www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

ਖ਼ਬਰਨਾਮਾ ਨੇ 20 ਸਾਲ ਦਾ ਸਫਰ ਪੂਰਾ ਕਰਕੇ 21ਵੇਂ ਵਿੱਚ ਪੈਰ ਧਰਿਆ

- ਪਰਮਜੀਤ ਸੰਧੂ

 

ਖਾਹਿਸ਼ ਨਹੀਂ ਹੈ ਮੁਝੇ

ਮਸ਼ਹੂਰ ਹੋਨੇ ਕੀ,

ਆਪ ਮੁਝੇ ਪਹਿਚਾਨਤੇ ਹੋ

ਇਤਨਾ ਹੀ ਕਾਫੀ ਹੈ।

ਅੱਛੇ ਨੇ ਅੱਛਾ ਔਰ

ਬੁਰੇ ਨੇ ਬੁਰਾ ਜਾਨਾ ਮੁਝੇ,

ਕਿਉਂਕਿ ਜਿਸ ਕੀ ਜਿਤਨੀ ਜ਼ਰੂਰਤ ਥੀ,

ਉਸ ਨੇ ਉਤਨਾ ਹੀ ਪਹਿਚਾਨਾ ਮੁਝੇ।

ਜਦੋਂ ਅੱਜ ਤੋਂ 20 ਸਾਲ ਪਹਿਲਾਂ ਖ਼ਬਰਨਾਮਾ ਅਖ਼ਬਾਰ ਦੀ ਸ਼ੁਰੂਆਤ ਹੋਈ ਤਾਂ ਉਸ ਸਮੇਂ ਇੰਟਰਨੈਟ ਅਖ਼ਬਾਰਾਂ ਅਤੇ ਰਸਾਲਿਆਂ ਵੱਲੋਂ ਪ੍ਰਿੰਟ ਮੀਡੀਏ ਦੀ ਥਾਂ ਲੈਣਾ ਅਜੇ ਕਈ ਸਾਲ ਦੂਰ ਸੀ। ਸੈਲਫ਼ੀ ਅਜੇ ਜੰੰਮੀ ਨਹੀਂ ਸੀ। ਉਸ ਤੋਂ ਬਾਅਦ ਮੀਡੀਏ ਦਾ ਲੈਂਡਸਕੇਪ ਬਹੁਤ ਬਦਲ ਗਿਆ ਹੈ, ਬਹੁਤ ਸਾਰੇ ਪ੍ਰਿੰਟ ਪ੍ਰਕਾਸ਼ਨ ਹੁਣ ਆਪਣਾ ਬਹਤਾ ਸਮਾਂ ਅਤੇ ਬਜਟ ਆਪਣੇ ਡਿਜੀਟਲ ਪਲੇਟਫਾਰਮ ਨੂੰ ਸਮਰਪਿਤ ਕਰਦੇ ਹਨ। ਅੱਜ ਅਸੀਂ ਮੀਡੀਏ ਨੂੰ ਪਿਛਲੇ ਸਮੇਂ ਨਾਲੋਂ ਵੱਖਰੇ ਰੰਗ ਅਤੇ ਢੰਗ ਨਾਲ ਵਰਤਦੇ ਹਾਂ। ਜਿੱਥੇ ਅਸੀਂ ਚੰਗੇ ਵਿਸ਼ੇ ਅਤੇ ਵਧੀਆ ਸਮੱਗਰੀ ਦੀ ਆਸ ਕਰਦੇ ਹਾਂ ਉੱਥੇ ਨਾਲ ਹੀ ਮਨੁੱਖੀ ਸੁਭਾਅ ਅੱਜ ਜਲਦੀ ਸ਼ੰਤੁਸਟ ਹੋਣ ਦੀ ਵੀ ਭਾਲ ਕਰਦਾ ਹੈ। ਲੰੰਬੀਆ ਜਾਂਚ ਰੀਪੋਰਟਾਂ ਅਤੇ ਨਰਮ ਖ਼ਬਰਾਂ ਦੀ ਥਾਂ ਅੱਜਕੱਲ ਗਰਮ ਖ਼ਬਰਾਂ, ਲਿਸਟੀਕਲ, ਫੰਨ ਫੋਟੋ ਅਤੇ ਝਟਕੀ ਖ਼ਬਰਾਂ ਦਾ ਬੋਲਬਾਲਾ ਹੈ। ਅਜਿਹੇ ਵਿੱਚ ਪ੍ਰਿੰਟ ਮੀਡੀਏ ਸਾਹਮਣੇ ਕਈ ਨਵੀਆਂ ਸਮੱਸਿਆਵਾਂ ਆ ਰਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਖ਼ਬਰਨਾਮਾ ਨੂੰ ਕਰਨਾ ਪੈ ਰਿਹਾ ਹੈ ਪਰ ਇਸ ਨਵੇਂ ਦੌਰ ਦੀਆਂ ਨਵੀਆਂ ਸਮੱਸਿਆਵਾਂ ਨਾਲ ਜੂਝਦਾ ਖ਼ਬਰਨਾਮਾ ਅੱਜ 21ਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ ਹੈ।

