www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਧਰਮ ਦੀ ਆੜ ਹੇਠ ਅਸਹਿਣਸ਼ੀਲਤਾ ਅਤੇ ਕੱਟੜਵਾਦ ਦਾ ਲਗਤਾਰ ਵਧ ਰਿਹਾ ਹੈ ਪਸਾਰਾ

ਪਾਕਿਸਤਾਨ ਤੋਂ ਇੱਕ ਵਾਰ ਫਿਰ ਕਥਿਤ ਦੀਨ-ਹੱਤਕ ਲਈ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਆਈ ਹੈ। ਬਹੁਤਾ ਭਾਰਤੀ ਮੀਡੀਆ ਅਜੇਹੇ ਮਾਮਲਿਆਂ ਨੂੰ 'ਈਸ਼-ਨਿੰਦਾ' ਆਖ ਕੇ ਸੰਬੋਧਨ ਕਰਦਾ ਹੈ ਜਿਸ ਦਾ ਭਾਵ ਈਸ਼ਵਰ ਦੀ ਨਿੰਦਾ ਹੈ ਜਦਕਿ ਅਜੇਹੀ ਕੋਈ ਸਲੈਅ ਨਹੀਂ ਹੈ। ਪਾਕਿਸਤਾਨ ਵਿੱਚ ਇਸ ਨੂੰ 'ਦੀਨ-ਹੱਤਕ' ਆਖਿਆ ਜਾਂਦਾ ਹੈ। ਹਜ਼ਰਤ ਮੁਹੰਮਦ, ਇਸਲਾਮ ਅਤੇ ਕੁਰਾਨ ਬਾਰੇ ਸਧਾਰਨ ਤੌਰ ਤੇ ਕਿੰਤੂ ਕਰਨਾ ਵੀ 'ਦੀਨ-ਹੱਤਕ' ਮੰਨਿਆ ਜਾਂਦਾ ਹੈ। ਅਕਸਰ 'ਦੀਨ-ਹੱਤਕ' ਦੇ ਕੇਸ ਘੱਟ ਗਿਣਤੀ ਫਿਰਕਿਆਂ ਦੇ ਲੋਕਾਂ ਖਿਲਾਫ਼ ਬਣਾਏ ਜਾਂਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ 'ਦੀਨ-ਹੱਤਕ' ਦੀ ਮੱਦ ਨੂੰ ਨਿੱਜੀ ਕਿੜਾਂ ਕੱਢਣ ਅਤੇ ਗੈਰ ਮੁਸਲਮਾਨਾਂ ਨੂੰ ਇਸਲਾਮ ਕਬੂਲਣ ਲਈ ਮਜਬੂਰ ਕਰਨ ਵਾਸਤੇ ਵਰਤਿਆ ਜਾਂਦਾ ਹੈ।

