www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਬਰੈਂਪਟਨ ਦੀਆਂ ਬੈਂਕਾਂ ਵਿੱਚ ਤੈਨਾਤ ਕੀਤੇ ਜਾ ਰਹੇ ਹਨ ਨਿੱਕੇ ਨਿੱਕੇ ਸਕਿਊਰਟੀ ਗਾਰਡ

ਸੰਪਾਦਕ ਜੀ,

ਬਰੈਂਪਟਨ ਵਿੱਚ ਅਮਨ ਕਾਨੂੰਨ ਦੀ ਹਾਲਤ ਦਿਨੋ ਦਿਨ ਵਿਗੜ ਰਹੀ ਹੈ ਅਤੇ ਇਸ ਦੀ ਚਰਚਾ ਵੀ ਆਮ ਹੋਣ ਗੱਲ ਪਈ ਹੈ। ਪਿਛਲੇ ਦਿਨੀਂ ਪ੍ਰੀਮੀਅਰ ਡੱਗ ਫੋਰਡ ਨੇ ਪੀਅਲ ਰੀਜਨਲ ਪੁਲਿਸ ਨੂੰ $20.5 ਮਿਲੀਅਨ ਕਰਾਈਮ ਨੂੰ ਕਾਬੂ ਕਰਨ ਲਈ ਦਿੱਤਾ ਹੈ। ਪਤਾ ਨਹੀਂ ਇਸ ਦਾ ਅਸਰ ਕਦ ਵੇਖਣ ਨੂੰ ਮਿਲੇਗਾ। ਕੁਝ ਲੋਕ ਕਹਿੰਦੇ ਹਨ ਕਿ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਅਬਾਦੀ ਵਿੱਚ ਸਮਾਜ ਵਿਰੋਧੀ ਅੰਸਰ ਦੀ ਗਿਣਤੀ ਬਹੁਤ ਵਧ ਗਈ ਹੈ। ਬਰੈਂਪਟਨ ਦੀਆਂ ਬੈਂਕਾਂ ਅਤੇ ਸਟੋਰ ਲੁੱਟਾਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਬਰੈਂਪਟਨ ਦੀਆਂ ਬੈਂਕਾਂ ਵਿੱਚ ਨਿੱਕੇ ਨਿੱਕੇ ਸਕਿਊਰਟੀ ਗਾਰਡ ਤੈਨਾਤ ਕੀਤੇ ਜਾ ਰਹੇ ਹਨ। ਇਸ ਹਫ਼ਤੇ ਮੈਨੂੰ ਦੋ ਬੈਂਕਾਂ ਵਿੱਚ ਜਾਣ ਦਾ ਮੌਕਾ ਮਿਲਿਆ ਇੱਕ ਦੇ ਮੁਖ ਦਰਵਾਜ਼ੇ 'ਤੇ ਛੋਟੀ ਜਿਹੀ ਲੜਕੀ ਸਕਿਊਰਟੀ ਗਾਰਡ ਵਜੋਂ ਖੜੀ ਸੀ ਪਰ ਉਹ ਸੈੱਲ ਫੋਨ ਨੂੰ ਚੰਬੜੀ ਹੋਈ ਸੀ।  ਸਕਿਊਰਟੀ ਵੱਲ ਉਸ ਦਾ ਉਕਾ ਹੀ ਧਿਆਨ ਨਹੀਂ ਸੀ, ਬੱਸ ਵਰਦੀ ਪਾਈ ਹੋਈ ਸੀ। ਇੱਕ ਹੋਰ ਬੈਂਕ ਨੇ ਆਪਣਾ ਅੰਦਰਲਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਜਿਸ ਦੇ ਅੰਦਰ ਇੱਕ ਨਿਕੀ ਜਿਹੀ ਕੁੜੀ ਸਕਿਊਰਟੀ ਗਾਰਡ ਖੜੀ ਸੀ ਜੋ ਗਾਹਕ ਵਾਸਤੇ ਦਰਵਾਜ਼ਾ ਖੋਹਲਦੀ ਸੀ। ਇੱਕ ਪ੍ਰਸਿਧ ਡੀਪਾਰਟਮੈਂਟ ਸਟੋਰ ਜਾਣਾ ਪਿਆ ਤਾਂ ਉਹਨਾਂ ਨੇ ਵੀ ਸਕਿਊਰਟੀ ਗਾਰਡ ਤੈਨਾਤ ਕੀਤੇ ਹੋਏ ਸਨ। ਇਸ ਸ਼ਹਿਰ ਦੀ ਹਾਲਤ ਵਿਗੜ ਕੇ ਅਮਰੀਕਾ ਵਰਗੀ ਹੋ ਰਹੀ ਹੈ ਜਿੱਥੇ ਥਾਂ ਥਾਂ ਸਟੋਰਾਂ 'ਚ ਸਕਿਊਰਟੀ ਗਾਰਡ ਖੜੇ ਕੀਤੇ ਹੁੰਦੇ ਹਨ।

ਆਰ. ਐਸ. ਸਿੱਧੂ, ਬਰੈਂਪਟਨ              

ਖ਼ਬਰਨਾਮਾ #1064, ਫਰਵਰੀ 14-2020

 


ਬਰੈਂਪਟਨ ਦੀਆਂ ਬੈਂਕਾਂ ਵਿੱਚ ਤੈਨਾਤ ਕੀਤੇ ਜਾ ਰਹੇ ਹਨ ਨਿੱਕੇ ਨਿੱਕੇ ਸਕਿਊਰਟੀ ਗਾਰਡ

ਸੰਪਾਦਕ ਜੀ,

ਬਰੈਂਪਟਨ ਵਿੱਚ ਅਮਨ ਕਾਨੂੰਨ ਦੀ ਹਾਲਤ ਦਿਨੋ ਦਿਨ ਵਿਗੜ ਰਹੀ ਹੈ ਅਤੇ ਇਸ ਦੀ ਚਰਚਾ ਵੀ ਆਮ ਹੋਣ ਗੱਲ ਪਈ ਹੈ। ਪਿਛਲੇ ਦਿਨੀਂ ਪ੍ਰੀਮੀਅਰ ਡੱਗ ਫੋਰਡ ਨੇ ਪੀਅਲ ਰੀਜਨਲ ਪੁਲਿਸ ਨੂੰ $20.5 ਮਿਲੀਅਨ ਕਰਾਈਮ ਨੂੰ ਕਾਬੂ ਕਰਨ ਲਈ ਦਿੱਤਾ ਹੈ। ਪਤਾ ਨਹੀਂ ਇਸ ਦਾ ਅਸਰ ਕਦ ਵੇਖਣ ਨੂੰ ਮਿਲੇਗਾ। ਕੁਝ ਲੋਕ ਕਹਿੰਦੇ ਹਨ ਕਿ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਅਬਾਦੀ ਵਿੱਚ ਸਮਾਜ ਵਿਰੋਧੀ ਅੰਸਰ ਦੀ ਗਿਣਤੀ ਬਹੁਤ ਵਧ ਗਈ ਹੈ। ਬਰੈਂਪਟਨ ਦੀਆਂ ਬੈਂਕਾਂ ਅਤੇ ਸਟੋਰ ਲੁੱਟਾਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਬਰੈਂਪਟਨ ਦੀਆਂ ਬੈਂਕਾਂ ਵਿੱਚ ਨਿੱਕੇ ਨਿੱਕੇ ਸਕਿਊਰਟੀ ਗਾਰਡ ਤੈਨਾਤ ਕੀਤੇ ਜਾ ਰਹੇ ਹਨ। ਇਸ ਹਫ਼ਤੇ ਮੈਨੂੰ ਦੋ ਬੈਂਕਾਂ ਵਿੱਚ ਜਾਣ ਦਾ ਮੌਕਾ ਮਿਲਿਆ ਇੱਕ ਦੇ ਮੁਖ ਦਰਵਾਜ਼ੇ 'ਤੇ ਛੋਟੀ ਜਿਹੀ ਲੜਕੀ ਸਕਿਊਰਟੀ ਗਾਰਡ ਵਜੋਂ ਖੜੀ ਸੀ ਪਰ ਉਹ ਸੈੱਲ ਫੋਨ ਨੂੰ ਚੰਬੜੀ ਹੋਈ ਸੀ। ਇੱਕ ਹੋਰ ਬੈਂਕ ਨੇ ਆਪਣਾ ਅੰਦਰਲਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਜਿਸ ਦੇ ਅੰਦਰ ਇੱਕ ਨਿਕੀ ਜਿਹੀ ਕੁੜੀ ਸਕਿਊਰਟੀ ਗਾਰਡ ਖੜੀ ਸੀ ਜੋ ਗਾਹਕ ਵਾਸਤੇ ਦਰਵਾਜ਼ਾ ਖੋਹਲਦੀ ਸੀ। ਇੱਕ ਪ੍ਰਸਿਧ ਡੀਪਾਰਟਮੈਂਟ ਸਟੋਰ ਜਾਣਾ ਪਿਆ ਤਾਂ ਉਹਨਾਂ ਨੇ ਵੀ ਸਕਿਊਰਟੀ ਗਾਰਡ ਤੈਨਾਤ ਕੀਤੇ ਹੋਏ ਸਨ। ਇਸ ਸ਼ਹਿਰ ਦੀ ਹਾਲਤ ਅਮਰੀਕਾ ਵਰਗੀ ਹੋ ਰਹੀ ਹੈ ਜਿੱਥੇ ਥਾਂ ਥਾਂ ਗਾਰਡ ਖੜੇ ਹਨ।