ਖ਼ਬਰਨਾਮਾ ਅਖ਼ਬਾਰ ਦੀ ਸੁਰੂਆਤ 17 ਸੰਤਬਰ 1999 ਦੀ ਇੱਕ ਠੰਡੀ ਜਿਹੀ ਕਿਣਮਣ ਵਾਲੀ ਸਵੇਰ ਨੂੰ ਹੋਈ ਸੀ ਅਤੇ ਅੱਜ ਖ਼ਬਰਨਾਮਾ ਨੇ ਆਪਣਾ 20 ਸਾਲ ਦਾ ਸਫਰ ਪੂਰਾ ਕਰ ਲਿਆ ਹੈ। ਜਦੋਂ ਖ਼ਬਰਨਾਮਾ ਦੀ ਸ਼ੁਰੂਆਤ ਕੀਤੀ ਗਈ ਸੀ ਉਦੋਂ ਪਾਠਕਾਂ ਨੂੰ ਇਕ ਨਿਵੇਕਲੇ ਕਿਸਮ ਦੀ ਪੱਤਰਕਾਰੀ ਦੀ ਝਲਕ ਦੇਖਣ ਨੂੰ ਮਿਲੀ ਸੀ। ਕਵਿਤਾਵਾਂ ਵਰਗੀ ਸੰਪਾਦਕੀ, ਕੁੜੀਆਂ ਵਰਗੀਆਂ ਸ਼ਰਮੀਲੀਆਂ ਖ਼ਬਰਾਂ ਦੇ ਨਾਲ ਨਾਲ ਸਚਾਈ ਨੂੰ ਬਿਅਨਾਂਦੇ ਤਿੱਖੇ ਲੇਖ ਅਤੇ ਲੀਡਰਾਂ ਦੇ ਬਿਆਨੀਏ ਦੀਆਂ ਛਿੱਲਾਂ ਲਾਹੁੰਦੀ ਗਰਮ ਸਮੱਗਰੀ ਖ਼ਬਰਨਾਮਾ ਦਾ ਅੱਜਤੱਕ ਵਿਸ਼ੇਸ਼ ਅੰਗ ਰਹੀ ਹੈ। ਸਾਲ 2002 ਵਿੱਚ ਖ਼ਬਰਨਾਮਾ ਦੀ ਟੀਮ ਵੱਲੋਂ ਖੁੱਦ ਆਪ ਤਿਆਰ ਕੀਤੀ ਖ਼ਬਰਨਾਮਾ ਦੀ ਵੈੱਬ ਸਾਈਟ ( ਖ਼ਬਰਨਾਮਾ ਡਾਟ ਕਾਮ) ਸੁਰੂ ਕੀਤੀ ਗਈ ਸੀ ਜੋ ਅੱਜਤੱਕ ਓਸੇ ਹੀ ਚਾਲ ਅਤੇ ਢਾਲ ਵਿੱਚ ਚੱਲ ਰਹੀ ਹੈ। ਕਈ ਵਾਰੀ ਸੋਚਿਆ ਕਿ ਇਸ ਨੂੰ ਵੀ ਅੱਜ ਦੇ ਮਾਹੌਲ ਵਰਗੀ ਟਿਸ਼ਨੋ ਮਿਸ਼ਨੋ ਬਣਾਉਣ ਲਈ ਕਿਸੇ ਬਿਊਟੀ ਪਾਰਲਰ ਦੀਆਂ ਸੇਵਾਵਾ ਲੈ ਲੈਣੀਆਂ ਚਾਹੀਦੀਆਂ ਹਨ ਅਤੇ ਕਿਸੇ ਸ਼ੌਕੀਨ ਸ਼ਹਿਰੀ ਕੁੜੀ ਵਰਗੀ ਦਿੱਖ ਦੇ ਦਿੱਤੀ ਜਾਣੀ ਚਾਹੀਦੀ ਹੈ ਪਰ ਪਾਠਕਾਂ ਵੱਲੋਂ ਇਸ ਨੂੰ ਪੇਂਡੂ ਕੁੜੀ ਵਰਗੀ ਸਾਦ ਮੁਰਾਦੀ ਰੱਖਣ ਦਾ ਹੀ ਸੁਨੇਹਾਂ ਦਿੱਤਾ ਜਾਂਦਾ ਰਿਹਾ ਹੈ। ਪਾਠਕਾਂ ਦਾ ਕਹਿਣਾ ਹੈ ਕਿ ਇਸ ਦੇ ਵਰਕੇ ਤਾਂ ਕਿਤਾਬ ਵਾਂਗ ਝੱਟਪੱਟ ਖੁੱਲਦੇ ਹਨ ਜਦ ਕਿ ਕਈ ਹੋਰਾਂ ਦੀਆਂ ਤਾਂ ਭੰਬੀਰੀਆਂ ਹੀ ਘੁੰਮਦੀਆਂ ਰਹਿੰਦੀਆਂ ਹਨ। ਖ਼ਬਰਨਾਮਾ ਅਖ਼ਬਾਰ ਦੀ ਵੈਬ ਸਾਈਟ ਹਰੇਕ ਸ਼ੁਕਰਵਾਰ ਸ਼ਾਮ 7 ਵਜੇ ਅਪਡੇਟ ਕਰ ਦਿੱਤੀ ਜਾਂਦੀ ਹੈ। ਸਾਲ 2002 ਵਿੱਚ ਹੀ ਇਕ 'ਹਾਰੇ ਐਮਪੀ' ਦੀ ਨਿਰਾਜ਼ਗੀ ਸਹੇੜਨ ਤੋਂ ਬਾਅਦ ਸ਼ੌਂਕੀ ਇੰਗਲੈਂਡੀਆਂ ਦਾ ਜਨਮ ਹੁੰਦਾ ਹੈ ਅਤੇ ਇਸ ਦਾ ਸਕਿੱਚ ਦਲਜੀਤ ਕੌਰ ਆਰਟਿਸਟ ਵੱਲੋਂ ਬਣਾਇਆ ਗਿਆ ਸੀ। ਦਲਜੀਤ ਕੌਰ ਅੱਜ ਵੀ ਕਹਿੰਦੀ ਹੈ ਕਿ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਸੌਂਕੀ ਇੰਗਲੈਂਡੀਆ ਦਾ ਚਿਤਰਿਆ ਅਤੇ ਬਣਾਇਆ ਸਕਿੱਚ ਐਨਾ ਮਸ਼ਹੂਰ ਹੋ ਜਾਵੇਗਾ ਅਤੇ ਹਰ ਹਫਤੇ ਬਕਾਇਦਗੀ ਨਾਲ ਛਪਿਆ ਕਰੇਗਾ ਅਤੇ ਪਾਠਕਾਂ ਦੇ ਦਿਲਾਂ 'ਤੇ ਰਾਜ ਕਰੇਗਾ।

ਫਰਵਰੀ 2006 ਬਾਬਾ ਬੜਬੋਲਾ ਅਚਾਨਕ ਪ੍ਰਗਟ ਹੋਕੇ ਪਾਠਕਾਂ ਦੇ ਰੂਬਰੂ ਹੁੰਦਾ ਹੈ ਅਤੇ ਚੋਭਨਾਮਾ ਕਾਲਮ ਵਿੱਚ ਚੰਗੀਆਂ ਚੋਭਾਂ ਲਾਉਂਦਾ ਹੈ ਜੋ ਅੱਜ ਵੀ ਹਰ ਵਾਰ ਪਹਿਲੇ ਸਫ਼ੇ 'ਤੇ ਬਿਰਾਜਮਾਨ ਹੁੰਦਾ ਹੈ ਜਿਸ ਦਾ ਚਿੱਤਰ ਪ੍ਰਤੀਕ ਸਿੰਘ ਵੱਲੋਂ ਇੱਕ ਹੀ ਦਿਨ ਵਿਚ ਬਣਾ ਕੇ ਹਾਜ਼ਰ ਕਰ ਦਿੱਤਾ ਗਿਆ ਸੀ। ਕਈ ਵਾਰੀ ਤਾਂ ਖੁੰਡੇ ਵਾਲੇ ਬਾਬੇ ਦੀ ਚੋਭ ਇਤਨੀ ਤਿੱਖੀ ਹੁੰਦੀ ਹੈ ਕਿ ਜਿਸ ਦੀ ਜਲਣ ਚੋਭ ਖਾਣ ਵਾਲੇ ਦਾ ਕਈ ਕਈ ਮਹੀਨੇ ਬਾਅਦ ਵੀ ਪਿੱਛਾ ਨਹੀਂ ਛਡਦੀ। ਇਸ ਤੋਂ ਇਲਾਵਾ ਖ਼ਬਰਨਾਮਾ ਦੇ ਬਹੁਤ ਹੀ ਖਾਸਮ ਖਾਸ ਪ੍ਰਸ਼ਾਤ ਲਾਇਲਪੁਰੀ ਅਤੇ ਜੀਤ ਜਲੰਧਰੀ ਵੀ ਮੁੱਢ ਤੋਂ ਹੀ ਖ਼ਬਰਨਾਮਾ ਦੀ ਕੱਛ ਵਿੱਚ ਰਹੇ ਹਨ ਜਦ ਵੀ ਖ਼ਬਰਨਾਮਾ ਨੂੰ ਇਨ੍ਹਾਂ ਦੀ ਲੋੜ ਪਈ ਤਾਂ ਇਹ ਦੋਵੇਂ ਝੱਟ ਦੇਣੀ ਬਰਾਬਰ ਆਣ ਖੜਦੇ ਹਨ। ਖ਼ਬਰਨਾਮਾ ਟੀਮ ਨੂੰ ਇਨ੍ਹਾਂ 'ਤੇ ਮਾਣ ਹੈ ਕਿਉਂਕਿ ਮਾਣ ਵੀ ਆਪਣਿਆਂ 'ਤੇ ਹੀ ਹੁੰਦਾ ਹੈ। ਇਸ ਤੋਂ ਇਲਾਵਾ ਖ਼ਬਰਨਾਮਾ ਟੀਮ ਉਨ੍ਹਾਂ ਸਹਿਯੋਗੀਆਂ, ਲੇਖਕਾਂ, ਹਿਮਾਇਤੀਆਂ, ਹਮਦਰਦਾਂ ਅਤੇ ਹਤੈਸ਼ੀਆਂ ਨੂੰ ਵੀ ਪ੍ਰਣਾਮ ਕਰਦੀ ਹੈ ਜਿਨ੍ਹਾਂ ਦੇ ਖ਼ਬਰਨਾਮਾ ਦੇ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਸਭ ਤੋਂ ਵੱਧ ਉਨ੍ਹਾ ਬਿਜਨਿਸ ਅਦਾਰਿਆਂ ਦਾ ਧੰਨਵਾਦ ਜਿਨ੍ਹਾ ਨੇ ਜਿੱਥੇ ਪਿਛਲੇ 20 ਸਾਲਾਂ ਦੇ ਸਮੇਂ ਦੌਰਾਨ ਆਪਣਾ ਬਿਜ਼ਨਿਸ ਖ਼ਬਰਨਾਮਾ ਜ਼ਰੀਏ ਪ੍ਰਮੋਟ ਕਰਾਇਆ ਅਤੇ ਆਪਣਾ ਸੁਨੇਹਾ ਪਾਠਕਾਂ ਤੱਕ ਪਹੁੰਚਾਇਆ ਉੱਥੇ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਗੇ ਤੋਂ ਵੀ ਖ਼ਬਰਨਾਮਾ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਖੜੇ ਰਹਿਣਗੇ। ਕਈ ਬਿਜਨਿਸ ਅਦਾਰੇ ਤਾਂ ਅਜਿਹੇ ਹਨ ਜੋ ਪਹਿਲੇ ਦਿਨ ਤੋਂ ਹੀ ਖ਼ਬਰਨਾਮਾ ਨਾਲ ਜੁੜੇ ਹੋਏ ਹਨ ਉਨ੍ਹਾਂ ਦਾ ਖਾਸ ਧੰਨਵਾਦ ਕਰਨਾ ਬਣਦਾ ਹੈ। ਵੱਧ ਧੰਨਵਾਦ ਉਨ੍ਹਾਂ ਪਾਠਕਾਂ ਦਾ ਜਿਨ੍ਹਾਂ ਦੇ ਹੁੰਗਾਰੇ ਖ਼ਬਰਨਾਮਾ ਨੂੰ ਹੁਲਾਰੇ ਦਿੰਦੇ ਰਹੇ ਅਤੇ ਖ਼ਬਰਨਾਮਾ ਨੂੰ ਲੋੜੀਂਦੀ ਆਕਸੀਜਨ ਮੁਹੱਈਆ ਕਰਦੇ ਰਹੇ ਹਨ। ਸ਼ੁਰੂ ਵਿੱਚ ਮੁਨਸ਼ੀ ਪ੍ਰੇਮ ਚੰਦ ਦੀ ਲਿਖੀ ਕਵਿਤਾ ਦੀਆਂ ਕੁਝ ਲਾਈਨਾਂ ਖ਼ਬਰਨਾਮਾਂ ਦੀ ਚਾਲ ਨਾਲ ਮੇਲ ਖਾਦੀਆਂ ਨਜ਼ਰ ਆਉਂਦੀਆਂ ਹਨ। ਉਮੀਦ ਹੈ ਅੱਗੇ ਤੋਂ ਵੀ ਇਹ ਅਖ਼ਬਾਰ ਇਸੇ ਹੀ ਮੜਕਣੀ ਚਾਲੇ ਚਲਦਾ ਰਹੇਗਾ ਅਤੇ ਪਾਠਕਾਂ ਦੀ ਭੁੱਖ ਪੂਰੀ ਕਰਦਾ ਰਹੇਗਾ।

ਸੰਪਰਕ 416-902-9393

hux qwk KLbrnfmf dI vYWb sfeIt nUM pfTk vyK cuwky hn

Click Here