ਉਤਰੀ ਭਾਰਤ, ਖਾਸਕਰ ਪੰਜਾਬ ਵਿੱਚ 'ਬੇਅਦਬੀ' ਦਾ ਸ਼ਬਦ ਘੜਿਆ ਗਿਆ ਹੈ ਅਤੇ ਕਥਿਤ ਬੇਅਦਬੀਆਂ ਦੇ ਮਾਮਲੇ ਬਹੁਤ ਵਧ ਗਏ ਹਨ। ਕਥਿਤ 'ਬੇਅਦਬੀ' ਦੇ ਨਾਮ ਉੱਤੇ ਘੱਟੀਆ, ਕਰੂਰ ਅਤੇ ਜ਼ਾਲਮਾਨਾ ਮਾਮਲੇ ਵਧ ਰਹੇ ਹਨ। ਮਹੀਨਾ ਕੁ ਪਹਿਲਾਂ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਦੇ ਇੱਕ ਲੋਕਲ ਗੁਰਦਵਾਰੇ ਵਿੱਚ ਧਾਰਮਿਕ ਭੀੜ ਵਲੋਂ ਦੋ ਵੱਖ ਵੱਖ ਕਤਲ ਕੀਤੇ ਗਏ ਹਨ ਜਿਹਨਾਂ ਨੂੰ ਸਿੱਖ ਕੱਟੜਪਥੀਆਂ ਨੇ ਜਾਇਜ਼ ਦੱਸਿਆ ਹੈ। ਰਾਜਤਨੀਕ ਆਗੂ ਵੋਟਾਂ ਵੱਲ ਝਾਕਦੇ ਹੋਣ ਕਾਰਨ ਲੱਗਭੱਗ ਖਾਮੋਸ਼ ਰਹੇ ਹਨ ਜਿਸ ਨਾਲ ਕੱਟੜਤਾ ਨੂੰ ਹੁਲਾਰਾ ਦੇਣ ਵਾਲਿਆਂ ਨੂੰ ਹੋਰ ਬਲ ਮਿਲਿਆ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਲੋਕਾਂ ਦੇ 'ਹਿਰਦੇ ਵਲੂਧਰਨ' ਦੇ ਨਾਮ ਹੇਠ ਭਾਵੁਕ ਕਰਨ ਲਈ ਵਰਤਿਆ ਜਾ ਰਿਹਾ ਹੈ। ਇਹ ਕੁਝ ਓਸ ਵਕਤ ਵੀ ਕੀਤਾ ਗਿਆ ਸੀ ਜਦ ਦਿੱਲੀ ਦੇ ਸਿੰਗੂ ਬਾਰਡਰ 'ਤੇ ਨਿਹੰਗਾਂ ਦੇ ਇੱਕ ਬੇਰਹਿਮ ਗੈਂਗ ਵਲੋਂ ਤਿੰਨ ਬੱਚੀਆਂ ਦੇ ਗਰੀਬ ਅਤੇ ਨਸ਼ੇੜੀ ਬਾਪ ਨੂੰ ਬੇਅਦਬੀ ਦੇ ਕਥਿਤ ਦੋਸ਼ ਵਿੱਚ ਕੋਹ ਕੋਹ ਮਾਰਿਆ ਗਿਆ ਸੀ। ਬੇਸ਼ਰਮ ਨਿਹੰਗਾਂ ਦੇ ਇਸ ਗੈਂਗ ਕੋਲ ਬੇਅਦਬੀ ਦਾ ਕੋਈ ਸਬੂਤ ਨਹੀਂ ਸੀ ਅਤੇ ਨਾ ਉਹ ਅੱਜ ਤੱਕ ਦੇ ਸਕੇ ਹਨ ਪਰ ਸਿੱਖ ਕੱਟੜਪੰਥੀਆਂ ਨੇ ਇਸ ਘਿਨੌਣੇ ਕਤਲ ਨੂੰ ਸਿੱਖੀ ਦੀ ਕਥਿਤ ਮਾਣ ਮਰਿਯਾਦਾ ਦੇ ਨਾਮ ਉੱਤੇ ਸਹੀ ਦੱਸਿਆ ਸੀ।

ਧਰਮ ਦੀ ਆੜ ਹੇਠ ਕੱਟੜਵਾਦ ਅਤੇ ਸਹਿਣਸ਼ੀਲਤਾ ਦਾ ਪਸਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅਜੇਹੇ ਵਰਤਾਰੇ ਨੂੰ ਧਾਰਮਿਕ ਅਤੇ ਸਿਆਸੀ ਪੁਸ਼ਤ ਪਨਾਹੀ ਮਿਲਣਾ ਹੋਰ ਵੀ ਖਤਰਨਾਕ ਹੈ। ਕਹਿੰਦੇ ਹਨ ਕਿ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ। ਹਿੰਦੂਆਂ ਵਿੱਚ ਵੀ ਧਾਰਮਿਕ  ਕੱਟੜਵਾਦ ਵਧ ਰਿਹਾ ਹੈ।

