ, ਪੱਕੇ ਮੂਰਖ! ਆਪਣੇ ਮੁਫਾਦ ਲਈ ਉਹ ਬੰਬਾਂ ਦੀ ਵਰਤੋਂ ਕਰਦੇ ਨੇ, ਜਦ ਕਿ ਉਹ ਜਾਣਦੇ ਹੀ ਨਹੀਂ ਕਿ ਅਜਿਹੀ ਚੀਜ਼ ਵੀ ਮੌਜੂਦ ਹੈ। ਮੇਰਾ ਖਿਆਲ ਹੈ......."


ਅਚਾਨਕ ਫੋਨ ਦੀ ਘੰਟੀ ਵਜੀ। ਯੰਗ ਸੂ ਦਾ ਧਿਆਨ ਉਚਕਿਆ ਤੇ ਉਹ ਫੋਨ ਸੁਨਣ ਲੱਗਾ। ਥੋੜ੍ਹੀ ਜਿਹੀ ਗਲਬਾਤ ਬਾਅਦ ਉਹ ਬੋਲਿਆ, "ਤੁਸੀਂ ਰੁਕੋ! ਮੈਂ ਇਕ ਮਿੰਟ ਵਿਚ ਵਾਪਸ ਆਉਂਦਾ ਹਾਂ।" ਤੇ ਉਹ ਪ੍ਰਯੋਗਸ਼ਾਲਾ ਦਾ ਦਰਵਾਜ਼ਾ ਖੋਹਲ ਬਾਹਰ ਚਲੇ ਗਿਆ। ਜਦ ਉਹ ਦੁਬਾਰਾ ਪ੍ਰਯੋਗਸ਼ਾਲਾ ਵਿੱਚ ਦਾਖਿਲ ਹੋਇਆ ਤਾਂ ਲੀਓ ਆਪਣੀ ਘੜੀ ਦੇਖ ਰਿਹਾ ਸੀ।

"ਪਤਾ ਹੀ ਨਹੀਂ ਲੱਗਾ ਕਿ ਇਕ ਘੰਟਾ ਬੀਤ ਗਿਆ ਹੈ ਗੱਲਬਾਤ ਵਿਚ!" ਉਹ ਬੋਲਿਆ। "ਤਿੰਨ ਵਜ ਰਹੇ ਹਨ। ਮੈਨੁੰ ਇਥੋਂ ਢਾਈ ਵਜੇ ਚਲ ਪੈਣਾ ਚਾਹੀਦਾ ਸੀ। ਪਰ ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡਾ ਖੋਜ ਕਾਰਜ ਸਚਮੁੱਚ ਹੀ ਦਿਲਚਸਪ ਹੈ। ਜਿਸ ਕਾਰਣ ਵਕਤ ਦੇ ਗੁਜ਼ਰਣ ਦਾ ਪਤਾ ਹੀ ਨਹੀਂ ਚਲਿਆ। ਪਰ ਹੁਣ ਮੈਨੂੰ ਜਾਣਾ ਹੋਵੇਗਾ। ਕਿਉਂ ਕਿ ਸਾਢੇ ਤਿੰਨ ਵਜੇ ਮੇਰਾ ਕਿਸੇ ਹੋਰ ਸੱਜਣ ਨੂੰ ਮਿਲਣਾ ਤੈਅ ਹੈ। ਏਸ ਮੁਲਾਕਾਤ ਲਈ ਸਮਾਂ ਦੇਣ ਵਾਸਤੇ ਤੁਹਾਡਾ ਸ਼ੁਕਰੀਆ।"


ਯੰਗ ਸੂ ਉਸ ਨੂੰ ਦਰਵਾਜ਼ੇ ਤਕ ਛੱਡਣ ਗਿਆ ਤੇ ਸੋਚਾਂ ਵਿਚ ਡੁੱਬਾ ਵਾਪਸ ਆ ਗਿਆ। ਉਹ ਲੀਓ ਬਾਰੇ ਹੀ ਸੋਚ ਰਿਹਾ ਸੀ ਕਿ ਨਾ ਤਾਂ ਉਹ ਕੋਰੀਅਨ ਨਜ਼ਰ ਆ ਰਿਹਾ ਸੀ ਤੇ ਨਾ ਹੀ ਤੈਵਾਨੀ ਜਾਂ ਜਾਪਾਨੀ। "ਲਗਦਾ ਹੈ ਕਿ ਉਹ ਜ਼ਰੂਰ ਹੀ ਮਾੜੇ ਸੁਭਾਅ ਵਾਲਾ ਸਥਾਨਕ ਵਾਸੀ ਹੀ ਹੈ।" ਉਹ ਬੁੜਬੜਾਇਆ। "ਦੇਖੋ ਤਾਂ ਉਹ ਜ਼ਿੰਦਾ ਨੋਵਲ ਕਰੋਨਾ ਵਾਇਰਸ ਦੇ ਸੈਂਪਲ ਨੂੰ ਕਿਵੇਂ ਘੂਰ ਰਿਹਾ ਸੀ।"


ਅਚਾਨਕ ਉਸ ਨੂੰ ਇਕ ਨਵੀਂ ਚਿੰਤਾ ਨੇ ਘੇਰ ਲਿਆ। ਉਹ ਤੇਜ਼ੀ ਨਾਲ ਖੁਰਦਬੀਨ ਵਾਲੇ ਮੇਜ਼ ਵੱਲ ਗਿਆ ਤੇ ਤੁਰੰਤ ਹੀ ਆਪਣੇ ਰਿਕਾਰਡ-ਟੇਬਲ ਵੱਲ ਮੁੜ ਆਇਆ। ਤਦ ਉਸ ਨੇ ਕਾਹਲੀ ਕਾਹਲੀ ਆਪਣੀ ਜੇਬਾਂ ਦੀ ਫਰੋਲਾ-ਫਰਾਲੀ ਕੀਤੀ। ਤੇ ਫਿਰ ਫਟਾਫਟ ਦਰਵਾਜ਼ੇ ਵੱਲ ਨੱਠ ਉੱਠਿਆ। "ਸ਼ਾਇਦ ਮੈਂ ਉਸ ਨੂੰ ਜੂਲੀਆ ਦੇ ਮੇਜ਼ ਉੱਤੇ ਭੁੱਲ ਆਇਆ ਹੋਵਾਂ।" ਉਹ ਬੁੜ ਬੁੜਾ ਰਿਹਾ ਸੀ। ਕਮਰੇ ਤੋਂ ਬਾਹਰ ਆ ਉਹ ਦੁਖਭਰੀ ਆਵਾਜ਼ ਨਾਲ ਚੀਖਿਆ। "ਜੂਲੀਆ!"


"
ਜੀ ਸਰ।" ਨਾਲ ਦੇ ਕਮਰੇ 'ਚੋਂ ਉਸ ਦੀ ਸੈਕਟਰੀ ਦੀ ਆਵਾਜ਼ ਸੁਣਾਈ ਦਿੱਤੀ।

"ਹੁਣੇ ਹੁਣੇ ਜਦ ਆਪਾਂ ਗੱਲ ਕੀਤੀ ਸੀ, ਕੀ ਮੈਂ ਤੇਰੇ ਮੇਜ਼ ਉੱਤੇ ਕੁਝ ਭੁੱਲ ਤਾਂ ਨਹੀਂ ਆਇਆ?"