ਆਰ. ਐਸ. ਸਿੱਧੂ, ਬਰੈਂਪਟਨ

ਇੱਕ ਮਿਸਾਲੀ ਕਦਮ

ਸੁਣਿਆ ਗਿਆ ਕਿ ਉਮਰ ਦੇ ਆਖਰੀ ਪੜਾਅ ਦੌਰਾਨ ਸੀਨੀਅਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਹੁਰਾਂ ਆਪਣੀ ਪਤਨੀ ਦੇ ਸਦੀਵੀ ਵਿਛੋੜੇ ਉਪਰੰਤ ਜਿੰਦਗੀ ਦੇ ਰਹਿੰਦੇ ਸਫਰ ਲਈ ਸਾਥੀ ਤਲਾਸ਼ ਕਰ ਲਿਆ ਹੈ। ਰੂੜ੍ਹੀਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਸ਼ਾਇਦ ਇਹ ਗੱਲ ਹਜ਼ਮ ਨਾ ਹੋਵੇ ਪਰ ਅਗਾਂਹਵਧੂ ਅਤੇ ਸੂਝਵਾਨਾਂ ਦੁਆਰਾ ਇਹ ਇੱਕ ਮਿਸਾਲੀ ਕਦਮ ਜਾਣਿਆ ਜਾਏਗਾ। ਡਾਲਰ ਕਮੌਣ ਅਤੇ ਸੁਥਰੀ ਜਿੰਦਗੀ ਦੀ ਚਾਹ ਨੇ ਸਾਨੂੰ ਦੇਸੀਆਂ ਨੂੰ ਗੋਰਿਆਂ ਦੇ ਮੁਲਕਾਂ ਵੱਲ ਵਹੀਰਾਂ ਘੱਤਣ ਲਈ ਮਜਬੂਰ ਕੀਤਾ ਅਤੇ ਕਿਸੇ ਹੱਦ ਤੱਕ ਅਸੀਂ ਆਪਣੇ ਮਿਸ਼ਨ 'ਚ ਕਾਮਯਾਬ ਵੀ ਹੋਏ ਪਰ ਹਾਲੇ ਸਾਨੂੰ ਗੋਰਿਆਂ ਤੋਂ ਖੁਸ਼ਹਾਲ ਜਿੰਦਗੀ ਜਿਊਣ ਦੇ ਕਈ ਗੁਰ ਸਿੱਖਣ ਦੀ ਲੋੜ ਹੈ। ਉਨ੍ਹਾਂ ਵਿੱਚੋਂ ਹੀ ਇੱਕ ਗੁਰ ਹੈ ਕਿ ਅਸੀਂ ਆਪਣੀਆਂ ਉਨ੍ਹਾਂ ਰੂੜ੍ਹੀਵਾਦੀ ਪਰੰਪਰਾਂਵਾਂ ਦਾ ਤਿਆਗ ਕਰੀਏ ਜੋ ਸਾਡੇ ਪੈਰਾਂ ਦੀ ਸੰਗਲ ਬਣ ਸਾਨੂੰ ਬਿਹਤਰ ਜਿੰਦਗੀ ਜਿਉਣ ਦੇ ਆੜੇ ਆਉਂਦੀਆਂ ਹਨ।

ਵਿਗਿਆਨਕ ਅਤੇ ਅਗਾਂਹਵਧੂ ਸੋਚ ਨੇ ਹੀ ਇਨ੍ਹਾਂ ਪੱਛਮੀ ਮੁਲਕਾਂ ਨੂੰ ਦੁਨਿਆਂ ਦੇ ਬੇਹਤਰ ਮੁਲਕਾਂ ਦੀ ਕਤਾਰ 'ਚ ਖੜਾ੍ਹ ਕੀਤਾ ਹੈ। 'ਲੋਕ ਕੀ ਕਹਿਣਗੇ' ਦੀ ਨਾਮੁਰਾਦ ਬੀਮਾਰੀ ਨੇ ਦੇਸੀਆਂ ਨੂੰ ਬਹੁਤੀਆਂ ਦਲਦਲਾਂ 'ਚ ਫਸਾਇਆ ਹੈ ਜਿਸ ਵਿੱਚੋਂ ਵਿਰਲੇ ਹਿੰਮਤੀ ਹੀ ਨਿਕਲ ਪਾਉਂਦੇ ਹਨ। ਜਮਾਨਾ ਤੇਜੀ ਨਾਲ ਬਦਲ ਰਿਹਾ ਹੈ ਅਤੇ ਬਦਲਾਓ ਹੀ ਜਿੰਦਗੀ ਹੈ 'ਤੇ ਖੜੋਤ ਮਿਰਤੂ। ਮੇਰੀ ਜਾਚੇ ਜਵਾਨੀ ਨਾਲੋਂ ਉਮਰ ਦੇ ਆਖਰੀ ਸਫਰ ਦੌਰਾਨ ਜੀਵਨ ਸਾਥੀ ਵਧੇਰੇ ਲੋੜੀਂਦਾ ਹੈ ਕਿਓਂਕਿ ਇਸ ਵੇਲੇ ਤੁਹਾਨੂੰ ਸਮਾਂ ਦੇਣ ਲਈ ਕਿਸੇ ਕੋਲ ਵਿਹਲ ਨਹੀਂ ਹੁੰਦੀ। ਬੱਚਿਆਂ ਦੇ ਆਪਣੇ ਰੁਝੇਵੇਂ ਹੁੰਦੇ ਹਨ। ਅਸੀਂ ਉਨ੍ਹਾਂ ਦੀ ਜਿੰਦਗੀ 'ਚ ਖਲਲ ਨਾ ਪਾ ਕੇ ਆਪਣੇ ਤਰੀਕੇ ਨਾਲ ਇਸ ਇਕੱਲਤਾ ਦੇ ਸੰਤਾਪ ਤੋਂ ਮੁਕਤ ਹੋ ਸਕਦੇ ਹਾਂ, ਜਿਵੇਂ ਕਿ ਬੜਿੰਗ ਹੁਰਾਂ ਕੀਤਾ ਹੈ। ਬੜਿੰਗ ਇੱਕ 'ਡਾਈਨੇਮਿਕ' ਬੰਦਾ ਹੈ ਜਿਸ ਤੋਂ ਭਾਈਚਾਰੇ ਨੂੰ ਕਾਫੀ ਉਮੀਦਾਂ ਹਨ। ਜਿੰਦਗੀ ਵਹਿਂਦੇ ਪਾਣੀ ਦੀ ਤਰ੍ਹਾਂ ਹੈ ਜਿਸ ਦੇ ਖੜੋਤਿਆਂ ਮੁਸ਼ਕ ਮਾਰਨ ਲੱਗਦਾ ਹੈ। ਅਸੀਂ ਇਸ ਜੋੜੇ ਦੀ ਖੁਸ਼ਹਾਲ ਜਿੰਦਗੀ ਦੀ ਕਾਮਨਾ ਕਰਦੇ ਹੋਏ ਇਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ। ਧੰਨਵਾਦ।

ਹਰਜੀਤ ਦਿਓਲ, ਬਰੈਂਪਟਨ

 


ਸਹਿਣਸ਼ੀਲਤਾ ਜਾਂ ਅਸਿਹਣਸ਼ੀਲਤਾ!

- ਜਸਵਿੰਦਰ ਸਿੱਧੂ, ਬਰੈਂਪਟਨ

ਇਨ੍ਹਾਂ ਦੇਸੀ ਘਿਓ ਦੇ ਡੱਬਿਆਂ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਨਾਚ ਗਿੱਧਾ ਅਤੇ ਭੰਗੜਾ ਦੀਆਂ ਤਸਵੀਰਾਂ ਕਈ ਦਹਾਕਿਆਂ ਤੋਂ ਅੰਕਿਤ ਹਨ। ਮੈਂ ਆਪਣੇ ਬਚਪਨ ਤੋਂ ਹੀ ਇਹ ਸ਼ੁੱਧ ਘਿਓ ਘਰਾਂ ਅਤੇ ਧਾਰਮਿਕ ਸਥਾਨਾਂ ਦੇ ਲੰਗਰਾਂ ਵਿੱਚ ਇਸਤੇਮਾਲ ਹੁੰਦਾ ਵੇਖ ਰਿਹਾ ਹਾਂ। ਕਿਸੇ ਵੀ ਧਰਮ ਦੀਆਂ ਜੜ੍ਹਾਂ ਮੋਮਬੱਤੀ ਦੀ ਲਾਟ ਨਹੀਂ ਹੁੰਦੀਆਂ ਕਿ ਹਵਾ ਦਾ ਬੁੱਲਾ ਇਸਨੂੰ ਬੁਝਾ ਸਕੇ। ਹਰ ਧਰਮ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਉਸ ਧਰਮ ਨੂੰ ਮੰਨਣ ਵਾਲੇ ਕੱਟੜ ਲੋਕਾਂ ਤੋਂ ਹੀ ਹੁੰਦਾ ਹੈ। ਭਾਰਤ ਵਿੱਚ ਅੱਜ-ਕੱਲ੍ਹ ਅਸਹਿਣਸ਼ੀਲਤਾ ਵੱਧਦੀ ਜਾ ਰਹੀ ਹੈ। ਧਰਮ ਵਾਲੇ ਕੱਟੜ, ਆਦਮਬੋ - ਆਦਮਬੋ ਕਰਦੇ ਫਿਰ ਰਹੇ ਹਨ। ਇਕ ਪਾਸੇ ਕੱਟੜ ਲੋਕ ਵੱਖਰੇ ਰਾਜ ਲਈ ਲੋਕਾਂ ਨੂੰ ਆਪਣੇ ਨਾਲ ਜੋੜਣ ਲਈ ਯਤਨਸ਼ੀਲ ਹਨ ਅਤੇ ਆਖਦੇ ਹਨ ਕਿ ਸਾਡੇ ਰਾਜ ਵਿੱਚ ਹਰ ਧਰਮ - ਜ਼ਾਤ ਦੇ ਲੋਕਾਂ ਨੂੰ ਬਰਾਬਰਤਾ ਮਿਲੇਗੀ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਵਿਰਾਸਤੀ ਰਸਤੇ ਵਿੱਚ ਬੁੱਤਾਂ ਨੂੰ ਨੁਕਸਾਨ ਪਹੁੰਚਾਣ ਦੀ ਘਟਨਾ ਇਹ ਸਪੱਸ਼ਟ ਸੁਨੇਹਾ ਦਿੰਦੀ ਹੈ ਕਿ ਅਗਰ ਅਸੀਂ ਸਿਰਫ਼ ਬੁੱਤਾਂ ਨੂੰ ਲੈ ਕੇ ਹੀ ਅਸਹਿਣਸ਼ੀਲਤਾ ਦਾ ਰਵੱਈਆ ਅਪਣਾ ਸਕਦੇ ਹਾਂ ਤਾਂ ਵੱਖਰੇ ਰਾਜ ਵਿੱਚ ਦੂਜੇ ਫ਼ਿਰਕਿਆਂ ਦਾ ਕੀ ਹਸ਼ਰ ਹੋਵੇਗਾ? ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਇਹ ਬੁੱਤ ਕਿਸ ਨੇ ਲਗਵਾਏ? ਇਹ ਬੁੱਤ ਕਿਉਂ ਲਗਵਾਏ? ਕੀ ਇਹ ਬੁੱਤ ਇੱਥੋਂ ਹਟਾ ਦੇਣੇ ਚਾਹੀਦੇ ਹਨ ਜਾਂ ਨਹੀਂ? ਅਜਿਹੇ ਸਵਾਲਾਂ ਦੇ ਜਵਾਬ ਵਿੱਚ "ਹੱਕ ਵਿੱਚ ਜਾਂ ਵਿਰੋਧ ਵਿੱਚ" ਸੈਂਕੜੇ ਹੀ ਜਵਾਬ ਦਿੱਤੇ ਜਾਂ ਲਿਖੇ ਜਾ ਸਕਦੇ ਹਨ। ਏਨੇ ਸਾਲ ਲੰਘ ਜਾਣ ਤੋਂ ਬਾਅਦ ਅੱਜ ਜਿਹੜੇ ਲੋਕ ਆਖ ਰਹੇ ਹਨ ਇਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਇਹ ਪਹਿਲਾਂ ਕੀ ਕਰਦੇ ਰਹੇ ਹਨ? ਪੰਜਾਬ ਦਾ ਬੁੱਧੀਜੀਵੀ ਵਰਗ ਇਸ ਮਸਲੇ 'ਤੇ ਮੀਸਣਾ ਬਣਿਆ ਬੈਠਾ ਹੈ। ਬੁੱਧੀਜੀਵੀ ਤਾਂ ਇਕ ਦੂਜੇ ਵਿੱਚ ਹੀ ਉਲਝੇ ਹੋਏ ਹਨ ਕਿ ਸਾਡੇ ਵਿੱਚੋਂ ਕਿਹੜਾ ਵੱਡਾ ਹੈ, ਇਸ ਦੌੜ ਵਿੱਚ ਭੱਜੇ ਜਾ ਰਹੇ ਹਨ। ਪੰਜਾਬ ਦਾ ਹਰ ਉਹ ਬੁੱਤ ਤੋੜ ਦੇਣਾ ਚਾਹੀਦਾ ਹੈ ਜਿਹੜਾ ਧਰਮ ਦੇ ਰਸਤੇ ਵਿੱਚ ਰੁਕਾਵਟ ਖੜ੍ਹੀ ਕਰਦਾ ਹੈ ਪਰ ...... ਬੁੱਤ ਤੋੜਣ ਵਾਲਿਆਂ ਤੋਂ ਬਾਅਦ ਵਿੱਚ ਜਦੋਂ ਉਹ ਭੰਨ ਤੋੜ ਕਰ ਲੈਣ, ਇਹ ਅੰਕੜੇ ਹਾਸਿਲ ਕਰਨੇ ਚਾਹੀਦੇ ਹਨ ਕਿ ਇੰਝ ਕਰਨ ਨਾਲ ਕਿੰਨੇ ਹੋਰ ਲੋਕ ਸਾਡੇ ਧਰਮ ਨਾਲ ਜੁੜੇ ਹਨ ਜਾਂ ਕਿੰਨੇ ਹੋਰ ਲੋਕ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਪੂਰਨ ਗੁਰਸਿੱਖ ਬਣ ਗਏ ਹਨ? ਜੇ ਜਵਾਬ ਤਸੱਲੀਬਖ਼ਸ਼ ਹੋਣ ਤਾਂ ਇਨ੍ਹਾਂ ਦਾ ਵੱਡੇ ਪੱਧਰ ਤੇ ਸਨਮਾਨ ਹੋਣਾ ਚਾਹੀਦਾ ਹੈ ਜੇ ਜਵਾਬ ਤਸੱਲੀਬਖ਼ਸ਼ ਨਾ ਹੋਵੇ ਤਾਂ ਇਨ੍ਹਾਂ 'ਤੇ ਲੋੜੀਂਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਅਗਰ ਭਾਰਤ ਦਾ ਇਤਿਹਾਸ ਪੜ੍ਹੀਏ ਤਾਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਕਥਿਤ ਧਰਮੀ ਜਾਬਰਾਂ ਨੇ ਪਹਿਲਾਂ ਵੀ ਬੁੱਤਾਂ ਦੀ ਤੋੜਭੰਨ ਬਹੁਤ ਕੀਤੀ ਹੈ ਪਰ ਇਤਿਹਾਸ ਦੇ ਪੰਨਿਆਂ ਤੇ ਅਸੀਂ ਉਨ੍ਹਾਂ ਨੂੰ ਕਦੀ ਸਤਿਕਾਰ ਨਹੀਂ ਦਿੱਤਾ। ਭਾਰਤ ਵਿੱਚ ਅੱਜ-ਕੱਲ੍ਹ ਧਰਮ ਅਤੇ ਰਾਜਨੀਤੀ ਵਿੱਚ ਜਿਹੜੇ ਲੋਕ ਸਥਾਪਿਤ ਨਹੀਂ ਹੋ ਸਕਦੇ ਉਹ ਬਾਹਰ ਬੈਠ ਕੇ ਮਸਲੇ ਪੈਦਾ ਕਰਦੇ ਹਨ ਅਤੇ ਖ਼ਬਰਾਂ ਵਿੱਚ ਸੁਰਖ਼ੀਆਂ ਹਾਸਿਲ ਕਰਦੇ ਹਨ। ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰੀਏ। ਸਾਡੇ ਧਰਮ ਦੀਆਂ ਜੜ੍ਹਾਂ ਬੇਹੱਦ ਡੂੰਘੀਆਂ ਅਤੇ ਮਜ਼ਬੂਤ ਹਨ, ਕੋਈ ਵੀ ਬੁੱਤ ਜਾਂ ਇਨਸਾਨ ਇਨ੍ਹਾਂ ਨੂੰ ਖੋਰਾ ਲਗਾ ਹੀ ਨਹੀਂ ਸਕਦਾ।

ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਵੀ ਸਹਿਜ ਮਤੇ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਕਿਸੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ। ਗੱਲ ਦੇਸੀ ਘਿਓ ਦੇ ਡੱਬਿਆਂ ਤੋਂ ਸ਼ੁਰੂ ਕੀਤੀ ਗਈ ਹੈ, ਜੇ ਬੁੱਤ ਵਾਕਿਆ ਹੀ ਧਰਮ ਲਈ ਖ਼ਤਰਨਾਕ ਹਨ ਤਾਂ ਲੱਗਦਾ ਹੈ ਸੰਘਰਸ਼ ਕਰਨ ਵਾਲਿਆਂ ਦਾ ਅਗਲਾ ਨਿਸ਼ਾਨਾ ਲੰਗਰ ਵਿੱਚ ਪਏ ਇਹ ਘਿਓ ਦੇ ਡੱਬੇ ਹੀ ਹੋਣਗੇ।


 

ਪ੍ਰੀਮੀਅਰ ਫੋਰਡ ਦੀ ਐਥਨਿਕ ਮੀਡੀਆ ਨਾਲ ਮੁਲਾਕਾਤ!