ਗੱਲ ਪਾਕਿਸਤਾਨ ਤੋਂ ਦੀਨ-ਹੱਤਕ ਲਈ ਮੌਤ ਦੀ ਸਜ਼ਾ ਦੀ ਆਈ ਖ਼ਬਰ ਬਾਰੇ ਕਰ ਰਹੇ ਸਾਂ। ਖ਼ਬਰ ਮੁਤਾਬਿਕ 58 ਸਾਲਾ ਜ਼ਫਰ ਭੱਟੀ 'ਤੇ ਦੋਸ਼ ਸੀ ਕਿ ਉਸ ਨੇ ਆਪਣੇ ਫੋਨ ਤੋਂ ਦੀਨ-ਹੱਤਕ ਸੰਦੇਸ਼ ਭੇਜਿਆ ਸੀ। 58 ਸਾਲਾ ਜ਼ਫਰ ਭੱਟੀ ਈਸਾਈ ਫਿਰਕੇ ਨਾਲ ਸਬੰਧਿਤ ਹੈ। ਕਿਸੇ ਨੇ ਹਜ਼ਰਤ ਮੁਹੰਮਦ ਖ਼ਿਲਾਫ਼ ਇੱਕ ਟੈਕਸਟ ਭੇਜਣ ਲਈ ਜ਼ਫਰ ਭੱਟੀ ਦੇ ਮੋਬਾਈਲ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਉਸ ਖ਼ਿਲਾਫ਼ ਦੀਨ-ਹੱਤਕ ਦਾ ਕੇਸ ਬਣ ਗਿਆ। 2012 ਵਿੱਚ ਭੱਟੀ 'ਤੇ ਇਹ ਦੋਸ਼ ਲਗਾਇਆ ਗਿਆ ਸੀ ਅਤੇ 2017 ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਪਰ ਭੱਟੀ ਨੇ ਹਮੇਸ਼ਾ ਇਸ ਦੋਸ਼ ਤੋਂ ਇਨਕਾਰ ਕੀਤਾ ਹੈ ਪਰ ਉਸ ਦੀ ਇੱਕ ਨਹੀਂ ਸੁਣੀ ਗਈ।

ਮੁਹੰਮਦ ਦਾ ਅਪਮਾਨ ਕਰਨ ਦਾ ਮਤਲਬ ਹੈ ਕਿ ਕੋਈ ਵੀ ਮੁਸਲਮਾਨ ਕਥਿਤ ਦੋਸ਼ੀ ਨੂੰ ਮਾਰ ਸਕਦਾ ਹੈ। ਦਰਅਸਲ ਇਸਲਾਮ ਵਿੱਚ ਹਰ ਮੁਤਲਮਾਨ ਦਾ ਫਰਜ਼ ਬਣਦਾ ਹੈ ਕਿ ਉਹ ਦੀਨ-ਹੱਤਕ ਕਰਨ ਵਾਲੇ ਨੂੰ 'ਹਲਾਲ' ਕਰ ਦੇਵੇ ਜਾਂ ਕਥਿਤ ਦੋਸ਼ ਇਸਲਾਮ ਕਬੂਲ ਕਰਕੇ ਇਸ ਗੁੰਨਾਹ ਦੀ ਮੁਆਫੀ ਮੰਗ ਲਵੇ। ਇਸ ਲਈ ਜੇਲ ਵਿੱਚ ਭੱਟੀ ਦੇ ਗਾਰਡ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਨੇ ਉਸ ਨੂੰ ਜ਼ਹਿਰ ਦਿੱਤਾ ਪਰ ਉਹ ਬਚ ਗਿਆ। ਹੁਣ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ ਮੌਤ ਦੀ ਸਜ਼ਾ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਨਾਲ ਪਾਕਿਸਤਾਨ ਦੇ ਮੱਧਕਾਲੀ ਯੁੱਗ ਦੇ ਦੀਨ-ਹੱਤਕ ਦੀ ਕਵਾਇਦ ਦਾ ਕਾਲਾ ਚਿਹਰਾ ਇਕ ਵਾਰ ਫਿਰ ਉਜਾਗਰ ਹੋਇਆ ਹੈ।

ਪਿਛਲੇ ਸਾਲ ਅਕਤੂਬਰ ਵਿੱਚ ਜਸਟਿਸ ਅਬਦੁਲ ਅਜ਼ੀਜ਼ ਦੁਆਰਾ ਇਸ ਕੇਸ ਨੂੰ ਇੱਕ ਹੇਠਲੀ ਅਦਾਲਤ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਨੇ  ਕਿਹਾ ਸੀ ਕਿ ਭੱਟੀ ਨੂੰ ਉਮਰ ਕੈਦ ਦੀ ਬਜਾਏ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। ਭੱਟੀ ਨੂੰ ਹੁਣ ਰਾਵਲਪਿੰਡੀ ਦੀ ਸੈਸ਼ਨ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।

ਸੈਂਟਰ ਫਾਰ ਲੀਗਲ ਏਡ ਅਸਿਸਟੈਂਸ ਐਂਡ ਸੈਟਲਮੈਂਟ ਨਾਮ ਦੇ ਸੰਗਠਨ ਦੇ ਡਰੈਕਟਰ ਨਾਸਿਰ ਸਈਦ ਨੇ ਕਿਹਾ ਕਿ ਭੱਟੀ ਪਾਕਿਸਤਾਨ ਦੇ ਦੀਨ-ਹੱਤਕ ਕਾਨੂੰਨਾਂ ਦਾ ਸ਼ਿਕਾਰ ਹੈ। ਜ਼ਫਰ ਭੱਟੀ ਦੀ ਪਤਨੀ ਨਵਾਬ ਬੀਬੀ ਨੇ ਕਿਹਾ ਕਿ ਉਸ ਤੋਂ ਬਿਨਾਂ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਸੱਤ ਸਾਲ ਪਹਿਲਾਂ ਜਦੋਂ ਜ਼ਫ਼ਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਦ ਤੋਂ  ਮੇਰੀ ਜ਼ਿੰਦਗੀ ਅਰਥਹੀਣ ਹੋ ਗਈ ਹੈ ਅਤੇ ਮੈਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦੀ ਹਾਂ।

ਵੇਖਣ ਵਾਲੀ ਗੱਲ ਇਹ ਹੈ ਕਿ ਇਸ ਵਿਅਕਤੀ ਉੱਤੇ ਦੋਸ਼ ਇੱਕ ਟੈਕਸਟ ਮੈਸਿਜ ਭੇਜਣ ਦਾ ਹੈ ਜਿਸ ਨਾਲ ਦੀਨ ਅਤੇ ਦੀਨ ਦੇ ਬਾਨੀ ਮੁਹੰਮਦ ਦੀ ਏਨੀ ਹਤਕ ਹੋ ਗਈ ਹੈ ਕਿ ਕਥਿਤ ਦੋਸ਼ੀ ਨੂੰ ਪਹਿਲਾਂ ਉਮਰ ਕੈਦ ਕੀਤੀ ਗਈ ਅਤੇ ਹੁਣ ਇਸ ਨੂੰ ਮੌਤ ਦੀ ਸਜ਼ਾ ਵਿੱਚ ਬਦਲ ਦਿੱਤਾ ਗਿਆ ਹੈ। ਇਹ ਨਿਰਾ ਬਕਬਾਸ ਅਤੇ ਅਣ-ਮਨੁੱਖੀ ਵਰਤਾਰਾ ਹੈ। ਕਥਿਤ ਦੀਨ-ਹੱਤਕ ਅਤੇ ਬੇਅਦਬੀਆਂ ਦੇ ਨਾਮ ਉੱਤੇ ਵਧ ਰਹੀ ਅਸਿਹਣਸ਼ੀਲਤਾ ਅਤੇ ਕੱਟੜਵਾਦ ਸਿਹਤਮੰਦ ਸਮਾਜ ਲਈ ਖ਼ਤਰਨਾਕ ਹੈ।

-ਸ਼ੌਂਕੀ ਇੰਗਲੈਂਡੀਆ, ਖ਼ਬਰਨਾਮਾ #1164, ਜਨਵਰੀ 14-2022

 


ਪੰਜਾਬ ਅਸੰਬਲੀ ਦੀ ਚੋਣ ਸਿਰ 'ਤੇ ਹੈ ਪਰ ਬਾਈਕਾਟੀਏ ਅਜੇ ਤੱਕ ਨਜ਼ਰ ਨਹੀਂ ਆ ਰਹੇ!

ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਤਾ ਰੋਕਣ ਕਾਰਨ ਭਾਜਪਾ ਦੀ ਫਿਰੋਜ਼ਪੁਰ ਰੈਲੀ ਰੱਦ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਇਸ ਰੈਲੀ ਵਿੱਚ ਪੰਜਾਬ ਲਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕਰਨਾ ਸੀ। ਹੁਣ ਹਰ ਕੋਈ ਇਸ ਦੀ ਗੱਲ ਆਪਣੇ ਆਪਣੇ ਨਜ਼ਰੀਏ ਤੋਂ ਕਰ ਰਿਹਾ ਹੈ। ਕੋਈ ਆਖ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਸੀ ਅਤੇ ਇਸ ਤਰਾਂ ਪਹਿਲਾਂ ਕਦੇ ਪ੍ਰਧਾਨ ਮੰਤਰੀ ਦਾ ਰਸਤਾ ਨਹੀਂ ਰੋਕਿਆ ਗਿਆ। ਕੋਈ ਰਸਤਾ ਰੋਕਣ ਵਾਲਿਆਂ ਨੂੰ ਵਧਾਈਆਂ ਦੇ ਰਿਹਾ ਹੈ। ਕੋਈ ਆਖ ਰਿਹਾ ਹੈ ਕਿ ਇਸ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਸੀਟੀ ਰਲ਼ੀ ਹੋਈ ਸੀ। ਕੋਈ ਆਖਦਾ ਹੈ ਕਿ ਪੰਜਾਬ ਪੁਲਿਸ ਅਤੇ ਸਰਕਾਰੀਤੰਤਰ ਵਿੱਚ ਖਾਲਿਸਤਾਨੀਆਂ ਦੇ ਪੱਕੇ ਸੈਲ ਹਨ ਜੋ ਉਹਨਾਂ ਨੂੰ ਗੁਪਤ ਜਾਣਕਾਰੀ ਦਿੰਦੇ ਹਨ। ਕੋਈ ਆਖਦਾ ਹੈ ਕਿ ਮੋਦੀ ਦੀ ਰੈਲੀ ਵਿੱਚ ਕੁਰਸੀਆਂ ਤਾਂ ਸੱਭ ਖਾਲੀ ਪਈਆਂ ਸਨ ਜਿਸ ਕਾਰਨ ਬਹਾਨਾ ਬਣਾ ਕੇ ਰੈਲੀ ਰੱਦ ਕੀਤੀ ਗਈ ਹੈ। ਕਈ ਤਾਂ ਇਸ ਹੱਦ ਤੱਕ ਚਲੇ ਜਾਂਦੇ ਹਨ ਕਿ ਕਿਸਾਨਾਂ ਦੇ ਰੂਪ ਵਿੱਚ ਸੜਕ ਰੋਕਣ ਵਾਲੇ 'ਸਰਕਾਰ' ਦੇ ਆਪਣੇ ਏਜੰਟ ਹੀ ਸਨ। ਵਿਦੇਸ਼ ਬੈਠਾ ਗੁਤਨੀ ਵਾਲਾ ਵੱਖਵਾਦੀ ਆਗੂ ਕਹਿੰਦਾ ਹੈ ਕਿ ਉਸ ਨੇ ਮੋਦੀ ਦੇ ਰੰਗ ਵਿੱਚ ਭੰਗ ਪਾਉਣ ਲਈ 80 ਲੱਖ ਰੁਪਏ ਦਿੱਤਾ ਹੈ। ਉਹ ਅੱਗੇ ਇਸ ਤਰਾਂ ਦਾ ਬਹੁਤ ਕੁਝ ਕਰਨ ਦੇ ਦਮਗਜੇ ਵੀ ਮਾਰਦਾ ਹੈ।

ਭਾਰਤ ਦੇ ਟੀਵੀ ਚੈਨਲ ਤਾਂ ਬਹੁਤ ਕਾਵਾਂਰੌਲੀ ਪਾ ਰਹੇ ਹਨ ਜਿਸ ਨਾਲ ਗੱਲ ਹੋਰ ਗੰਧਲੀ ਹੁੰਦੀ ਜਾ ਰਹੀ ਹੈ। ਕਈ ਆਗੂ ਪੰਜਾਬ ਵਿੱਚ ਗਵਰਨਰ ਦਾ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹਨ ਜਿਹਨਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੈ। ਕੈਪਟਨ ਨੇ ਇਹ ਵੀ ਕਿਹਾ ਹੈ ਕਿ ਇਸ ਕੁਤਾਹੀ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੈਪਟਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਝ ਕਹਿੰਦੇ ਹਨ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੁਝ ਹੋਰ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਗਲੇ ਹੀ ਦਿਨ ਉਨ੍ਹਾਂ ਦੀ ਗੱਲ ਨੂੰ ਕੱਟ ਦਿੰਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲੋਕਤੰਤਰ ਹੈ। ਦੀ ਕੁਤਾਹੀ ਲਈ ਜੋ ਲੋਕ ਜ਼ਿੰਮੇਵਾਰ ਹਨ ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਿੰਘ ਬਾਦਲ ਮੁਤਾਬਿਕ ਇਸ ਲਈ ਸੂਬੇ ਦਾ ਗ੍ਰਹਿ ਮੰਤਰੀ ਅਤੇ ਮੁੱਖ ਤੌਰ 'ਤੇ ਡੀ. ਜੀ. ਪੀ. ਜ਼ਿੰਮੇਵਾਰ ਹੈ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਗ੍ਰਹਿ ਮੰਤਰਾਲਾ ਵੱਡੇ ਅਤੇ ਸਖ਼ਤ ਫ਼ੈਸਲੇ ਲਵੇਗਾ। ਮੁੱਖ ਮੰਤਰੀ ਚੰਨੀ ਹੁਣ ਘਬਰਾਇਆ ਹੋਇਆ ਹੈ ਅਤੇ ਲੋਲੋਪੋਪੋ ਵਾਲੀਆਂ ਗੱਲਾਂ ਕਰ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅੰਦਰੋਂ ਖੁਸ਼ ਹੈ ਕਿਉਂਕਿ ਉਹ ਚੰਨੀ ਨੂੰ ਖੋਰਾ ਲਗਾਉਣਾ ਚਾਹੁੰਦਾ ਹੈ। ਸਿੱਧੂ ਕਹਿੰਦਾ ਪ੍ਰਧਾਨ ਮੰਤਰੀ ਨੂੰ 15-20 ਮਿੰਟ ਰੁਕਣਾ ਪੈ ਗਿਆ ਤਾਂ ਸਭ ਨੂੰ ਪ੍ਰੇਸ਼ਾਨੀ ਹੋ ਗਈ। ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਇੱਕ ਟਵੀਟ ਵਿੱਚ ਮੋਦੀ ਦਾ ਰਸਤਾ ਸੁਰੱਖਿਅਤ ਨਾ ਰੱਖ ਸਕਣ ਉੱਤੇ ਚਿੰਤਾ ਪ੍ਰਗਟ ਕੀਤੀ ਹੈ।

ਪਤਾ ਲੱਗਾ ਹੈ ਕਿ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਫੋਨ 'ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਸਬੰਧੀ ਸਾਰੇ ਮਾਮਲੇ ਬਾਰੇ ਗੱਲਬਾਤ ਕੀਤੀ। ਸੋਨੀਆ ਗਾਂਧੀ ਨੇ ਚੰਨੀ ਨਾਲ ਸਖਤ ਲਿਹਾਜ਼ੇ ਨਾਲ ਗੱਲਾਬਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਨਾਲ ਸਬੰਧਿਤ ਹੁੰਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਪੱਪੂ ਦਾ ਪਤਾ ਨਹੀਂ ਹੈ ਕਿ ਉਹ ਘੜੀ ਕੁ ਨੂੰ ਕੀ ਆਖ ਦੇਵੇ ਪਰ ਸੋਨੀਆ ਨੂੰ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਦੀ ਫਿਕਰ ਹੈ। ਅਗਰ ਚੰਨੀ ਸਰਕਾਰ ਵਾਂਗ ਹੋਰ ਸੂਬਾ ਸਰਕਾਰਾਂ ਵੀ ਘੜੀ ਪਲ ਲਈ ਅੱਖਾਂ-ਕੰਨ ਬੰਦ ਕਰ ਲੈਣ ਦਾ ਕਈ ਵੱਡਿਆਂ ਦੀ ਸੁਰੱਖਿਆ ਨੂੰ ਖਤਰਾ ਖੜ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਹਨ, ਨੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਆਪਣੇ ਕਾਰਕੁਨਾਂ ਨੂੰ ਇਸ ਲਈ ਵਧਾਈ ਵੀ ਦਿੱਤੀ ਹੈ। ਫੂਲ ਨੇ ਕਿਹਾ ਕਿ ਸਾਡੀ ਜਥੇਬੰਦੀ ਸਿਰਫ਼ ਭਾਸ਼ਣ ਦੇਣ ਵਿਚ ਵਿਸ਼ਵਾਸ ਨਹੀਂ ਰੱਖਦੀ, ਸਗੋਂ ਹੱਕਾਂ ਖ਼ਾਤਰ ਲੜਨ ਨੂੰ ਪਹਿਲ ਦਿੰਦੀ ਹੈ। ਕਥਿਤ ਕਿਸਾਨ ਜਥੇਬੰਦੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਸੱਭ ਤੋਂ ਉਪਰ ਸਮਝਦੀਆਂ ਹਨ।

ਦੇਸ਼ ਅਤੇ ਵਿਦੇਸ਼ ਦੇ ਖਾਲਿਸਤਾਨੀ ਬਾਗੋ ਬਾਗ ਹਨ। ਰਫਰੈਂਡਮ ਵਾਲੇ ਇਸ ਨੂੰ ਆਪਣੀ ਕਾਰਵਾਈ ਦੇ ਹਿੱਸਾ ਹੀ ਸਮਝਦੇ ਜਾਪਦੇ ਹਨ। ਕਥਿਤ ਕਿਸਾਨ ਮੋਰਚੇ ਦੌਰਾਨ ਕਈ ਭਾਰਤ ਵਿਰੋਧੀ ਤੱਤਾਂ ਵਿਚਕਾਰ ਸਿਟੀ ਰਲ਼ ਗਈ ਹੈ ਜਿਸ ਕਾਰਨ ਪੰਜਾਬ ਦੀ ਹਾਲਤ ਕਦੇ ਵੀ ਵਿਗੜ ਸਕਦੀ ਹੈ। ਖਾਲਿਸਤਾਨੀ ਜਾਣਦੇ ਹਨ ਕਿ ਚੋਣਾਂ ਵਿੱਚ ਉਹਨਾਂ ਨੂੰ ਬਹੁਤੀਆਂ ਵੋਟਾਂ ਤਾਂ ਮਿਲਦੀਆਂ ਨਹੀਂ ਹਨ ਪਰ ਲੋਕ ਵੋਟਾਂ ਉੱਤੇ ਜ਼ੋਰ ਲਗਾ ਕੇ ਸ਼ਾਂਤ ਹੋ ਜਾਂਦੇ ਹਨ ਜਿਸ ਨਾਲ ਨੁਕਸਾਨ ਉਹਨਾਂ ਨੂੰ ਹੁੰਦਾ ਹੈ ਜੋ ਆਨੇ ਬਹਾਨੇ ਲੋਕ ਰੋਹ ਉਸਾਰਨ ਵਿੱਚ ਲੱਗੇ ਹੁੰਦੇ ਹਨ। ਹੈਰਾਨੀ ਹੈ ਕਿ ਪੰਜਾਬ ਅਸੰਬਲੀ ਦੀ ਚੋਣ ਸਿਰ 'ਤੇ ਆ ਗਈ ਹੈ ਪਰ ਬਾਈਕਾਟੀਏ ਅਜੇ ਤੱਕ ਨਜ਼ਰ ਨਹੀਂ ਆ ਰਹੇ। ਸ਼ਾਇਦ ਅੰਦਰਖਾਤੇ ਕਿਸੇ ਪੰਥਕ ਕਮੇਟੀ ਵੱਲੋਂ ਧਮਕੀ ਭਰੇ ਚੋਣ ਬਾਈਕਾਟ ਦੀ ਪਲੈਨਿੰਗ ਚੱਲ ਰਹੀ ਹੋਵੇ।

-ਸ਼ੌਂਕੀ ਇੰਗਲੈਂਡੀਆ, -ਖ਼ਬਰਨਾਮਾ #1163, ਜਨਵਰੀ 07-2021

 

 

 

 

 

 

 


ਪਿਛਲੇ ਅੰਕ ਜਾਂ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ

hux qwk KLbrnfmf dI vYWb sfeIt nUM pfTk vyK cuwky hn

Click Here