ਕੁਝ ਦੇਰ ਚੁੱਪ ਤੋਂ ਬਾਅਦ, ਜੂਲੀਆ ਦੀ ਆਵਾਜ਼ ਸੁਣਾਈ ਦਿੱਤੀ, "ਨਹੀਂ ਸਰ! ਇਥੇ ਤਾਂ ਕੁਝ ਵੀ ਨਹੀਂ .........।"

"ਸਤਿਆਨਾਸ" ਯੰਗ ਸੂ ਚੀਖਿਆ ਤੇ ਤੇਜ਼ੀ ਨਾਲ ਬਾਹਰ ਵੱਲ ਭੱਜਿਆ। ਕਾਹਲੇ ਕਾਹਲੇ ਕਦਮੀਂ ਪ੍ਰਯੋਗਸ਼ਾਲਾ ਦੇ ਹਾਲ ਨੂੰ ਪਾਰ ਕਰ ਉਹ ਬਾਹਰਲੀ ਸੜਕ ਉੱਤੇ ਪਹੁੰਚ ਗਿਆ।


ਜ਼ੋਰ ਨਾਲ ਖੋਲੇ ਗਏ ਦਰਵਾਜ਼ੇ ਦੀ ਠਾਹ ਸੁਣਦੇ ਹੀ ਜੂਲੀਆ ਅਚਣਚੇਤੀ ਡਰ ਕਾਰਣ ਖਿੜਕੀ ਵੱਲ ਭੱਜੀ।

ਸੜਕ ਉੱਤੇ ਅੱਜ ਦਾ ਮੁਲਾਕਾਤੀ ਟੈਕਸੀ ਵਿਚ ਬੈਠ ਰਿਹਾ ਨਜ਼ਰ ਆਇਆ।

ਨੰਗੇ ਸਿਰ, ਬਿਨ੍ਹਾ ਕੋਟ ਪਹਿਨੀ ਯੰਗ ਸੂ, ਸਧਾਰਣ ਚੱਪਲਾਂ ਵਿਚ ਹੀ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਬਾਹਰ ਵੱਲ ਨੱਠਿਆ ਜਾ ਰਿਹਾ ਸੀ। ਉਸ ਦੀ ਇਕ ਚੱਪਲ ਦਾ ਸਟਰੈਪ ਵੀ ਨਿਕਲ ਆਇਆ ਸੀ, ਪਰ ਉਹ ਇਸ ਵੱਲ ਬਿਨ੍ਹਾ ਧਿਆਨ ਦਿੱਤੇ, ਉਵੇਂ ਹੀ ਚੱਪਲ ਨੂੰ ਘਸੀਟਦਾ ਦੌੜਿਆ ਜਾ ਰਿਹਾ ਸੀ।

 

"ਲੱਗਦਾ ਹੈ ਕਿ ਡਾ. ਯੰਗ ਸੂ ਦਾ ਦਿਮਾਗ ਹਿੱਲ ਗਿਆ ਹੈ।" ਜੂਲੀਆ ਬੁੜਬੁੜਾਈ। "ਡਾ. ਯੰਗ ਸੂ ਰੁਕੋ......." ਸ਼ਬਦ ਅਜੇ ਉਸ ਦੇ ਮੂੰਹ ਵਿਚ ਹੀ ਸਨ ਕਿ ਉਸ ਦੇਖਿਆ, ਅੱਜ ਵਾਲਾ ਮੁਲਾਕਾਤੀ ਵੀ ਆਲੇ ਦੁਆਲੇ ਝਾਕਦਾ, ਅਜਿਹੀ ਹੀ ਦਿਮਾਗੀ ਬੀਮਾਰੀ ਦਾ ਸ਼ਿਕਾਰ ਲਗ ਰਿਹਾ ਸੀ। ਮੁਲਾਕਾਤੀ, ਯੰਗ ਸੂ ਵੱਲ ਅਜੀਬ ਇਸ਼ਾਰਾ ਕਰ, ਫਟਾਫਟ ਕਾਰ ਵਿਚ ਬੈਠ ਗਿਆ। ਜੋ ਤੇਜ਼ ਗਤੀ ਨਾਲ, "ਹੁਨੇਨ ਸੀਫੂਡ ਮਾਰਕਿਟ" ਵੱਲ ਜਾਂਦੇ ਰਸਤੇ ਉੱਤੇ ਅੱਖੋ ਓਹਲੇ ਹੁੰਦੀ ਜਾ ਰਹੀ ਸੀ। ਤੁਰੰਤ ਹੀ ਯੰਗ ਸੂ ਨੇ ਪਿੱਛਿਓ ਆ ਰਹੀ ਟੈਕਸੀ ਨੂੰ ਹੱਥ ਦਿੱਤਾ, ਤੇ ਅਗਲੇ ਹੀ ਪਲ ਉਸ ਵਿਚ ਬੈਠ, ਤੇਜ਼ ਰਫ਼ਤਾਰ ਨਾਲ ਲੀਓ ਦੀ ਟੈਕਸੀ ਦਾ ਪਿੱਛਾ ਕਰਦਾ ਨਜ਼ਰ ਆਇਆ।


ਜੂਲੀਆ ਖਿੜਕੀ ਤੋਂ ਪਿੱਛੇ ਹਟ, ਕਮਰੇ ਵਿਚ ਹੱਕੀ-ਬੱਕੀ ਖੜੀ ਸੀ।

"ਬੇਸ਼ਕ ਡਾ. ਯੰਗ ਸੂ ਥੋੜ੍ਹਾ ਸਨਕੀ ਹੈ, ਪਰ ਸਰਦੀ ਦੇ ਇਸ ਮੌਸਮ ਵਿਚ ਬਿਨ੍ਹਾਂ ਟੋਪ, ਕੋਟ ਤੇ ਬੂਟ-ਜੁਰਾਬਾਂ ਪਹਿਨੇ ਸੜਕਾਂ ਉੱਤੇ ਦੌੜੇ ਫਿਰਨਾ ਕਿਥੋਂ ਦੀ ਸਿਆਣਪ ਹੈ।" ਉਸ ਸੋਚਿਆ।

ਅਚਾਨਕ ਉਸ ਨੂੰ ਖੁਸ਼ਨੁਮਾ ਵਿਚਾਰ ਆਇਆ। ਜਲਦੀ ਜਲਦੀ ਉਸ ਨੇ ਹਾਲ ਨੂੰ ਪਾਰ ਕਰ ਬਾਹਰਲੇ ਦਰਵਾਜ਼ੇ ਕੋਲ ਪਏ ਆਪਣੇ ਬੂਟ ਪਹਿਨੇ, ਕਿੱਲੀ ਤੋਂ ਆਪਣਾ ਹੈਟ ਤੇ ਕੋਟ ਲਾਹ, ਤੁਰੰਤ ਪਹਿਨਦਿਆ, ਉਸ ਯੰਗ ਸੂ ਦਾ ਹੈਟ ਤੇ ਕੋਟ ਵੀ ਚੁੱਕ ਲਿਆ।