ਸੰਪਾਦਕ ਜੀ,

ਪਤਾ ਲੱਗਾ ਹੈ ਕਿ ਬੀਤੇ ਦਿਨੀਂ ਪ੍ਰੀਮੀਅਰ ਡੱਗ ਫੋਰਡ ਨਾਲ ਐਥਨਿਕ ਮੀਡੀਆ ਦੀ ਇੱਕ ਮੁਲਾਕਾਤ ਹੋਈ ਹੈ ਜਿਸ ਵਿੱਚ ਡੱਗ ਫੋਰਡ ਨੇ ਐਥਨਿਕ ਮੀਡੀਆ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੀ ਗੱਲ ਕਹੀ ਹੈ। ਇਸ ਨਾਲ ਕਈ ਕਿਸਮ ਦੀਆਂ ਚਰਚਾਵਾਂ ਕੁਝ ਰੇਡੀਓ ਪ੍ਰੋਗਰਾਮਾਂ ਅਤੇ ਸੋਸ਼ਲ ਮੀਡੀਆ 'ਤੇ ਸੁਣੀਆਂ ਹਨ। ਉਂਝ ਕੁਝ ਮਹੀਨੇ ਪਹਿਲਾਂ ਇਕ ਵਾਰ ਇਕ ਪੰਜਾਬੀ ਰੇਡੀਓ 'ਤੇ ਇਹ ਵੀ ਸੁਣਿਆਂ ਸੀ ਜਸਟਿਨ ਟਰੂਡੋ ਦੀ ਫੈਡਰਲ ਸਰਕਾਰ ਟੋਰਾਂਟੋ ਸਟਾਰ ਅਖ਼ਬਾਰ ਨੂੰ ਹਰ ਸਾਲ ਬਹੁਤ ਵੱਡੀ ਗਰਾਂਟ ਦਿੰਦੀ ਹੈ। ਸ਼ਾਇਦ ਏਸੇ ਲਈ ਟੋਰਾਂਟੋ ਸਟਾਰ ਲਿਬਰਲਾਂ ਦੇ ਗੁਣ ਗਾਉਂਦਾ ਹੈ। ਅਗਰ ਇਸ ਬਾਰ ਜਾਣਕਾਰੀ ਹੋਵੇ ਤਾਂ ਦੱਸਣਾ ਕਿ ਕਿੰਨੀ ਕੁ ਗਰਾਂਟ ਟੋਰਾਂਟੋ ਸਟਾਰ ਨੂੰ ਦਿੱਤੀ ਜਾਂਦੀ ਹੈ। ਹੋ ਸਕਦਾ ਹੈ ਕਿ ਲਿਬਰਲ ਸਰਕਾਰ ਐਥਨਿਕ ਮੀਡੀਆ ਦੇ ਕੁਝ ਅਦਾਰਿਆਂ ਨੂੰ ਵੀ ਗਰਾਂਟ ਵਗੈਰ ਦਿੰਦੀ ਹੋਵੇ। ਅਗਰ ਟੋਰਾਂਟੋ ਸਟਾਰ ਨੂੰ ਗਰਾਂਟ ਦਿੱਤੀ ਜਾ ਸਕਦੀ ਹੈ ਤਾਂ ਹੋਰ ਕਿਸੇ ਨੂੰ ਦਿੱਤੀ ਜਾ ਸਕਦੀ ਹੈ।

ਗੱਲ ਪ੍ਰੀਮੀਅਰ ਫੋਰਡ ਵਲੋਂ ਐਥਨਿਕ ਮੀਡੀਆ ਨੂੰ ਇਸ਼ਤਿਹਾਰ ਦਿੱਤੇ ਜਾਣ ਦੇ ਐਲਾਨ ਦੀ ਕਰ ਰਹੇ ਹਾਂ ਜਿਸ ਬਾਰੇ ਬਹੁਤ ਹੈਰਾਨੀ ਵਾਲੇ ਕਮਿੰਟ ਪੜ੍ਹੇ ਅਤੇ ਸੁਣੇ ਹਨ। ਇੱਕ ਪੰਜਾਬੀ ਰੇਡੀਓ ਵਾਲਾ ਆਖ ਰਿਹਾ ਸੀ ਕਿ ਫੋਰਡ ਵਲੋਂ ਵਾਅਦਾ ਕਰਨ ਦੀ ਦੇਰ ਸੀ ਕਿ ਕਈ ਦੇਸੀ ਮੀਡੀਆ ਵਾਲੇ ਫੋਰਡ ਸਰਕਾਰ ਦੀਆ ਸਿਫ਼ਤਾਂ ਕਰਨ ਲੱਗ ਪਏ ਹਨ। ਉਸ ਨੇ ਨਾਮ ਕਿਸੇ ਦਾ ਨਹੀਂ ਲਿਆ ਪਰ ਕਿਸੇ ਸਰਕਾਰ ਦੇ ਪੱਖ ਪੂਰਨ ਵਾਲੇ ਮੀਡੀਆ ਨੂੰ ਜੁੱਤੀ-ਚੱਟ ਆਖ ਦਿੱਤਾ। ਜਦ ਇੱਕ ਕਾਲਰ ਨੇ ਕਿਹਾ ਕਿ ਉਸ ਰੇਡੀਓ ਹੋਸਟ ਦਾ ਸਾਹਿਯੋਗੀ ਹੋਸਟ ਵੀ ਫੋਰਡ ਨੂੰ ਮਿਲਣ ਵਾਲੇ ਮੀਡੀਆਕਾਰਾਂ ਵਿੱਚ ਸ਼ਾਮਲ ਸੀ ਤਾਂ ਇਸ ਹੋਸਟ ਦੇ ਫਿਊਜ਼ ਉਡ ਗਏ ਤੇ ਆਖਣ ਲੱਗਾ ਕਿ ਉਸ ਦਾ ਸਹਿਯੋਗੀ ਤਾਂ ਸਦਾ ਹੀ ਸਰਕਾਰਾਂ ਦੀ ਨੁਕਤਾਚੀਨੀ ਕਰਦਾ ਹੈ। ਕੀ ਸਰਕਾਰਾਂ ਦਾ ਸਦਾ ਵਿਰੋਧ ਕਰਨਾ ਹੀ ਅਸਲੀ ਨਿਰਪੱਖ ਮੀਡੀਆਕਾਰੀ ਹੈ? ਕਿਸੇ ਦਾ ਵਿਚਾਰ ਵੱਖਰਾ ਵੀ ਹੋ ਸਕਦਾ ਹੈ।

ਸੋਸ਼ਲ ਮੀਡੀਆ 'ਤੇ ਇੱਕ ਸੱਜਣ ਨੇ ਲਿਖਿਆ ਕਿ ਡੱਗ ਫੋਰਡ ਸਰਕਾਰ ਹੁਣ ਦੇਸੀ ਮੀਡੀਆ ਨੂੰ ਇਸ਼ਤਿਹਾਰ ਦੇਵੇਗੀ ਤਾਂ ਇਸ ਦੇ ਜੁਵਾਬ ਵਿੱਚ ਇੱਕ ਸੱਜਣ ਨੇ ਲਿਖਿਆ ਕਿ ਫੋਰਡ ਸਰਕਾਰ ਕੋਲ ਮੀਡੀਆ ਵਾਸਤੇ ਪੈਸਾ ਹੈ ਪਰ ਟੀਚਰਾਂ ਨੂੰ ਰੇਜ਼ ਦੇਣ ਵਾਸਤੇ ਪੈਸਾ ਨਹੀਂ ਹੈ।

ਇੱਕ ਦਿਨ ਓਨਟੇਰੀਓ ਦਾ ਵਿਦਿਆ ਮੰਤਰੀ ਮੀਡੀਆ ਨੂੰ ਬਿਆਨ ਦੇ ਰਿਹਾ ਸੀ ਕਿ ਅਗਰ ਟੀਚਰਾਂ ਨੂੰ 1% ਰੇਜ਼ ਦਿੱਤੀ ਜਾਂਦੀ ਹੈ ਤਾਂ ਸੂਬੇ ਨੂੰ ਇੱਕ ਸਾਲ ਵਿੱਚ 1.5 ਬਿਲੀਅਨ ਡਾਲਰ ਵੱਧ ਦੇਣਾ ਪੈਂਦਾ ਹੈ। ਇਹ ਕੋਈ ਛੋਟੀ ਰਕਮ ਨਹੀਂ ਹੈ। ਅਗਰ ਸਰਕਾਰ ਦੇਸੀ ਮੀਡੀਆ ਨੂੰ ਇਸ਼ਤਿਹਾਰ ਦਿੰਦੀ ਹੈ ਤਾਂ ਇੱਕ ਅਦਾਰੇ ਨੂੰ ਹੋ ਸਕਦਾ ਹੈ $1000 ਦੀ ਐਡ ਦੇ ਦੇਵੇ। ਸਾਰੇ ਦੇਸੀਆਂ ਵਿੱਚੋਂ 30 -35 ਅਦਾਰਿਆਂ ਨੂੰ ਐਡਾਂ ਦੇਵਾ ਤਾਂ 30-35 ਹਜ਼ਾਰ ਡਾਲਰ ਬਣ ਜਾਵੇਗਾ। ਅਗਰ ਹੋਰ ਐਥਨਿਕ ਮੀਡੀਆ ਨੂੰ ਵੀ ਇਸ ਰਕਮ ਬਰਾਬਰ ਐਡਾਂ ਦੇ ਦੇਵੇ ਤਾਂ ਸੂਬੇ ਵਿੱਚ ਹੋ ਸਕਦਾ ਹੈ 200 ਅਜੇਹੇ ਅਦਾਰੇ ਹੋਣ। ਇਸ ਨਾਲ ਕੁਲ ਖਰਚਾ ਦੋ ਲੱਖ ਡਾਲਰ ਬਣ ਜਾਵੇਗਾ। ਪਰ ਟੀਚਰਾਂ ਨੂੰ 1% ਰੇਜ਼ ਦੇਣ ਨਾਲ ਸੂਬੇ ਦਾ ਖਰਚਾ 1.5 ਬਿਲੀਅਨ ਵਧ ਜਾਂਦਾ ਹੈ। ਕਹਿੰਦੇ ਹਨ ਕਿ ਇੱਕ ਬਿਅਲੀਅਨ ਡਾਲਰ ਵਿੱਚ 1000 ਮਿਲੀਅਨ ਡਾਲਰ ਹੁੰਦਾ ਹੈ (ਮੈਨੂੰ ਏਡੀ ਵੱਡੀ ਗਿਣਤੀ ਦਾ ਪਤਾ ਨਹੀਂ ਹੈ)। ਅਤੇ ਇਕ ਮਿਲੀਅਨ ਡਾਲਰ ਵਿੱਚ 10 ਲੱਖ ਡਾਲਰ ਹੁੰਦਾ ਹੈ। ਐਥਨਿਕ ਮੀਡੀਆ ਨੂੰ ਦੋ ਕੁ ਲੱਖ ਦੀਆਂ ਐਡਾਂ ਦੇਣ ਨੂੰ ਟੀਚਰਾਂ ਨੂੰ ਕਈ ਬਿਲੀਅਨ ਡਾਲਰ ਹੋਰ ਰੇਜ਼ ਨਾਲ ਕਿਵੇਂ  ਜੋੜ ਕੇ ਵੇਖਿਆ ਜਾ ਸਕਦਾ ਹੈ? ਕਹਿੰਦੇ ਹਨ ਕਿ ਟੀਚਰ ਘੱਟੋ ਘੱਟ 2% ਰੇਜ਼ ਮੰਗਦੇ ਹਨ ਅਤੇ ਇਸ ਨਾਲ ਤਾਂ ਖਰਚਾ ਬਹੁਤ ਵਧ ਜਾਵੇਗਾ। ਪਤਾ ਨਹੀਂ ਕੁਝ ਲੋਕ ਕੀੜੀ ਦੀ ਤੁਲਨਾ ਹਾਥੀ ਨਾਲ ਕਿਵੇਂ ਕਰ ਦਿੰਦੇ ਹਨ ਅਤੇ ਫਿਰ ਆਪਣੇ ਆਪ ਨੂੰ ਬਹੁਤ ਸੁਘੜ ਸਿਆਣੇ ਸਮਝਦੇ ਹਨ।

ਸੋਸ਼ਲ ਮੀਡੀਆ 'ਤੇ ਕੁਝ ਲੋਕ ਬਹੁਤ ਝੱਗ ਸੁਟਦੇ ਹਨ ਅਤੇ ਝੂਠ ਫੈਲਾਉਂਦੇ ਹਨ ਇਸ ਲਈ ਖ਼ਬਰਦਾਰ ਰਹਿਣਾ ਚਾਹੀਦਾ ਹੈ।

ਆਰ. ਐਸ. ਸਿੱਧੂ, ਬਰੈਂਪਟਨ

 

ਲਾਈਲੱਗ ਲੋਕ!

ਅਖਾਣ ਸੁਣੀਂਦਾ ਪਈ 'ਲਾਈਲੱਗ ਨਾ ਹੋਵੇ ਘਰਵਾਲਾ ਅਤੇ ਚੰਦਰਾ ਗੁਆਂਢ ਨਾ ਹੋਵੇ' ਪਰ ਮਾੜੀ ਕਿਸਮਤ ਆਪਣੇ ਵਤਨ ਭਾਰਤ ਨੂੰ ਦੋਵੇਂ ਅਲਾਮਤਾਂ ਚੰਬੜੀਆਂ ਹਨ। ਗੁਆਂਢੀ ਦੇਸ਼ ਵੱਲੋਂ ਵੀ ਖੈਰ ਨਹੀਂ ਜਿਸ ਨਾਲ ਆਏ ਦਿਨ ਇੱਟ ਖੜਿੱਕਾ ਚਲਦਾ ਹੀ ਰਹਿੰਦਾ ਅਤੇ ਲੋਕਾਂ ਦਾ ਹਾਲ ਤੁਸਾਂ ਦੇਖ ਹੀ ਰਹੇ ਹੋ ਬਿਨਾ ਸੋਚੇ ਸਮਝੇ ਘਾਗ ਸਿਆਸਤਦਾਨਾਂ ਅਤੇ ਦੁਸ਼ਮਣਾਂ ਦੀ ਚੁੱਕ 'ਚ ਆ ਕੇ ਆਪਣਾ ਝੁੱਗਾ ਚੌੜ ਕਰਨ ਨੂੰ ਤਤਪਰ ਰਹਿੰਦੇ ਹਨ। ਆਪਣੀ ਕੁਰਸੀ ਦੀ ਖਾਤਰ ਸਿਆਸਤਦਾਨ ਲੋਕ ਹਿੱਤ, ਦੇਸ਼ ਹਿੱਤ ਅਤੇ ਸਾਰੇ ਅਸੂਲ ਛਿੱਕੇ ਟੰਗ 'ਥਾਲੀ ਦਾ ਬੈਂਗਣ' ਬਣ ਜਾਂਦੇ ਹਨ ਜਿਨ੍ਹਾਂ ਦਾ ਕੋਈ ਸਪਸ਼ਟ ਸਟੈਂਡ ਨਹੀਂ ਹੁੰਦਾ। ਵਿਰੋਧੀਆਂ 'ਤੇ ਤੋਹਮਤਾਂ ਲਾ ਕੇ ਆਪਣਾ ਰਸਤਾ ਸਾਫ ਕਰਨਾ ਹੀ ਇਨ੍ਹਾਂ ਦਾ ਮੁੱਖ ਉਦੇਸ਼ ਹੁੰਦਾ ਹੈ ਅਤੇ ਠਰੰਮੇ ਨਾਲ ਸੋਚਣ ਤੋਂ ਅਸਮਰਥ ਲਾਈਲੱਗ ਲੋਕ ਅਕਸਰ ਇਨ੍ਹਾਂ ਘਾਗ ਸਿਆਸਤਦਾਨਾਂ ਦੇ ਹੱਥ ਦੀ ਕਠਪੁਤਲੀ ਬਣਕੇ ਅਰਾਜਕਤਾ ਸਿਰਜਣ ਦੇ ਭਾਗੀਦਾਰ ਬਣਦੇ ਹਨ। ਅਖੇ ਭਾਰਤ ਵਿੱਚ ਘੱਟਗਿਣਤੀਆਂ ਨਾਲ ਵਿਤਕਰਾ ਹੁੰਦਾ ਹੈ ਤਾਂ ਫਿਰ ਦੱਸੋ ਭਾਈ ਕਿੰਨੇ ਕੁ ਘੱਟ ਗਿਣਤੀ ਲੋਕਾਂ ਨੇ ਭਾਰਤ ਤੋਂ ਭੱਜਕੇ ਗੁਆਢੀ ਮੁਲਕਾਂ 'ਚ ਸ਼ਰਨ ਲਈ ਹੈ। ਉਲਟਾ ਗੁਆਂਢੀ ਮੁਲਕਾਂ ਦੇ ਸਤਾਏ ਲੋਕ ਸ਼ਰਣ ਲਈ ਭਾਰਤ ਦਾ ਰੁਖ ਕਰਦੇ ਦੇਖੇ ਜਾ ਸਕਦੇ ਹਨ। ਰਹੀ ਗੱਲ ਭਾਰਤ ਤੋਂ ਪੱਛਮੀ ਦੇਸ਼ਾਂ ਦੇ ਪਰਵਾਸ ਦੀ ਤਾਂ ਜਨਾਬ ਇਹ ਵਰਤਾਰਾ ਤਾਂ ਦੁਨਿਆਂ ਦੇ ਸਾਰੇ ਵਿਕਾਸਸ਼ੀਲ ਦੇਸ਼ਾਂ ਤੋਂ ਵਿਕਸਤ ਦੇਸ਼ਾਂ ਵੱਲ ਬੇਹਤਰ ਭਵਿਸ਼ ਲਈ ਪਰਵਾਸ ਦਾ ਹੈ। ਕਰਤਾਰਪੁਰ ਲਾਂਘਾ ਖੁੱਲਣ ਕਰਕੇ ਬਹੁਤਿਆਂ ਨੂੰ ਪਾਕਿਸਤਾਨ ਦਾ ਬੜਾ ਹੇਜ ਜਾਗ ਪਿਆ ਹੈ ਅਤੇ ਓਹ ਪਾਕਿਸਤਾਨੀ ਮਹਿਮਾਨ ਨਵਾਜੀ ਦੇ ਗੁਣ ਗਾਉਂਦੇ ਨਹੀਂ ਥੱਕਦੇ ਪਰ ਪਾਕਿਸਤਾਨੀ ਪੱਤਰਕਾਰ ਤਾਹਿਰ ਗੌਰਾ ਮੁਤਾਬਿਕ ਜੇ ਤੁਸੀਂ ਪਾਕਿਸਤਾਨ ਦੇ ਕਿਸੇ ਸ਼ਹਿਰ ਮੁਹੱਲੇ 'ਚ ਕਿਰਾਏਦਾਰ ਬਣਕੇ ਕੁਝ ਸਮਾਂ ਰਹੋ ਤਾਂ ਓਥੋਂ ਦੇ ਘੱਟਗਿਣਤੀਆਂ ਦਾ ਦਰਦ ਚੰਗੀ ਤਰ੍ਹਾਂ ਸਮਝ ਸਕੋਗੇ।

ਲੀਡਰਾਂ ਦੀਆਂ ਜੱਫੀਆਂ ਭਰਮਾਊ ਸਿਆਸੀ ਪੈਂਤੜੇਬਾਜੀ ਹੁੰਦੀ ਹੈ। ਆਏ ਦਿਨ ਗੈਰਮੁਸਲਿਮ ਕੁੜੀਆਂ ਨੂੰ ਵਰਗਲਾਕੇ ਉਨ੍ਹਾਂ ਤੋਂ ਧੱਕੇ ਨਾਲ ਇਸਲਾਮ ਕਬੂਲ ਕਰਵਾਇਆ ਜਾ ਰਿਹੈ। ਇਸੇ ਲਈ ਓਥੇ ਘੱਟ ਗਿਣਤੀ ਗੈਰਮੁਸਲਿਮਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਨਾਗਰਿਕਤਾ ਸੋਧ ਬਿਲ ਨੂੰ ਲੈ ਕੇ ਬੜਾ ਹੰਗਾਮਾ ਖੜਾ ਕੀਤਾ ਜਾ ਰਿਹੈ ਪਰ ਇਸ 'ਚ ਭਾਰਤ ਵਸਦੇ ਮੁਸਲਮਾਨਾਂ ਖਿਲਾਫ ਕੁਝ ਵੀ ਨਹੀਂ ਜਦਕਿ ਜਨਵਰੀ 1990 'ਚ ਕਸ਼ਮੀਰੀ ਪੰਡਤਾਂ ਨੂੰ ਇਸਲਾਮੀ ਅੱਤਵਾਦੀਆਂ ਨੇ ਸ਼ਰੇਆਮ ਲਲਕਾਰ ਕੇ ਭਜਾਇਆ ਸੀ। ਓਸ ਵਕਤ ਧਰਮ ਨਿਰਪੱਖਤਾ ਦਾ ਢਿੰਡੋਰਾ ਪਿੱਟਣ ਵਾਲੇ ਕਿੱਧਰ ਸਨ? ਕਸ਼ਮੀਰ 'ਚ ਧਾਰਾ 370 ਹਟਾਉਣਾ ਓਥੇ ਪਾਕਿਸਤਾਨੀ ਦਖ਼ਲ ਦੇ ਖਾਤਮੇ ਵੱਲ ਇੱਕ ਕਦਮ ਵੱਜੋਂ ਦੇਖਿਆ ਜਾਣਾ ਚਾਹੀਦੈ। ਭਾਰਤ ਇੱਕ ਪ੍ਰਭੁਸੱਤਾ ਸੰਪੰਨ ਦੇਸ਼ ਹੈ ਜਿਸ ਨੂੰ ਦੇਸ਼ ਦੀ ਸੁਰੱਖਿਆ ਲਈ ਦੇਸ਼ ਵਿਰੋਧੀ ਨਾਜਾਇਜ਼ ਅਰਾਜਕ ਤੱਤਾਂ ਦੀ ਘੁਸਪੈਠ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ ਦਾ ਪੂਰਾ ਅਧਿਕਾਰ ਹੈ। ਦੁਨਿਆਂ ਦੇ ਸਾਰੇ ਦੇਸ਼ ਇਹੀ ਕਰਦੇ ਹਨ। ਸਾਨੂੰ ਠਰੰਮੇ ਨਾਲ ਇਸ ਪਾਸੇ ਸੋਚਣਾ ਬਣਦਾ ਹੈ ਅਤੇ ਖੌਰੂ ਪਾਉਂਦੀ ਲਾਈਲੱਗਾਂ ਦੀ ਭੀੜ ਦਾ ਹਿੱਸਾ ਬਨਣ ਤੋਂ ਗੁਰੇਜ਼ ਕਰਨਾ ਚਾਹੀਦਾ।

ਜਦ ਤੱਕ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿੱਚ ਨਹਿਰੂ ਵਰਗੇ ਦੂਰਅੰਦੇਸ਼ ਅਤੇ ਪਰਪੱਕ ਲੀਡਰਸ਼ਿਪ ਦਾ ਆਗਮਨ ਨਹੀਂ ਹੁੰਦਾ ਬੀ ਜੇ ਪੀ ਨੂੰ ਬਰਦਾਸ਼ਤ ਕਰਨ ਤੋਂ ਸਿਵਾ ਕੋਈ ਬਦਲ ਨਹੀਂ। ਕਿਸੇ ਪਾਰਟੀ ਜਾਂ ਲੀਡਰ ਦੀਆਂ ਨੀਤੀਆਂ ਨਾਲ ਅਸਹਿਮਤੀ ਪ੍ਰਗਟ ਕਰਨ ਦਾ ਸਾਨੂੰ ਪੂਰਾ ਹੱਕ ਹੈ ਪਰ ਇਸ ਦੀ ਆੜ ਹੇਠ ਦੇਸ਼ ਵਿਰੋਧੀ ਅਨਸਰਾਂ ਨਾਲ ਭਾਈਵਾਲੀ ਹਰਗਿਜ਼ ਉਚਿਤ ਨਹੀਂ। ਧੰਨਵਾਦ।

ਇੱਕ ਵਡਮੁੱਲਾ ਮਸ਼ਵਰਾ

ਮੇਰੇ ਇੱਕ ਮਿੱਤਰ ਨੇ ਜੋ ਮੋਦੀ ਸ਼ਾਹ ਦੀ ਜੋੜੀ ਤੋਂ ਡਾਹਡਾ ਪਰੇਸ਼ਾਨ ਰਹਿੰਦਾ ਹੈ ਮੈਂਨੂੰ ਪੁੱਛਿਆ ਪਈ ਦੇਸ਼ ਨੂੰ ਇਸ ਜੋੜੀ ਤੋਂ ਨਿਜ਼ਾਤ ਕਿਵੇਂ ਦਵਾਈ ਜਾਵੇ? ਤਾਂ ਮੈਂ ਉਸ ਨੂੰ ਮੁਫਤ ਸਲਾਹ ਦਿੱਤੀ ਪਈ ਜਿਵੇਂ ਤੁਸਾਂ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੀ ਫੱਟੀ ਪੋਚੀ ਹੈ, ਅਗਲੇ ਇਲੈਕਸ਼ਨ ਵਿੱਚ ਸਾਰੇ ਐਨ ਆਰ ਆਈ ਜਹਾਜ ਭਰ ਕੇ ਨਾਲ ਮਾਇਆ ਦੇ ਗੱਫੇ ਲੈ ਕੇ ਬੀ ਜੇ ਪੀ ਦੀ ਮਦਦ ਲਈ ਪਹੁੰਚੋ, ਬੀ ਜੇ ਪੀ ਜੇ ਪਾਣੀ ਵੀ ਮੰਗ ਜੇ ਤਾਂ ਮੇਰਾ ਨਾਂਅ ਬਦਲ ਦਿਓ। ਉਦੋਂ ਤੋਂ ਮੇਰਾ ਮਿੱਤਰ ਮੇਰੇ ਨਾਲ ਨਾਰਾਜ਼ ਹੈ।

ਹਰਜੀਤ ਦਿਓਲ, ਬਰੈਂਪਟਨ

 


ਬਰਦਾਸ਼ਤ ਸ਼ਕਤੀ

ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਇਰਦ-ਗਿਰਦ ਕਾਫ਼ੀ ਕੁੱਝ ਬਦਲ ਗਿਆ ਹੈ। ਦੁਨੀਆਂ ਦੇ ਤਕਰੀਬਨ ਸਾਰੇ ਮੁਲਕਾਂ ਦੇ ਲੋਕ ਇੱਥੇ ਵੱਸਦੇ ਹਨ। ਵੱਖੋ - ਵੱਖ ਖਾਣੇ, ਬੋਲੀਆਂ, ਰਹਿਣ-ਸਹਿਣ ਅਤੇ ਸੋਚ ਵਿੱਚ ਕਾਫ਼ੀ ਵਖ਼ਰੇਵੇਂ ਮਹਿਸੂਸ ਕੀਤੇ ਜਾ ਸਕਦੇ ਹਨ। ਹਰ ਕੋਈ ਦੂਜੇ ਤੋਂ ਪਹਿਲਾਂ ਕਾਮਯਾਬ ਹੋਣਾ ਚਹੁੰਦਾ ਹੈ ਅਤੇ ਇਸ ਲਈ ਲੋਕ ਆਪੋ-ਆਪਣੀ ਸਮਰੱਥਾ ਅਤੇ ਦ੍ਰਿਸ਼ਟੀ ਅਨੁਸਾਰ ਦਾਅ-ਪੇਚ ਵੀ ਖੇਡਦੇ ਹਨ। ਕੋਈ ਬੈਕਾਂ ਨਾਲ ਫਰਾਡ ਕਰ ਰਿਹਾ ਹੈ ਅਤੇ ਕੋਈ ਆਪਣੇ ਸਕੇ ਖ਼ੂਨ ਦੇ ਰਿਸ਼ਤਿਆਂ ਨਾਲ। ਇਸਤੋਂ ਬਿਨਾਂ ਹੋਰ ਵੀ ਬੜਾ ਕੁੱਝ ਗ਼ੈਰ-ਇਖ਼ਲਾਕੀ ਹੋ ਰਿਹਾ ਹੈ, ਖ਼ਾਸ ਤੌਰ ਤੇ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਖ਼ੇਤਰ ਵਿੱਚ। ਲੋਕਾਂ ਨੂੰ ਆਪਣੇ ਘਰ ਜਾਂ ਆਪਣੇ ਬੈੱਡਰੂੰਮ ਦਾ ਕੋਈ ਫ਼ਿਕਰ ਨਹੀਂ ਹੈ ਕਿ ਉਨ੍ਹਾਂ ਦੇ ਘਰੇ ਕੀ ਨਰਕ ਦੀ ਅੱਗ ਬਲ ਰਹੀ ਹੈ ਪਰ ਇਹ ਲੋਕ ਦੂਜੇ ਲੋਕਾਂ ਦੇ ਘਰਾਂ ਦੀ ਹਰ ਪਲ ਦੀ ਖ਼ਬਰ ਹਾਸਿਲ ਕਰਨ ਲਈ ਆਪਣਾ ਕੀਮਤੀ ਵਕਤ ਨਸ਼ਟ ਕਰ ਰਹੇ ਹਨ। ਲੋਕ ਕਰਜ਼ੇ ਦੀ ਭਾਰੀ ਪੰਡ ਚੁੱਕ ਕੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਹਿੱਕ ਸਾੜਣ ਨੂੰ ਆਪਣਾ ਗੁਣ ਸਮਝਣ ਲੱਗ ਪਏ ਹਨ।ਸਭ ਤੋਂ ਅਹਿਮ ਗੱਲ ਇਹ ਨੋਟ ਕੀਤੀ ਗਈ ਹੈ ਕਿ ਲੋਕਾਂ ਵਿੱਚ "ਬਰਦਾਸ਼ਤ ਸ਼ਕਤੀ" ਬੇਹੱਦ ਘੱਟ ਗਈ ਹੈ। ਇਸਦਾ ਕਾਰਨ ਇਹੀ ਹੈ ਕਿ ਲੋਕਾਂ ਨੇ ਆਪਣੀ ਸਮਰੱਥਾ - ਪਹੁੰਚ ਤੋਂ ਵੱਡੇ ਪੰਗੇ (ਕਰਜ਼ੇ) ਚੁੱਕੇ ਹੋਏ ਹਨ ਅਤੇ ਹੁਣ ਜਦੋਂ ਕਿਤੇ ਦਿਹਾੜੀ ਟੁੱਟ ਜਾਵੇ, ਟਰੈਫ਼ਿਕ ਵਿੱਚ ਗੱਡੀ ਫ਼ਸ ਜਾਵੇ ਜਾਂ ਮਹੀਨੇ ਵਿੱਚ ਕਿਸੇ ਦੇ ਦੋ- ਚਾਰ ਜਨਮ-ਦਿਨ ਜਾਂ ਵਿਆਹ ਜਾਣ ਤਾਂ ਘਰ ਦਾ ਬਜਟ ਚੌਪਟ ਹੋ ਜਾਂਦਾ ਹੈ ਅਤੇ ਫ਼ੱਕ ਮੈਨ-ਫ਼ੱਕ ਮੈਨ (ਇਹ ਸ਼ਬਦ ਵਰਤਨ ਲਈ ਮੁਆਫ਼ੀ) ਦੇ ਬੋਲ ਆਪ ਮੁਹਾਰੇ ਮੂੰਹੋਂ ਨਿੱਕਲ ਪੈਂਦੇ ਹਨ ਜੇ ਡੈਸੀਨੇਸ਼ਨ ਮੈਰਿਜ ਜਾਵੇ ਤਾਂ ਸਾਲਾਂ ਦਾ ਬਜਟ ਲੇਖੇ ਲੱਗ ਜਾਂਦਾ ਹੈ ਜਾਂ ਫਿਰ ਓਵਰ ਟਾਈਮ ਮਿਲਣੋਂ ਹਟ ਜਾਵੇ ਤਾਂ ਲੋਕ ਤਰਲੋ-ਮੱਛੀ ਹੁੰਦੇ ਆਂਮ ਵੇਖੇ ਜਾ ਸਕਦੇ ਹਨ।

ਮੈਂ ਇਹ ਲਿਖਤ "ਬਰਦਾਸ਼ਤ ਸ਼ਕਤੀ" 'ਤੇ ਕੇਂਦਰਿਤ ਕਰਨੀ ਚਹੁੰਦਾ ਹਾਂ। ਤਾਜ਼ਾ ਖ਼ਬਰ ਹੈ ਕਿ ਰੈਕਸਡੇਲ ਸ਼ਹਿਰ ਵਿਚ (ਟੋਰਾਂਟੋ ਏਅਰਪੋਰਟ ਨੇੜੇ) ਇਕ ਰੈਸਟੋਰੈਂਟ ਵਿਚ ਕੰਮ ਕਰਦੇ ਆਮ ਵਰਕਰ ਨੂੰ ਇਕ ਵਿਅਕਤੀ ਨੇ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਭੱਜ ਗਿਆ। ਕਾਰਨ ਇਹ ਸੀ ਕਿ ਕੁੱਝ ਦਿਨ ਪਹਿਲਾਂ ਹਮਲਾ ਕਰਨ ਵਾਲੇ ਬੰਦੇ ਨੇ ਰੈਸਟੋਰੈਂਟ ਦੇ ਮੇਨ ਦਰਵਾਜ਼ੇ ਅੱਗੇ ਆਪਣੀ ਕਾਰ ਖੜ੍ਹੀ ਕਰ ਲਈ ਸੀ ਜਿਸ ਕਰਕੇ ਗ੍ਰਹਾਕਾਂ ਨੂੰ ਲੰਘਣ ਵਿੱਚ ਪ੍ਰੇਸ਼ਨੀ ਰਹੀ ਸੀ ਤੇ ਇਸ ਵਰਕਰ ਨੇ ਜਦੋਂ ਕਾਰ ਨੂੰ ਠੀਕ ਜਗ੍ਹਾ ਤੇ ਪਾਰਕ ਕਰਨ ਲਈ ਕਿਹਾ ਤਾਂ ਆਪਸੀ ਬਹਿਸ ਹੋ ਗਈ। ਕੁੱਝ ਸਮਾਂ ਲੰਘਾ ਕੇ ਦੋਸ਼ੀ ਦੁਬਾਰਾ ਰੈਸਟੋਰੈਂਟ ਵਿਚ ਆਇਆ ਅਤੇ ਵਾਰਦਾਤ ਕਰ ਦਿੱਤੀ। ਇਸੇ ਤਰ੍ਹਾਂ ਦੀਆਂ ਘਟਨਾਵਾਂ ਵੱਖ-ਵੱਖ ਪਲਾਜ਼ਿਆਂ ਦੀਆਂ ਪਾਰਕਿੰਗ ਥਾਂਵਾਂ ਤੇ ਪਹਿਲਾਂ ਗੱਡੀ ਲਾਉਣ ਕਰਕੇ ਵੀ ਵਾਪਰਦੀਆਂ ਹਨ। ਅੱਜ-ਕੱਲ੍ਹ ਕਿਸੇ ਨਾਲ ਬਹਿਸ ਕਰਨ ਜਾਂ ਕਿਸੇ ਨੂੰ ਬੁਰਾ-ਭਲਾ ਕਹਿਣ ਦਾ ਅਤੇ ਨਾਂ ਹੀ ਗੱਡੀ ਡਰਾਈਵ ਕਰਦਿਆਂ ਹੋਰ ਡਰਾਈਵਰਾਂ ਨੂੰ ਉਂਗਲਾਂ ਵਿਖਾਉਣ ਦਾ ਵਕਤ ਰਿਹਾ ਹੈ, ਤੁਹਾਨੂੰ ਨਹੀਂ ਪਤਾ ਅਗਲਾ ਬੰਦਾ ਕੌਣ ਹੈ ਅਤੇ ਉਸ ਕੋਲ ਕਿਹੜਾ ਹਥਿਆਰ ਹੈ? ਲੋਕਾਂ ਵਿੱਚ "ਬਰਦਾਸ਼ਤ ਸ਼ਕਤੀ" ਬਿਲਕੁੱਲ ਖ਼ਤਮ ਹੋ ਚੁੱਕੀ ਹੈ, ਗੋਲੀ ਚਲਾ ਕੇ ਜਾਂ ਚਾਕੂ ਮਾਰ ਕੇ ਬਾਅਦ ਵਿੱਚ ਸੋਚਦੇ ਹਨ ਕਿ ਮੈਂ ਕੀ ਕਰ ਦਿੱਤਾ? ਕਾਰਨ ਇਸ ਦਾ ਇਹੀ ਹੈ ਕਿ ਉਨ੍ਹਾਂ ਦਾ ਜੀਵਨ ਕਈ ਕਾਰਨਾ ਕਰਕੇ ਅਸਥਿਰ ਹੋਇਆ ਪਿਆ ਹੈ।

ਜਸਵਿੰਦਰ ਸਿੱਧੂ, ਬਰੈਂਪਟਨ

 


ਵਹੀਕਲ ਇੰਨਸ਼ੋਰੈਂਸ ਕੰਪਨੀਆਂ ਫਰਾਡ ਰੋਕਣਾ ਹੀ ਨਹੀਂ ਚਾਹੁੰਦੀਆਂ

ਸੰਪਾਦਕ ਜੀ,

ਬਰੈਂਪਟਨ ਵਿੱਚ ਵਧ ਰਹੀ ਕਾਰ ਇੰਨਸ਼ੋਰੈਂਸ ਦੋ ਦਹਾਕਿਆਂ ਤੋਂ ਵੱਡਾ ਮੁਦਾ ਬਣੀ ਹੋਈ ਹੈ ਪਰ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ ਹਰ ਰਾਜਸੀ ਪਾਰਟੀ ਦੇ ਆਗੂਆਂ ਨੇ ਇਸ ਦਾ ਹੱਲ ਕਰਨ ਦੇ ਕਈ ਵਾਰ ਵਾਅਦੇ ਕੀਤੇ ਹਨ ਪਰ ਵਾਅਦਾ ਕਿਸੇ ਨੇ ਕਦੇ ਪੂਰਾ ਨਹੀਂ ਕੀਤਾ ਡੱਗ ਫੋਰਡ ਸਰਕਾਰ ਵਿੱਚ ਮਿਲਟਨ ਤੋਂ ਐਮਪੀਪੀ ਪਰਮ ਗਿੱਲ ਨੇ ਇਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹਇਆ ਹੈ ਪਰ ਇਹ ਬਿੱਲ ਅਜੇ ਕਿਸੇ ਸਿਰੇ ਨਹੀਂ ਲੱਗਾ ਇਸ ਤੋਂ ਪਹਿਲਾਂ ਐਨਡੀਪੀ ਦੇ ਐਮਪੀਪੀ ਜਗਮੀਤ ਸਿੰਘ ਨੇ ਇੰਨਸ਼ੋਰੈਂਸ ਹੇਠ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ ਜਦ ਕੈਥਲਿਨ ਵਿੰਨ ਦੀ ਘੱਟ ਗਿਣਤੀ ਸਰਕਾਰ ਐਨਡੀਪੀ ਉੱਤੇ ਨਿਰਪਰ ਕਰਦੀ ਸੀ ਤੱਦ ਵੀ ਜਗਮੀਤ ਸਿੰਘ ਕੁਝ ਨਹੀਂ ਮਨਵਾ ਸਕਿਆ ਜਗਮੀਤ ਪਿੱਛੋਂ ਹਣ ਉਸ ਦਾ ਭਰਾ ਗੁਰਰਤਨ ਸਿੰਘ ਬਰੈਂਪਟਨ ਈਸਟ ਤੋਂ ਐਮਪੀਪੀ ਬਣਿਆਂ ਹੈ ਉਹ ਵੀ ਵਾਅਦੇ ਕਰ ਰਿਹਾ ਹੈ ਪਰ ਗੱਲ ਕਿਸੇ ਤੋਂ ਬਣ ਨਹੀਂ ਰਹੀ ਲਿਬਰਲਾਂ ਨੇ ਤਾਂ ਸੂਬੇ 'ਤੇ 15 ਸਾਲ ਰਾਜ ਕੀਤਾ ਹੈ ਅਤੇ ਉਹਨਾਂ ਦੇ ਰਾਜ ਵਿੱਚ ਹਾਲਤ ਸੱਭ ਤੋਂ ਵੱਧ ਖਰਾਬ ਹੋਈ ਹੈ

ਇਸ ਤਰਾਂ ਜਾਪਦਾ ਹੈ ਕਿ ਵਹੀਕਲ ਇਨਸ਼ੋਰੈਂਸ ਕੰਪਨੀਆਂ ਬਰੈਂਪਟਨ ਵਿੱਚ ਵੱਧ ਇਨਸ਼ੋਰੈਂਸ ਫਰਾਡ ਨੂੰ ਰੋਕਣਾ ਨਹੀਂ ਚਾਹੁੰਦੀਆਂ ਕਿਉਂਕਿ ਉਹ ਇਸ ਬਹਾਨੇ ਰੇਟ ਵੱਧਾਉਣ ਨੂੰ ਜਾਇਜ਼ ਦੱਸਦੀਆਂ ਹਨ ਉਹ ਇਸ ਨੂੰ ਬਹਾਨੇ ਵਜੋਂ ਵਰਤ ਰਹੀਆਂ ਹਨ ਏਥੇ ਫਰਾਡ ਵੱਧ ਜ਼ਰੂਰ ਹੋਵੇਗਾ ਪਰ ਰੋਕਣਾ ਉਹਨਾਂ ਅਤੇ ਪੁਲਿਸ ਦਾ ਕੰਮ ਹੈ ਹਜ਼ਾਰਾਂ ਲੋਕ ਰਹਿੰਦੇ ਬਰੈਂਪਟਨ ਵਿੱਚ ਹਨ ਪਰ ਅਡਰੈਸ ਬਾਹਰ ਦੇ ਦਿੰਦੇ ਹਨ ਕੰਪਨੀਆਂ ਜਾਂ ਪੁਲਿਸ ਸੜਕ 'ਤੇ ਕਾਰ ਪਲੇਟਾਂ ਸਕੈਨ ਕਰ ਕੇ ਪਤਾ ਲਗਾ ਲੈਣ

ਆਰ ਐਸ ਸਿਧੂ, ਬਰੈਂਪਟਨ

 

ਤਾਂ ਕਿ ਦੁਨਿਆਂ 'ਚ ਸ਼ਾਂਤੀ ਬਣੀ ਰਹੇ...

ਸੰਪਾਦਕ ਜੀ,

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਕਿਓਂਕਿ ਨਾਕਾਫੀ ਸਾਬਤ ਹੋ ਰਹੇ ਹਨ ਇਸ ਲਈ ਦਾਸ ਕੋਲ ਇੱਕ ਬਹੁਮੁੱਲਾ ਸੁਝਾਵ ਹੈ ਜਿਸ ਨੂੰ ਅਰਜ਼ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਚਲੋ ਪਹਿਲਾਂ ਆਪਣੇ ਘਰ ਦੀ ਗੱਲ ਕਰਦੇ ਹਾਂ ਘਾਣੀ ਇਵੇਂ ਆ ਪਈ ਭਾਰਤ ਵਿਖੇ ਹਰ ਫਿਰਕੇ ਦੀਆਂ ਬੇਅੰਤ ਜੱਥੇਬੰਦੀਆਂ/ ਸੈਨਾਂਵਾਂ ਹਨ ਜੋ ਆਪਣੇ ਆਪਣੇ ਧਰਮ ਜਾਂ ਫਿਰਕੇ ਦੀ ਸਲਮਤੀ ਲਈ ਡੰਡਾ ਸੋਟਾ ਲਈ ਪੂਰੀ ਤਨਦੇਹੀ ਨਾਲ ਸਰਗਰਮ ਹਨ ਇਸ ਮੰਤਵ ਲਈ ਇਹ ਕਿਸੇ ਵੀ ਕਿਸਮ ਦੀ ਹਿੰਸਾ ਤੋਂ ