www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਗਣਤੰਤਰ ਦਿਵਸ ਅਤੇ ਸੁਬਾਈ ਚੋਣਾਂ ਦੌਰਾਨ ਦਹਿਸ਼ਤੀ ਹਮਲਿਆਂ ਦਾ ਡਰ

ਦਿੱਲੀ ਦੀ ਗਾਜ਼ੀਪੁਰ ਫਲਾਵਰ ਮਾਰਕੀਟ (ਫੁੱਲ ਬਜ਼ਾਰ) ਵਿੱਚ ਇੱਕ ਲਾਵਾਰਸ-ਬੈਗ ਵਿਚ 3 ਕਿੱਲੋ ਵਿਸਫਟਕ ਸਮੱਗਰੀ ਦਾ 'ਕੱਚਾ-ਬੰਬ' ਮਿਲਿਆ ਹੈ ਜਿਸ ਦਾ ਸਮੇਂ ਸਿਰ ਪਤਾ ਲੱਗ ਜਾਣ ਕਾਰਨ ਬਚਾਅ ਹੋ ਗਿਆ ਹੈ। ਦਿੱਲੀ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦੱਸਿਆ ਹੈ ਕਿ ਆਈ.ਈ.ਡੀ. ਵਿਸਫੋਟਕ ਵਾਲਾ ਬੈਗ ਮਿਲਿਆ, ਜਿਸ ਨੂੰ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ। ਅਗਰ ਇਹ ਬੰਬ ਇਸ ਮਾਰਕੀਠ ਵਿੱਚ ਫਟ ਜਾਂਦਾ ਤਾਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਧਰ ਪੰਜਾਬ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਧਨੋਏ ਕਲਾਂ ਤੋਂ 5 ਕਿਲੋ ਧਮਾਕਾਖੇਜ਼ ਸਮੱਗਰੀ ਮਿਲੀ ਹੈ। ਸੂਤਰਾਂ ਅਨੁਸਾਰ ਇਹ ਸਮਗਰੀ 26 ਜਨਵਰੀ ਮੌਕੇ ਕੋਈ ਵੱਡਾ ਧਮਾਕਾ ਕਰਨ ਲਈ ਭੇਜੀ ਗਈ ਹੋ ਸਕਦੀ ਹੈ ਅਤੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਵਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ. ਐਸ. ਵਾਈ. ਐਫ.) ਦੇ ਗ੍ਰਿਫ਼ਤਾਰ ਕਾਰਕੁੰਨ ਦੀ ਨਿਸ਼ਾਨਦੇਹੀ 'ਤੇ 2.5 ਕਿੱਲੋ ਆਰ. ਡੀ. ਐਕਸ., ਇਕ ਡੈਟੋਨੇਟਰ, ਕੋਡੈਕਸ ਤਾਰ, 5 ਧਮਾਕਾਖੇਜ਼ ਫਿਊਜ਼, ਏ. ਕੇ. 47 ਦੇ 12 ਜ਼ਿੰਦਾ ਕਾਰਤੂਸ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਰਹਿਣ ਵਾਲੇ ਅਮਨਦੀਪ ਕੁਮਾਰ ਉਰਫ਼ ਮੰਤਰੀ ਵਲੋਂ ਕਰਵਾਈ ਗਈ ਹੈ, ਜੋ ਕਿ ਪਠਾਨਕੋਟ 'ਚ ਹਾਲ ਹੀ 'ਚ ਵਾਪਰੇ ਹੱਥ ਗੋਲੇ ਧਮਾਕਿਆਂ ਦੀਆਂ ਦੋ ਘਟਨਾਵਾਂ ਦਾ ਮੁੱਖ ਮੁਲਜ਼ਮ ਹੈ। ਅਮਨਦੀਪ ਉਰਫ਼ ਮੰਤਰੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ ਐਸ ਵਾਈ ਐਫ) ਦੇ ਉਹਨਾਂ 6 ਕਾਰਕੁਨਾ ਵਿਚੋਂ ਹੈ, ਜਿਨ੍ਹਾਂ ਨੇ ਪਠਾਨਕੋਟ ਆਰਮੀ ਕੈਂਪ ਸਮੇਤ ਪਠਾਨਕੋਟ 'ਚ ਦੋ ਹੱਥ ਗੋਲੇ ਦੇ ਧਮਾਕੇ ਕਰਨ ਦੀ ਗੱਲ ਕਬੂਲੀ ਸੀ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਖੇਪ ਪਾਕਿਸਤਾਨ ਵਿੱਚ ਡੇਰਾ ਲਾਈ ਬੈਠੇ ਆਈ. ਐਸ. ਵਾਈ. ਐਫ. ਦੇ ਪ੍ਰਧਾਨ ਲਖਬੀਰ ਸਿੰਘ ਰੋਡੇ ਵਲੋਂ ਅਮਨਦੀਪ ਨੂੰ ਆਪਣੇ ਸਾਥੀ ਅਤੇ ਇਸ ਮਡਿਊਲ ਦੇ ਹੈਂਡਲਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਵਾਸੀ ਪਿੰਡ ਖਰਲ, ਦੀਨਾਨਗਰ ਰਾਹੀਂ ਮੁਹੱਈਆ ਕਰਵਾਈ ਗਈ ਸੀ। ਅਮਨਦੀਪ ਉਰਫ਼ ਮੰਤਰੀ ਤੋਂ ਇਲਾਵਾ ਗੁਰਵਿੰਦਰ ਸਿੰਘ ਉਰਫ਼ ਗਿੰਦੀ ਪਿੰਡ ਖਰਲ (ਗੁਰਦਾਸਪੁਰ), ਪਰਮਿੰਦਰ ਕੁਮਾਰ ਰੋਹਿਤ ਉਰਫ਼ ਰੋਹਤਾ ਵਾਸੀ ਖਰਲ, ਰਜਿੰਦਰ ਸਿੰਘ ਉਰਫ਼ ਮੱਲ੍ਹੀ ਉਰਫ਼ ਨਿੱਕੂ ਵਾਸੀ ਗੁਨੂੰਪੁਰ, ਹਰਪ੍ਰੀਤ ਸਿੰਘ ਉਰਫ਼ ਢੋਲਕੀ ਵਾਸੀ ਗੋਤਪੋਕ ਅਤੇ ਰਮਨ ਕੁਮਾਰ ਵਾਸੀ ਗਾਜੀਕੋਟ (ਗੁਰਦਾਸਪੁਰ) ਦਾ 20 ਜਨਵਰੀ ਤੱਕ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਇਹਨਾਂ ਨੂੰ ਨਵਾਂਸ਼ਹਿਰ ਪੁਲਿਸ ਵਲੋਂ 10 ਜਨਵਰੀ ਨੂੰ ਕਾਬੂ ਕਰ ਕੇ 6 ਹੱਥ ਗੋਲੇ, 1 ਪਿਸਤੌਲ, 1 ਰਾਈਫ਼ਲ, ਜ਼ਿੰਦਾ ਰੌਂਦ ਤੇ ਮੈਗਜ਼ੀਨ ਬਰਾਮਦ ਕੀਤਾ ਸੀ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਕਥਿਤ ਦੋਸ਼ੀਆਂ ਦੀਆਂ ਤਾਰਾਂ ਵੱਖਰੇ-ਵੱਖਰੇ ਤੌਰ 'ਤੇ ਪਾਕਿਸਤਾਨ 'ਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਲਖਵੀਰ ਸਿੰਘ ਰੋਡੇ ਨਾਲ ਜੁੜੀਆਂ ਹੋਈਆਂ ਹਨ।

ਉਧਰ ਅਮਰੀਕਾ ਬੈਠੇ 'ਰਫਰੈਂਡਮ' ਵਾਲੇ ਗੁਰਪਤਵੰਤ ਸਿੰਘ ਪਨੂੰ ਵਲੋਂ ਧਮਕੀ ਦਿੱਤੀ ਗਈ ਹੈ ਕਿ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਤਿਰੰਗੇ ਦੀ ਜਗ੍ਹਾ ਖਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। ਖਾਲਿਸਤਾਨੀ ਗਰੁੱਪ ਕਥਿਤ 'ਸਿੱਖਸ ਫਾਰ ਜਸਟਿਸ' ਵਲੋਂ ਅਕਸਰ ਸਮੇਂ ਸਮੇਂ ਅਜੇਹੀਆਂ ਧਮਕੀਆਂ ਦਿੱਤੀਆਂ ਝਾਦੀਆਂ ਹਨ ਅਤੇ ਖਾਲਿਸਤਾਨ ਦੇ ਝੰਡੇ ਲਹਿਰਾਉਣ ਵਾਲਿਆਂ ਨੂੰ ਵੱਡੇ 'ਇਨਾਮ' ਦੇਣ ਦੇ ਵਾਅਦੇ ਵੀ ਕੀਤੇ ਜਾਂਦੇ ਹਨ। 26 ਜਨਵਰੀ 2021 ਨੁੰ ਕਿਸਾਨ ਅੰਦੋਲਨ ਦੇ ਟਰਕਟਰ ਮਾਰਚ ਦੇ ਪਰਦੇ ਹੇਠ ਲਾਲ ਕਿਲੇ ਉੱਤੇ ਖਰੂਦੀਆਂ ਵਲੋਂ ਹੜਕੰਪ ਮਚਾਇਆ ਗਿਆ ਸੀ ਅਤੇ ਪੁਲਿਸ ਉੱਤੇ ਹਮਲੇ ਕੀਤੇ ਗਏ ਸਨ।

ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸੜਕ ਰੋਕੇ ਜਾਣ ਦੇ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਸੁਪਰੀਮ ਕੋਰਟ ਨੇ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਹੈ। ਪਕਿਸਤਾਨ ਤੋਂ ਡਰੋਨਾ ਰਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਸਮਗਲ ਕਰਨ ਦ ਮਾਮਲੇ ਲਗਾਤਾਰ ਵਧ ਰਹੇ ਹਨ। 26 ਜਨਵਰੀ ਨੂੰ ਆ ਰਹੇ ਗਣਤੰਤਰ ਦਿਵਸ ਅਤੇ ਪੰਜ ਸੂਬਿਆਂ ਦੀਆਂ ਚੋਣਾਂ ਦੌਰਾਨ ਦਹਿਸ਼ਤੀ ਹਮਲਿਆਂ ਦਾ ਡਰ ਵਧ ਗਿਆ ਹੈ।

-ਬਲਰਾਜ ਦਿਓਲ, ਖ਼ਬਰਨਾਮਾ #1164, ਜਨਵਰੀ 14-2022

 


ਵੇਖੋ ਖੇਤੀ ਵਿਭਿੰਨਤਾ ਤੇ ਵਿੱਤੀ ਗਰਕਣ ਵਿੱਚੋਂ ਕੱਢਣ ਦਾ ਪ੍ਰੋਗਰਾਮ ਕਿਹੜੀ ਪਾਰਟੀ ਪੇਸ਼ ਕਰਦੀ ਹੈ?

ਪੰਜਾਬ ਅਸੰਬਲੀ ਦੀਆਂ ਚੋਣਾਂ ਦਾ ਮਹੌਲ ਦਿਨੋ ਦਿਨ ਭਖ ਰਿਹਾ ਹੈ ਅਤੇ ਇਸ ਦੇ ਪਹਿਲੇ ਦੌਰ ਵਿੱਚ ਦਲ-ਬਦਲੂਆਂ ਦੇ ਡੱਡੂ ਛੜੱਪੇ ਵੇਖਣ ਨੂੰ ਮਿਲ ਰਹੇ ਹਨ। ਇਹ ਡੱਡੂ ਛੜੱਪੇ ਟਿਕਟਾਂ ਦੀ ਵੰਡ ਦੇ ਆਖਰੀ ਦਿਨ ਤੱਕ ਜਾਰੀ ਰਹਿਣਗੇ। ਜਿਸ ਅਭਿਲਾਸ਼ੀ ਨੂੰ ਓਸ ਦੀ ਪਾਰਟੀ ਨੇ ਟਿਕਟ ਨਾ ਦਿੱਤੀ ਉਹ ਟਿਕਟ ਦੀ ਲਾਲਸਾ ਵਿੱਚ ਆਖਰੀ ਦਿਨ ਵੀ ਛੜੱਪਾ ਮਾਰ ਜਾਵੇਗਾ। ਜਿਸ ਨੂੰ ਸਮੇਂ ਛੜੱਪਾ ਮਾਰਨ ਦਾ ਇਹ ਚਾਂਸ ਨਸੀਬ ਨਾ ਹੋਇਆ ਉਹ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਲਈ ਅੰਦਰਖਾਤੇ ਕਿਸੇ ਵਿਰੋਧੀ ਉਮੀਦਵਾਰ ਨੂੰ ਵੋਟਾਂ ਪਵਾਏਗਾ ਤਾਂਕਿ ਸ਼ਰੀਕ ਦੀ ਜੜ੍ਹ ਹੀ ਨਾ ਲੱਗਣ ਦਿੱਤੀ ਜਾਵੇ।

ਅਜੇ ਤੱਕ ਭਾਵੇਂ ਕਿਸੇ ਪਾਰਟੀ ਨੇ ਆਪਣਾ ਮੁਕੰਮਲ 'ਚੋਣ ਮੈਨੀਫੈਸਟੋ' ਜਾਰੀ ਨਹੀਂ ਕੀਤਾ ਪਰ ਕਿਸ਼ਤਾਂ ਵਿੱਚ ਲੋਕ-ਲਭਾਊ ਐਲਾਨ ਆਏ ਦਿਨ ਕੀਤੇ ਜਾ ਰਹੇ ਹਨ। ਅਗਰ ਇੱਕ ਸਿਆਸੀ ਪਾਰਟੀ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਦੂਜੀ ਪਾਰਟੀ ਨੇ 2000 ਰੁਪਏ ਮਹੀਨਾ ਦੇਣ ਦੀ ਗੱਲ ਆਖ ਦਿੱਤੀ ਹੈ। ਬਿਜਲੀ ਦੀਆਂ ਸੈਂਕੜੇ ਯੂਨਿਟਾਂ ਮੁਫਤ ਦੇਣ ਦੇ ਐਲਾਨਾਂ ਦਾ ਵੀ ਮੁਕਾਬਲਾ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 6 ਕੁ ਮਹੀਨੇ ਪਹਿਲਾਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਦੀ ਸੁਵਿਧਾ ਦਿੱਤੀ ਸੀ ਜਦਕਿ ਪੰਜਾਬ ਰੋਡਵੇਜ਼ ਅਤੇ ਬਿਜਲੀ ਬੋਰਡ ਪਹਿਲਾਂ ਹੀ ਵੱਡੇ ਘਾਟੇ ਵਿੱਚ ਚੱਲ ਰਹੇ ਹਨ। ਪੰਜਾਬ ਸਰਕਾਰ ਤਾਂ ਇਸ ਹੱਦ ਤੱਕ ਕਰਜ਼ੇ ਵਿੱਚ ਗਰਕ ਹੋ ਚੁੱਕੀ ਹੈ ਕਿ ਇਸ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਗਈਆਂ ਹਨ ਅਤੇ ਦੂਜੇ ਪਾਸੇ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦੇਣ ਵਿੱਚ ਅਸਮਰਥ ਹੈ। ਮੁੱਖ ਮੰਤਰੀ ਚੰਨੀ ਨੇ ਵੱਖ ਵੱਖ ਵਰਗਾਂ ਲਈ ਤਰਾਂ ਤਰਾਂ ਦੇ ਐਲਾਨ ਕਰਨ ਦਾ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਜਿਸ ਕਾਰਨ ਸੋਸ਼ਲ ਮੀਡੀਆ ਉੱਤੇ ਚੰਨੀ ਸੇ ਐਲਾਨਾ ਬਾਰੇ ਕਈ ਕਿਸਮ ਦੇ ਮਜ਼ਾਕ ਵੀ ਚੱਲ ਰਹੇ ਹਨ।

ਮੁਫਤ ਦੀਆਂ ਚੀਜ਼ਾਂ ਪੰਜਾਬ ਅਤੇ ਪੰਜਾਬੀਆਂ ਨੂੰ ਮਜ਼ਬੂਤ ਬਣਾਉਣ ਲਈ ਨਹੀਂ ਬਲਕਿ ਉਨ੍ਹਾਂ ਨੂੰ ਮਜਬੂਰ ਬਣਾਉਣ ਲਈ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਮੁਫ਼ਤਖੋਰੇ ਬਣਾਕੇ ਵੋਟਾਂ ਬਟੋਰ ਸਕਣ। ਇਹ ਸਰਕਾਰੀ ਪੈਸੇ ਨਾਲ ਵੋਟਾਂ ਖਰੀਦਣ ਦੀ ਕੋਸ਼ਿਸ਼ ਹੈ ਜੋ ਇਹ ਪਤਾ ਹੁੰਦੇ ਹੋਏ ਵੀ ਜਾਰੀ ਹੈ ਕਿ ਪੰਜਾਬ ਦੀ ਵਿਤੀ ਹਾਲਤ ਬਹੁਤ ਖਰਾਬ ਹੈ।

ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਿਰ ਕੁੱਲ ਕਰਜ਼ਾ 3 ਲੱਖ ਕਰੋੜ ਹੋ ਗਿਆ ਅਤੇ ਇੰਝ  ਪੰਜਾਬ ਦੇ ਹਰ ਬੱਚੇ, ਬੁੱਢੇ ਤੇ ਜਵਾਨ ਸਿਰ ਇੱਕ ਇੱਕ ਲੱਖ ਰੁਪਏ ਕਰਜ਼ਾ ਬਣਦਾ ਹੈ। ਇੱਕ ਹੋਰ ਰਪੋਰਟ ਮੁਤਾਬਿਕ ਕੁੱਲ ਕਰਜ਼ਾ ਰਤਾ ਕੁ ਘੱਟ ਭਾਵ 2.82 ਲੱਖ ਕਰੋੜ ਬਣਦਾ ਹੈ। ਪੰਜ ਸਾਲ ਪਹਿਲਾਂ ਜਦ ਕਾਂਗਰਸ ਸਰਕਾਰ ਬਣੀ ਸੀ ਤਾਂ ਪੰਜਾਬ ਸਿਰ 1.82 ਲੱਖ ਕਰੋੜ ਦਾ ਕਰਜ਼ਾ ਸੀ ਜਿਸ ਵਿੱਚ ਕਾਂਗਰਸ ਦੇ ਰਾਜ ਵਿੱਚ 1 ਲੱਖ ਕਰੋੜ ਦਾ ਵਾਧਾ ਹੋਇਆ ਹੈ। ਪੰਜਾਬ ਸਰਕਾਰ ਦੀ ਕੁੱਲ ਆਮਦਨ (ਰੈਵਨਿਊ) ਦਾ 40% ਹਿੱਸਾ ਕਰਜ਼ੇ ਅਤੇ ਵਿਆਜ਼ ਦੀ ਅਦਾਇਗੀ ਉੱਤੇ ਖਰਚ ਹੁੰਦਾ ਹੈ। ਇਸ ਤਰਾਂ ਆਮਦਨ ਦਾ ਵੱਡਾ ਹਿਸਾ ਕਰਜ਼ੇ ਦੀ ਸਰਵਿਸ ਉੱਤੇ ਖਰਚ ਹੋ ਰਿਹਾ ਹੈ ਪਰ ਸਿਆਸੀ ਪਾਰਟੀਆਂ ਅਜੇ ਵੀ ਬਹੁਤ ਕੁਝ ਹੋਰ ਮੁਫਤ ਦੇਣ ਦੇ ਵਾਅਦੇ ਕਰੀ ਜਾਂਦੀਆਂ ਹਨ। ਇਹ 'ਪੱਲੇ ਨਹੀਂ ਧੇਲਾ ਅਤੇ ਕਰਦੇ ਮੇਲਾ ਮੇਲਾ' ਵਾਲੀ ਗੱਲ ਹੈ।

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੀ ਖੇਤੀ ਕਣਕ-ਝੋਨਾ ਸਾਈਕਲ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਬੇਮੁਹਾਰੀ ਵਰਤੋਂ ਤੋਂ ਪੀੜ੍ਹਤ ਹੈ। ਇਸ ਨਾਲ ਪਾਣੀ ਸੰਕਟ ਮੰਡਲਾ ਰਿਹਾ ਹੈ ਅਤੇ ਵਾਤਾਵਰਣ ਪਲੀਤ ਹੋ ਰਿਹਾ ਹੈ। ਖੇਤੀ ਨੂੰ ਕਣਕ - ਝੋਨੇ ਦੇ ਸਾਈਕਲ ਵਿਚੋਂ ਕੱਢ ਕੇ ਵਿਭਿੰਨਤਾ ਵੱਲ ਲੈ ਜਾਣ ਦੀ ਲੋੜ ਹੈ। ਬੇਰੁਜ਼ਗਾਰੀ, ਨਸ਼ੇ, ਸਿਹਤ, ਵਿਦਿਆ, ਬੁਨਿਆਦੀ ਢਾਂਚਾ, ਇੰਡਸਟਰੀ ਅਤੇ ਵਿਤੀ ਗਰਕਣ ਵਿਚੋਂ ਕੱਢਣ ਵਾਲੇ ਪ੍ਰੋਗਰਾਮਾ ਦੀ ਲੋੜ ਹੈ। ਵੇਖੋ ਕਿਹੜੀ ਪਾਰਟੀ ਪੰਜਾਬ ਦੀਆ ਬੁਨਿਆਦੀ ਸਮੱਸਿਆਵਾਂ ਦੇ ਹੱਲ ਦੀ ਗੱਲ ਕਰਦੀ ਹੈ।

-ਬਲਰਾਜ ਦਿਓਲ, ਖ਼ਬਰਨਾਮਾ #1163, ਜਨਵਰੀ 07-2021

 


ਪਿਛਲੇ ਅੰਕ ਜਾਂ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ

hux qwk KLbrnfmf dI vYWb sfeIt nUM pfTk vyK cuwky hn

Click Here