ਪ੍ਰਯੋਗਸ਼ਾਲਾ ਤੋਂ ਬਾਹਰ ਆ, ਕੋਲੋਂ ਲੰਘ ਰਹੀ ਟੈਕਸੀ ਨੂੰ ਰੋਕ, ਵਿਚ ਬੈਠਦਿਆ ਹੀ ਉਸ ਨੂੰ "ਹੁਨੇਨ ਸੀਫੂਡ ਮਾਰਕਿਟ" ਵੱਲ ਚੱਲਣ ਲਈ ਕਿਹਾ ਤਾਂ ਜੋ ਕੁਝ ਦੇਰ ਪਹਿਲਾਂ ਹੀ ਟੈਕਸੀ ਵਿਚ ਬੈਠੇ, ਨੰਗੇ ਸਿਰ ਤੇ ਬਿਨ੍ਹਾਂ ਕੋਟ ਵਾਲੇ ਬੰਦੇ ਨੂੰ ਲੱਭ ਸਕੇ।
"
ਨੰਗੇ ਸਿਰ ਵਾਲਾ ਤੇ ਬਿਨ੍ਹਾ ਕੋਟ ਤੋਂ, ਮੈਡਮ ਜੀ! ਠੀਕ ਹੈ ਨਾ।" ਕਹਿ ਡਰਾਈਵਰ ਨੇ ਐਕਸੀਲੇਟਰ ਦਬਾ, ਦੱਸੀ ਦਿਸ਼ਾ ਵੱਲ ਟੈਕਸੀ ਸਰਪਟ ਦੁੜਾ ਦਿੱਤੀ।

--------------------------​

ਜਿਵੇਂ ਹੀ ਤੇਜ਼ ਰਫਤਾਰ ਟੈਕਸੀ "ਹੁਨੇਨ ਟੈਕਸੀ ਸਟੈਂਡ" ਨੇੜੇ ਪੁੱਜੀ, ਜਿਥੇ ਅਕਸਰ ਡਰਾਈਵਰ ਤੇ ਹੋਰ ਵਿਹਲੜ੍ਹ ਬੈਠੇ ਰਹਿੰਦੇ ਸਨਉਹ ਸਾਰੇ ਹੀ ਇੰਨ੍ਹੀ ਤੇਜ਼ੀ ਨਾਲ ਆ ਰਹੀ ਟੈਕਸੀ ਨੂੰ ਦੇਖ ਹੈਰਾਨ ਹੋ ਗਏ।

ਤੁਰੰਤ ਹੀ ਟੈਕਸੀ ਅੱਖੋ ਉਹਲੇ ਹੋ ਗਈ।


"
ਆਹ! ਲੀਅ ਨੂੰ ਕੀ ਹੋ ਗਿਆ? ਇੰਨ੍ਹੀ ਤੇਜ਼ੀ?" ਮੋਟੇ ਠੁੱਲੇ ਜੁੱਸੇ ਵਾਲੇ ਯਿਫ਼ਾਨ ਦੇ ਬੋਲ ਸਨ।

"ਜਾਪਦਾ ਹੈ ਐਕਸੀਲੇਟਰ ਦੀ ਇਹੀ ਤਿਹੀ ਕਰ ਰਿਹਾ ਹੈ।" ਛੋਟੇ ਕੱਦ ਵਾਲਾ ਵਾਂਗ ਬੋਲਿਆ।

"ਓਹ ਦੇਖੋ! ਇਕ ਹੋਰ ਅਜਿਹਾ ਹੀ ਪਾਗਲ ਆ ਰਿਹਾ ਹੈ।" ਬੁੱਢੇ ਸੈਂਗ ਨੇ ਸਰਪਟ ਦੌੜੀ ਆ ਰਹੀ ਟੈਕਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ।

"ਇਹ ਤਾਂ ਆਪਣਾ ਫੈਂਗ ਹੈ।" ਯਿਫ਼ਾਨ ਕਹਿ ਰਿਹਾ ਸੀ, "ਇਸ ਨੂੰ ਕੀ ਹੋ ਗਿਆ? ਜਾਪਦਾ ਹੈ ਇਹ ਲੀਅ ਦੀ ਟੈਕਸੀ ਦਾ ਪਿੱਛਾ ਕਰ ਰਿਹਾ ਹੈ।"


ਟੈਕਸੀ ਸਟੈਂਡ ਵਿਖੇ ਹਾਜ਼ਿਰ ਮੰਡਲੀ ਵਿਚ ਜ਼ੋਸ਼ ਭਰ ਗਿਆ ਸੀ । ਇਕੱਠੀਆਂ ਕਈ ਆਵਾਜ਼ਾਂ ਸੁਣਾਈ ਦਿੱਤੀਆਂ। "ਤੇਜ਼ ਚਲਾ ਫੈਂਗ, ਹੋਰ ਤੇਜ਼ ਚਲਾ।" "ਵਾਹ ਬਈ ਵਾਹ! ਜ਼ਬਰਦਸਤ ਮੁਕਾਬਲਾ ਹੈ ਇਹ।" "ਤੂੰ ਜ਼ਰੂਰ ਉਸ ਨੂੰ ਫੜ੍ਹ ਲਵੇਗਾ।" "ਬੱਸ ਜ਼ਰਾ ਹੋਰ ਤੇਜ਼ ਕਰ ਲੈ ਆਪਣੀ ਗੱਡੀ। ਬਾਜ਼ੀ ਜਿੱਤ ਲਈ ਸਮਝ।"


"
ਲਗਦਾ ਹੈ, ਚਲਾਨ ਕਟੇਗਾ ਇਨ੍ਹਾਂ ਦਾ ਤੇਜ਼ ਸਪੀਡ ਕਾਰਣ।" ਵਾਂਗ ਦੇ ਬੋਲ ਸਨ।

"ਤੋਬਾ, ਤੋਬਾ, ਮੈਨੂੰ ਤਾਂ ਚੱਕਰ ਆ ਰਿਹਾ ਹੈ।" ਤੇਜ਼ੀ ਨਾਲ ਨੇੜੇ ਆ ਰਹੀ ਇਕ ਹੋਰ ਟੈਕਸੀ ਨੂੰ ਦੇਖ ਬੁੱਢਾ ਸੈਂਗ ਬੋਲਿਆ। "ਓਹ ਦੇਖੋ, ਇਕ ਹੋਰ ਪਾਗਲ ਆ ਰਿਹਾ ਹੈ।" "ਜਾਪਦਾ ਹੈ ਸ਼ਹਿਰ ਦੇ ਸਾਰੇ ਡਰਾਇਵਰ ਪਾਗਲ ਹੋ ਗਏ ਨੇ ਅੱਜ।"


"
ਇਹ ਤਾਂ ਆਪਣਾ ਯਾਂਗ ਹੈ।" ਛੋਟੇ ਕੱਦ ਵਾਲਾ ਵਾਂਗ ਬੋਲਿਆ।

"ਆਹ ਤਾਂ ਔਰਤ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।"ਯਿਫ਼ਾਨ ਦੇ ਬੋਲ ਸਨ। "ਆਮ ਕਰ ਕੇ ਤਾਂ ਇਸ ਤੋਂ ਉਲਟ ਹੁੰਦਾ ਹੈ।"
"
ਉਸ ਦੇ ਹੱਥ ਵਿਚ ਕੀ ਹੈ?"

"ਜਾਪਦਾ ਹੈ ਕੋਈ ਚੀਜ਼ ਹੈ!" ਕਿਸੇ ਦੇ ਬੋਲ ਸਨ।

"ਬਾਹਲਾ ਸਿਆਣਾ ਹੈ ਇਹ ਤਾਂ।" ਕੋਈ ਹੋਰ ਕਹਿ ਰਿਹਾ ਸੀ।

"ਬੁੱਢਾ ਲੀਅ ਤਾਂ ਨੰਬਰ ਲੈ ਗਿਆ। ਅਵੱਲ ਰਿਹਾ ਉਹ ਤਾਂ, ਦੂਜਾ ਨੰਬਰ ਕਿਸ ਦਾ ਰਿਹਾ?" ਵਾਂਗ ਪੁੱਛ ਰਿਹਾ ਸੀ।


ਜੂਲੀਆ ਦੀ ਕਾਰ ਵਾਹ ਵਾਹ ਦੇ ਤੀਬਰ ਸ਼ੌਰ-ਗੁੱਲ ਵਿਚੋਂ ਗੁਜ਼ਰੀ। ਉਸ ਨੂੰ ਅਜਿਹਾ ਸ਼ੌਰ-ਗੁੱਲ ਬਿਲਕੁਲ ਹੀ ਪਸੰਦ ਨਹੀਂ ਸੀ। ਉਹ ਤਾਂ ਸੋਚ ਰਹੀ ਸੀ ਕਿ ਉਹ ਤਾਂ ਸਿਰਫ਼ ਆਪਣੀ ਡਿਊਟੀ ਕਰ ਰਹੀ ਸੀ। ਟੈਕਸੀ ਨੇ "ਚਐਨ ਹਿਲ ਪਾਰਕ" ਦਾ ਘੁੰਮੇਟਾ ਪੂਰਾ ਕਰ "ਹੁਨੇਨ ਸੀਫੂਡ ਮਾਰਕਿਟ" ਦੀ ਰਾਹ ਫੜ੍ਹ ਲਈ। ਜੂਲੀਆ ਦੀਆਂ ਅੱਖਾਂ ਫੈਂਗ ਦੀ ਟੈਕਸੀ ਦੀ ਪਿੱਠ ਉੱਤੇ ਟਿਕੀਆਂ ਹੋਈਆ ਸਨ। ਜਿਸ ਵਿਚ ਡਾ. ਯੰਗ ਸੂ ਆਪਣੇ ਕਮਲਪੁਣੇ ਕਾਰਣ ਠੰਢ ਨਾਲ ਠੁਰ ਠੁਰ ਕਰ ਰਿਹਾ ਸੀ।

------------------​

ਸੱਭ ਤੋਂ ਅਗਲੀ ਟੈਕਸੀ ਵਿਚ, ਲੀਓ, ਪਿਛਲੀ ਸੀਟ ਦੇ ਕੋਨੇ ਵਿਚ ਸੁੰਗੜ੍ਹਿਆ ਬੈਠਾ ਸੀ। ਸੱਜੇ ਹੱਥ ਵਿਚ ਉਸ ਨੇ ਉਹ ਛੋਟੀ ਜਿਹੀ ਟਿਊਬ ਕੱਸ ਕੇ ਫੜ੍ਹੀ ਹੋਈ ਸੀ ਜਿਸ ਵਿਚ ਭਿਆਨਕ ਤਬਾਹੀ ਦੇ ਅੰਕੁਰ ਮੌਜੂਦ ਸਨ। ਉਸ ਦੇ ਚਿਹਰੇ ਉੱਤੇ ਡਰ ਤੇ ਖੁਸ਼ੀ ਦੇ ਹਾਵ-ਭਾਵ ਰਲ-ਗਡ ਸਨ। ਸੱਭ ਤੋਂ ਵੱਡਾ ਡਰ ਤਾਂ ਉਸ ਨੂੰ ਇਹ ਸੀ ਕਿ ਕਿਧਰੇ ਉਹ ਆਪਣਾ ਮਕਸਦ ਪੂਰਾ ਕਰਨ ਤੋਂ ਪਹਿਲਾਂ ਹੀ ਫੜ੍ਹਿਆ ਨਾ ਜਾਵੇ। ਉਸ ਦੇ ਇਸ ਡਰ ਵਿਚ, ਕੀਤੇ ਜਾ ਰਹੇ ਜੁਰਮ ਦਾ ਡਰ ਵੀ ਸ਼ਾਮਿਲ ਸੀ। ਪਰ ਉਸ ਨੂੰ, ਕੀਤੇ ਜਾਣ ਵਾਲੇ ਕਾਰਨਾਮੇ ਦੀ ਖੁਸ਼ੀ, ਮੌਜੂਦਾ ਡਰ ਨਾਲੋਂ ਕਿਤੇ ਵਧੇਰੇ ਸੀ।

ਉਸ ਦੇ ਮਨ ਵਿਚ ਖਿਆਲਾਂ ਦੀ ਉੱਥਲ-ਪੁਥਲ ਸੀ। "ਅੱਜ ਤਕ ਕੋਈ ਵੀ ਅਰਾਜਕਤਾਵਾਦੀ, ਅਜਿਹੇ ਕਾਰਨਾਮੇ ਨੂੰ ਕਰਨਾ ਤਾਂ ਕੀ, ਇਸ ਬਾਰੇ ਸੋਚ ਵੀ ਨਹੀਂ ਸਕਿਆ। ਏਮਿਲੀ ਅਰਮੰਡ, ਰੇਮੰਡ ਕਲੇਮਿਨ ਤੇ ਵਿਕਟਰ ਸਰਗੇ ਵਰਗੀਆਂ ਸਖ਼ਸ਼ੀਅਤਾਂ, ਜਿਨ੍ਹਾਂ ਦਾ ਮੈਂ ਹਮੇਸ਼ਾਂ ਕਾਇਲ ਰਿਹਾ ਸੀ, ਉਨ੍ਹਾਂ ਦੇ ਨਾਮ, ਮੇਰੇ ਇਸ ਕਾਰਨਾਮੇ ਦੀ ਬਦੌਲਤ, ਫਿੱਕੇ ਪੈ ਜਾਣਗੇ। ਮੈਂ ਤਾਂ ਇਸ ਨਿੱਕੀ ਜਿਹੀ ਟਿਊਬ ਵਿਚਲੇ ਦ੍ਰਵ ਨੂੰ ਕਿਸੇ ਖਾਣਾ ਭੰਡਾਰ ਵਿਖੇ ਡੋਲ੍ਹਣਾ ਹੀ ਹੈ। ਬਾਕੀ ਕੰਮ ਤਾਂ ਦ੍ਰਵ ਵਿਚਲੇ ਨਿਕਚੂਆਂ ਨੇ ਆਪੇ ਕਰ ਲੈਣਾ ਹੈ।"

ਉਸ ਨੂੰ ਆਪਣੇ ਆਪ ਉੱਤੇ ਰਸ਼ਕ ਆ ਰਿਹਾ ਸੀ। ਇਹ ਸਾਰਾ ਕੁਝ ਉਸ ਨੇ ਕਿੰਨ੍ਹੀ ਚਲਾਕੀ ਨਾਲ ਵਿਉਂਤ ਲਿਆ ਸੀ, ਪਹਿਲਾਂ ਡਾ. ਯੰਗ ਸੂ ਨੂੰ ਮਿਲਣ ਲਈ ਲੋੜੀਂਦੇ ਜਾਣ-ਪਛਾਣ ਪੱਤਰ ਦੀ ਜਾਲਸਾਜ਼ੀ, ਤੇ ਫਿਰ ਕਿਵੇਂ ਸੁਚੱਜੇ ਢੰਗ ਨਾਲ ਮੌਕੇ ਦਾ ਫ਼ਾਇਦਾ ਉਠਾਣਾ। "ਆਖਰ ਦੁਨੀਆਂ ਨੂੰ ਮੇਰੀ ਸਖ਼ਸ਼ੀਅਤ ਦਾ ਕਾਇਲ ਹੋਣਾ ਹੀ ਹੋਵੇਗਾ।" ਉਹ ਸੋਚ ਰਿਹਾ ਸੀ। "ਉਹ ਸਾਰੇ ਲੋਕ, ਜੋ ਸਦਾ ਮੇਰਾ ਮਜ਼ਾਕ ਬਣਾਉਂਦੇ ਰਹੇ, ਤਾਅਨੇ ਕੱਸਦੇ ਰਹੇ, ਮੈਨੂੰ ਨਿਕੰਮਾ ਤੇ ਨਲਾਇਕ ਕਹਿੰਦੇ ਰਹੇ, ਮੇਰੇ ਨਾਲ ਸਦਾ ਅਨਿਆਂ ਕਰਦੇ ਰਹੇ, ਤੇ ਮੈਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਨ ਸਮਝਦੇ, ਆਖ਼ਰਕਾਰ ਮੇਰੀ ਕਾਬਲੀਅਤ ਦੇ ਕਾਇਲ ਹੋ ਜਾਣਗੇ। ਮੌਤ ਦੇ ਇਸ ਤਾਂਡਵੀਂ ਨਾਚ ਨਾਲ ਮੈਂ ਉਨ੍ਹਾਂ ਨੂੰ ਦੱਸ ਦੇਵੇਗਾ ਕਿ ਕਿਸੇ ਨੂੰ ਅਲੱਗ-ਥਲੱਗ ਕਰਨਾ ਕਿੰਨ੍ਹਾਂ ਗਲਤ ਹੁੰਦਾ ਹੈ।"

"ਆਹ! ਅਸੀਂ ਕਿਥੇ ਪਹੁੰਚ ਗਏ ਹਾਂ? ਇਹ ਤਾਂ "ਹੁਨੇਨ ਸੀਫੂਡ ਮਾਰਕਿਟ" ਜਾਪਦੀ ਹੈ। ਉਸ ਨੇ ਕਾਰ ਦੀ ਖਿੜਕੀ ਰਾਹੀਂ ਬਾਹਰ ਝਾਂਕਿਆ। ਯੰਗ ਸੂ ਵਾਲੀ ਕਾਰ ਅਜੇ ਨਜ਼ਰ ਨਹੀਂ ਸੀ ਆ ਰਹੀ। ਪਰ ਉਹ ਕਿਸੇ ਸਮੇਂ ਵੀ ਪਹੁੰਚ ਸਕਦਾ ਸੀ। ਸੱਭ ਕੁੱਝ ਜਲਦੀ ਜਲਦੀ ਕਰਨ ਦੀ ਲੋੜ ਸੀ। ਉਸ ਨੇ ਡਰਾਇਵਰ ਨੂੰ ਫੂਡ ਮਾਰਕਿਟ ਕੋਲ ਟੈਕਸੀ ਰੋਕਣ ਦਾ ਇਸ਼ਾਰਾ ਕੀਤਾ। ਕਾਰ ਵਿਚੋਂ ਫਟਾਫਟ ਬਾਹਰ ਨਿਕਲ, 100 ਯੂਆਨ ਦਾ ਨੋਟ ਡਰਾਇਵਰ ਵੱਲ ਸੁੱਟ, ਬਿਨ੍ਹਾਂ ਬਕਾਏ ਦਾ ਇੰਤਜ਼ਾਰ ਕੀਤੇ, ਉਹ ਦਗੜ੍ਹ ਦਗੜ੍ਹ ਕਰਦਾ ਪੌੜ੍ਹੀਆਂ ਚੜ੍ਹ, ਫੂਡ ਮਾਰਕਿਟ ਵਿਚ ਜਾ ਵੜ੍ਹਿਆ।

ਉਹ ਸਿੱਧਾ ਮੀਟ ਸੈਕਸ਼ਨ ਵੱਲ ਗਿਆ। ਪਹਿਲਾ ਕਾਂਊਟਰ ਚਾਮਚੜਿਕਾਂ ਦੇ ਮੀਟ ਨਾਲ ਲੱਦਿਆ ਪਿਆ ਸੀ। ਉਹ ਮੀਟ ਖਰੀਦਣ ਦੇ ਅੰਦਾਜ਼ ਵਿਚ ਉਥੇ ਜਾ ਖੜ੍ਹਾ ਹੋਇਆ। ਸੇਲਜ਼ਮੈਨ ਅਜੇ ਪਹਿਲੇ ਗਾਹਕ ਨਾਲ ਹੀ ਮਸਰੂਫ਼ ਸੀ। ਉਸ ਨੇ ਆਲੇ ਦੁਆਲੇ ਦੇਖਿਆ, ਸੱਭ ਆਪੋ ਆਪਣੀ ਖਰੀਦੋ-ਫਰੋਖ਼ਤ ਵਿਚ ਮਸਤ ਸਨ। ਹੋਰਨਾਂ ਦੀ ਨਜ਼ਰ ਤੋਂ ਚੋਰੀ, ਉਸ ਨੇ ਆਪਣੇ ਕੋਟ ਦੀ ਲੰਮੀ ਬਾਂਹ ਦੇ ਓਹਲੇ ਵਿਚ ਟਿਊਬ ਵਿਚਲੇ ਦ੍ਰਵ ਦੀਆਂ ਕੁਝ ਬੂੰਦਾਂ ਚਾਮਚੜਿਕਾਂ ਦੇ ਮੀਟ ਉੱਤੇ ਸੁੱਟ ਦਿੱਤੀਆ। ਤੇ ਚੁਪਚੁਪੀਤੇ ਅੱਗੇ ਤੁਰ ਗਿਆ, ਅਜਿਹੇ ਅੰਦਾਜ਼ ਵਿਚ ਜਿਵੇਂ ਉਸ ਨੂੰ ਇਹ ਮੀਟ ਪਸੰਦ ਨਾ ਅਇਆ ਹੋਵੇ।

ਅਗਲੇ ਕਾਂਊਟਰ ਉੱਤੇ ਵੱਡੇ-ਛੋਟੇ ਤੇ ਕਾਲੇ-ਚਿੱਟੇ ਸੱਪ ਵਿਕ ਰਹੇ ਸਨ। ਤੇ ਉਸ ਤੋਂ ਅੱਗੇ ਮੈਕਿਰਲ ਮੱਛੀਆਂ ਵਾਲਾ ਸਟਾਲ ਸੀ। ਉਹ ਅੱਗੇ ਲੰਘ ਗਿਆ। ਕੁਝ ਦੂਰੀ ਉੱਤੇ "ਸਸਤਾ ਸੂਰ ਦਾ ਮੀਟ" ਹੈਡਿੰਗ ਵਾਲੀ ਦੁਕਾਨ ਉੱਤੇ ਕਾਫ਼ੀ ਭੀੜ ਲੱਗੀ ਹੋਈ ਸੀ। ਉਹ ਵੀ ਇਸੇ ਭੀੜ ਵਿਚ ਜਾ ਵੜ੍ਹਿਆ ਤੇ ਪਹਿਲਾਂ ਵਾਂਗ ਹੀ ਭੇਦਭਰੇ ਅੰਦਾਜ਼ ਵਿਚ ਟਿਊਬ ਵਿਚਲਾ ਬਾਕੀ ਦ੍ਰਵ ਇਸ ਦੁਕਾਨ ਦੇ ਮਾਲ ਉੱਤੇ ਡੋਲ੍ਹ ਦਿੱਤਾ। ਕੰਮ ਪੂਰਾ ਹੁੰਦਿਆਂ ਹੀ ਖੁਸ਼ੀ ਭਰੇ ਜੋਸ਼ ਨਾਲ ਉਹ ਚਹਿਕ ਉੱਠਿਆ। ਤਦ ਹੀ ਚੁਰਚੁਰੀ ਜਿਹੀ ਆਵਾਜ਼ ਸੁਣਾਈ ਦਿੱਤੀ। ਉਸ ਦੇਖਿਆ ਕਿ ਜੋਸ਼ ਜੋਸ਼ ਵਿਚ ਹੱਥਲੀ ਟਿਊਬ ਚੂਰਾ ਚੂਰਾ ਹੋ ਗਈ ਸੀ ਅਤੇ ਉਸ ਵਿਚਲੇ ਦ੍ਰਵ ਦੇ ਕੁੱਝ ਅੰਤਲੇ ਤੁਪਕੇ ਉਸ ਦੇ ਹੱਥ ਨੂੰ ਗਿੱਲਾ ਕਰ ਗਏ ਸਨ। ਚਿਹਰੇ ਉੱਤੇ ਅਚਾਨਕ ਆ ਬੈਠੀ ਮੱਖੀ ਨੂੰ ਉਡਾਉਣ ਲਈ ਜਿਵੇਂ ਹੀ ਉਸ ਚਿਹਰੇ ਨੂੰ ਛੂੰਹਿਆ, ਦ੍ਰਵ ਦਾ ਗਿੱਲਾ ਅਹਿਸਾਸ ਚਿਹਰੇ ਉੱਤੇ ਵੀ ਮਹਿਸੂਸ ਹੋਇਆ।
ਉਹ ਕੰਬ ਗਿਆ।

"ਜਾਪਦਾ ਹੈ। ਮੇਰਾ ਨੰਬਰ ਪਹਿਲਾ ਹੀ ਹੋਵੇਗਾ।" ਉਸ ਕਿਹਾ। "ਖੈਰ! ਕੁਝ ਵੀ ਵਾਪਰੇ, ਮੈਂ ਤਾਂ ਸ਼ਹੀਦ ਹੀ ਅਖ਼ਵਾਵਾਂਗਾ ।
ਮਾੜ੍ਹਾ ਸੌਦਾ ਨਹੀਂ ਹੈ ਇਹ। ਜੇ ਯੰਗ ਸੂ ਸੱਚ ਕਹਿ ਰਿਹਾ ਸੀ ਤਾਂ ਇਹ ਮੌਤ ਪਤਾ ਨਹੀਂ ਕਿੰਨ੍ਹਾਂ ਕੁ ਦੁਖ ਦੇਵੇਗੀ। ਸ਼ਾਇਦ ਬਹੁਤ ਹੀ ਦੁਰਗਤੀ ਵਾਲੀ ਹੋਵੇਗੀ ਇਹ ।"

ਅਚਾਨਕ ਉਸ ਨੂੰ ਖਿਆਲ ਆਇਆ। ਉਸ ਦਾ ਹੱਥ ਅਜੇ ਵੀ ਗਿੱਲਾ ਸੀ। ਆਪਣੇ ਕਾਰਨਾਮੇ ਨੂੰ ਯਕੀਨਨ ਸਫ਼ਲ ਬਣਾਉਣ ਲਈ ਉਸ ਨੇ ਆਪਣੇ ਗਿੱਲੇ ਹੱਥ ਨੂੰ ਚੱਟ ਲਿਆ।

ਤਦ ਹੀ ਉਸ ਨੂੰ ਫੁਰਨਾ ਫੁਰਿਆ ਕਿ ਹੁਣ ਉਸ ਨੂੰ ਯੰਗ ਸੂ ਤੋਂ ਬਚਣ ਦੀ ਹੋਰ ਲੌੜ ਨਹੀਂ ਹੈ। ਉਹ ਫੂਡ ਮਾਰਕਿਟ 'ਚੋਂ ਬਾਹਰ ਨਿਕਲ ਆਇਆ। ਹੌਲੇ ਹੌਲੇ ਮਾਰਕਿਟ ਦੀਆਂ ਪੌੜੀਆਂ ਉੱਤਰ ਉਹ ਪਾਰਕਿੰਗ ਵੱਲ ਚਲ ਪਿਆ। ਉਸ ਨੂੰ ਚੱਕਰ ਜਿਹਾ ਆਇਆ ਪਰ ਅਗਲੇ ਹੀ ਪਲ ਉਹ ਸੰਭਲ ਗਿਆ। "ਕਾਫੀ ਤੇਜ਼ ਜ਼ਹਿਰ ਹੈ ਇਹ।" ਉਸ ਸੋਚਿਆ। ਉਹ ਹੱਥ ਕੱਛਾਂ ਵਿਚ ਤੁੰਨ, ਫੁੱਟਪਾਥ ਉੱਤੇ ਖੜ, ਯੰਗ ਸੂ ਦਾ ਇੰਤਜ਼ਾਰ ਕਰਨ ਲੱਗਾ। ਉਸ ਦੇ ਖੜ੍ਹੇ ਹੋਣ ਦੇ ਢੰਗ ਵਿਚ ਬੇਸ਼ਕ ਕੁਝ ਉਦਾਸੀ ਜਿਹੀ ਝਲਕ ਰਹੀ ਸੀ। ਪਰ ਨੇੜੇ ਆ ਰਹੀ ਮੌਤ ਨੇ ਉਸ ਨੂੰ ਨਿਰਸੰਦੇਹ ਸਵੈਵਿਸ਼ਵਾਸ ਨਾਲ ਭਰ ਦਿੱਤਾ ਸੀ।

------------​

ਜਿਵੇਂ ਹੀ ਯੰਗ ਸੂ ਦੀ ਕਾਰ ਪਾਰਕਿੰਗ ਵਿਚ ਪੁੱਜੀ, ਖੁੱਲ ਕੇ ਹਸਦਾ ਹੋਇਆ ਉਹ ਪੂਰੇ ਜੋਸ਼ ਨਾਲ ਯੰਗ ਸੂ ਨੂੰ ਮਿਲਿਆ।


"
ਅਰਾਜਕਤਾਵਾਦ ਜ਼ਿੰਦਾਬਾਦ! ਤੂੰ ਬਹੁਤ ਲੇਟ ਹੋ ਗਿਆ ਮੇਰੇ ਦੌਸਤ। ਕਰੋਨਾ-ਵਾਇਰਸ ਤਾਂ ਹਵਾਵਾਂ ਦਾ ਸਵਾਰ ਬਣ ਚੁੱਕਾ ਹੈ।"


ਯੰਗ ਸੂ ਨੇ ਬੈਠੇ ਬਿਠਾਏ ਹੀ, ਕਾਰ ਦੀ ਖਿੜ੍ਹਕੀ ਰਾਹੀਂ ਉਸ ਵੱਲ ਉਤਸੁਕਤਾਪੂਰਨ ਝਾਕਿਆ। "ਓਹ ਬਦਨਸੀਬ ਲੀਓ! ਮੈਨੂੰ ਲਗ ਰਿਹਾ ਹੈ ਕਿ ਤੂੰ ਇਸ ਨੂੰ ਚਟਮ ਕਰ ਗਿਆ ਹੈ।"


ਉਹ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਰੁਕ ਗਿਆ। ਉਸ ਦੇ ਚਿਹਰੇ ਉੱਤੇ ਗੁੱਸੇ ਤੇ ਦੁੱਖ ਦੇ ਰਲੇ-ਮਿਲੇ ਭਾਵ ਸਨ। ਉਸ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲਿਆ, ਇੰਝ ਜਾਪਿਆ ਜਿਵੇਂ ਉਹ ਥੱਲੇ ਉਤਰਣ ਲਗਾ ਹੋਵੇ, ਪਰ ਲਿਓ ਬੜੇ ਹੀ ਨਾਟਕੀ ਅੰਦਾਜ਼ ਵਿਚ ਉਸ ਨੂੰ ਅਲਵਿਦਾ ਕਹਿ, ਵੱਡੇ ਵੱਡੇ ਕਦਮ ਪੁੱਟਦਾ "ਜਾਂਗਤਸੇ ਰਿਵਰ ਬ੍ਰਿਜ਼" ਵੱਲ ਤੁਰ ਗਿਆ। ਜਿਥੇ ਉਹ ਬੜੀ ਚਲਾਕੀ ਨਾਲ ਆਪਣੇ ਲਾਗ ਭਰੇ ਸਰੀਰ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਘਸਰਦਾ ਜਾ ਰਿਹਾ ਸੀ।


ਯੰਗ ਸੂ, ਲੀਓ ਦੀ ਕਾਰਸਤਾਨੀ ਦੇਖਣ ਵਿਚ ਇੰਨ੍ਹਾਂ ਮਗਨ ਸੀ ਕਿ ਜਦ ਜੂਲੀਆ ਉਸ ਦਾ ਕੋਟ, ਹੈਟ ਤੇ ਬੂਟ ਲੈ ਕੇ ਉਸ ਕੋਲ ਪੁੱਜੀ ਤਾਂ ਉਹ ਜ਼ਰਾ ਜਿੰਨ੍ਹਾਂ ਵੀ ਹੈਰਾਨ ਨਾ ਹੋਇਆ।

"ਤੂੰ ਚੰਗਾ ਕੀਤਾ ਕਿ ਤੂੰ ਮੇਰੀਆਂ ਚੀਜ਼ਾਂ ਲੈ ਆਈ।" ਉਹ ਬੋਲਿਆ, ਤੇ ਦੂਰ ਜਾ ਰਹੇ ਕਾਲੇ ਓਵਰਕੋਟ ਵਾਲੇ ਲੀਓ ਵੱਲ ਤੱਕਣ ਵਿਚ ਹੀ ਮਗਨ ਰਿਹਾ।

ਉਧਰ ਹੀ ਝਾਂਕਦਾ ਉਹ ਬੋਲਿਆ,"ਜੂਲੀਆ! ਕਾਰ ਵਿਚ ਬੈਠ ਜਾ।"

ਜੂਲੀਆ ਨੂੰ ਹੁਣ ਲਗਭਗ ਪੱਕਾ ਵਿਸ਼ਵਾਸ ਹੀ ਹੋ ਗਿਆ ਸੀ ਕਿ ਡਾ. ਯੰਗ ਸੂ ਦਿਮਾਗੀ ਤੌਰ ਉੱਤੇ ਹਿੱਲ ਚੁੱਕਾ ਹੈ। ਇਸ ਲਈ ਉਸ ਨੇ ਟੈਕਸੀ ਵਾਲੇ ਨੂੰ ਵਾਪਸ ਜਾਣ ਲਈ ਆਪੇ ਹੁਕਮ ਚਾੜ੍ਹ ਦਿੱਤਾ।


"
ਤੇ ਹੁਣ ਮੈਨੂੰ ਬੂਟ ਵੀ ਪਾਉਣੇ ਪੈਣਗੇ? " ਉਹ ਬੋਲਿਆ।

"ਜ਼ਰੂਰ" ਜੂਲੀਆ ਦੀ ਹਲਕੀ ਜਿਹੀ ਆਵਾਜ਼ ਸੀ।

ਤਦ ਹੀ ਟੈਕਸੀ ਨੇ ਮੋੜ ਮੁੜਿਆ ਤੇ ਆਕੜ ਭਰੇ ਅੰਦਾਜ਼ ਨਾਲ ਚਲ ਰਿਹਾ ਕਾਲੇ ਕੋਟ ਵਾਲਾ ਆਕਾਰ ਅੱਖੌਂ ਓਹਲੇ ਹੋ ਗਿਆ।

ਯੰਗ ਸੂ, ਇਕ ਝਟਕੇ ਜਿਹੇ ਨਾਲ, ਜੂਲੀਆ ਵੱਲ ਮੁੜਿਆ ਤੇ ਬੋਲਿਆ, "ਦਰਅਸਲ, ਬਹੁਤ ਹੀ ਗੰਭੀਰ ਮਸਲਾ ਹੈ ਇਹ।" "ਉਹ ਆਦਮੀ ਜੋ ਮੈਨੂੰ ਮਿਲਣ ਆਇਆ ਸੀ ਅਸਲ ਵਿਚ ਉਹ ਇਕ ਅਰਾਜਕਤਾਵਾਦੀ ਹੈ।......ਨਹੀਂ ਨਹੀਂ! ਗਸ਼ ਨਾ ਖਾ ਜਾਈ। ਨਹੀਂ ਤਾਂ ਮੈਂ ਤੈਨੂੰ ਬਾਕੀ ਗੱਲ ਨਹੀਂ ਦੱਸ ਸਕਾਂਗਾ। ਮੈਂ ਨਹੀਂ ਸਾਂ ਜਾਣਦਾ ਕਿ ਉਹ ਅਰਾਜਕਤਾਵਾਦੀ ਹੈ। ਮੈਂ ਤਾਂ ਉਸ ਨੂੰ ਹੈਰਾਨ ਕਰਨ ਲਈ, ਦੱਸ ਬੈਠਾ ਕਿ ਮੈਂ ਜੋ ਨਵਾਂ ਵਾਇਰਸ ਤਿਆਰ ਕੀਤਾ ਹੈ।...... ਓਹੀ ਨੋਵਲ ਕਰੋਨਾ ਵਾਇਰਸ, ਜਿਸ ਬਾਰੇ ਮੈਂ ਤੇਰੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ। ਤੇ ਜਿਸਦੀ ਲਾਗ ਨਾਲ ਕੁੱਕੜੀਆਂ, ਮੁਰਗਾਬੀਆਂ ਤੇ ਚਾਮਚੜਿੱਕਾਂ ਸਹਿਕ ਸਹਿਕ ਕੇ ਦਮ-ਘੁੱਟਵੀੰ ਮੌਤ ਮਰ ਗਈਆਂ ਸਨ। ਮੂਰਖਤਾ ਵੱਸ ਮੈਂ ਕਹਿ ਬੈਠਾ ਕਿ ਇਹ ਹੀ ਹੈ ਮੌਤ ਦਾ ਸੱਭ ਤੋਂ ਸ਼ਕਤੀਸ਼ਾਲੀ ਏਜੰਟ।


ਤੇ ਉਹ ਨਾਮੁਰਾਦ ਇਸ ਜ਼ਹਿਰੀਲੇ ਵਾਇਰਸ ਦਾ ਸੈਂਪਲ ਲੈ ਕੇ ਨੱਠ ਗਿਆ, ਸ਼ਹਿਰ ਦੀਆਂ ਹਵਾਵਾਂ ਵਿਚ ਜ਼ਹਿਰ ਘੋਲਣ ਲਈ। ਮੈਨੂੰ ਲੱਗ ਰਿਹਾ ਹੈ ਕਿ ਉਸ ਦੀ ਇਹ ਮਾੜੀ ਕਰਤੂਤ ਕਾਰਣ ਪੂਰੇ ਸ਼ਹਿਰਵਾਸੀਆ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ। ਜਾਪਦਾ ਹੈ ਉਹ, ਇਸ ਨੂੰ ਖੁਦ ਹੀ ਚਟਮ ਕਰ ਗਿਆ ਹੈ। ਮੈਂ ਨਹੀਂ ਜਾਣਦਾ ਕੀ ਵਾਪਰਣ ਵਾਲਾ ਹੈ? ਪਰ ਇਹ ਤਾਂ ਸੱਚ ਹੀ ਹੈ ਕਿ ਇਸ ਵਾਇਰਸ ਨੇ ਅਨੇਕ ਗਿੰਨੀ ਪਿੱਗਜ਼ ਦੀ ਜਾਨ ਲਈ ਹੈ। ਆਉਣ ਵਾਲੇ ਸਮੇਂ ਬਾਰੇ ਸੋਚ ਕੇ ਮੈਨੂੰ ਹੁਣੇ ਹੀ ਘਬਰਾਹਟ ਹੋ ਰਹੀ ਹੈ। ਨਹੀਂ ਨਹੀਂ! ਮੈਨੂੰ ਧੀਰਜ ਰੱਖਣਾ ਹੋਵੇਗਾ।" ਯੰਗ ਸੂ ਲਗਾਤਾਰ ਬੁੜਬੁੜਾ ਰਿਹਾ ਸੀ।
ਜੂਲੀਆ ਦਾ ਚਿਹਰਾ ਹੈਰਾਨੀ ਤੇ ਪ੍ਰੇਸ਼ਾਨੀ ਵਾਲੇ ਭਾਵਾਂ ਨਾਲ ਰਲ-ਗਡ ਸੀ।


"
ਸਾਨੂੰ ਮੌਜੂਦਾ ਹਾਲਾਤ ਉਥੇ ਫੋਕਸ ਕਰਨਾ ਹੋਵੇਗਾ। ਹੋਰ ਮਾਹਿਰਾਂ ਨੂੰ ਵੀ ਆਉਣ ਵਾਲੇ ਹਾਲਾਤਾ ਬਾਰੇ ਸੁਚੇਤ ਕਰਨ ਦੀ ਲੋੜ ਹੋਵੇਗੀ। ਹੋਰ ਤਾਂ ਹੋਰ ਇਸ ਵਕਤ ਦੀ ਸੱਭ ਤੋਂ ਵੱਡੀ ਸਮੱਸਿਆ ਤਾਂ ਹੈ ਉਸ ਵਾਇਰਸ ਦਾ ਐਂਟੀਡੋਟ ਲੱਭਣਾ। ਪਰ ਅਜਿਹਾ ਕਰਨ ਤੋਂ ਪਹਿਲਾਂ ਉਸ ਦਾ ਨਵਾਂ ਸੈਂਪਲ ਵੀ ਤਿਆਰ ਕਰਨਾ ਹੋਵੇਗਾ। ਸੱਚ ਹੀ ਬਹੁਤ ਕੰਮ ਹੈ। ਚਲੋ ਜਲਦੀ ਚਲੋ ਪ੍ਰਯੋਗਸ਼ਾਲਾ ਨੂੰ। ਕਿਧਰੇ ਦੇਰ ਨਾ ਹੋ ਜਾਏ।" ਯੰਗ ਸੂ ਦੇ ਬੋਲ ਸਨ।


ਯੰਗ ਸੂ ਦੇ ਬੋਲ ਸੁਣਦਿਆਂ ਹੀ ਟੈਕਸੀ ਡਰਾਇਵਰ ਨੇ ਕਾਰ ਦੀ ਸਪੀਡ ਹੋਰ ਤੇਜ਼ ਕਰ ਦਿੱਤੀ।

ਪਰ ਆਉਣ ਵਾਲੀ ਆਫ਼ਤ ਤੋਂ ਬੇਖ਼ਬਰ ਮਹਾਂਨਗਰ ਦੇ ਵਾਸੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਿਅਸਤ ਸਨ।

--------------------------------------------------------------------------------

(ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ)

hux qwk KLbrnfmf dI vYWb sfeIt nUM pfTk vyK cuwky hn

Click Here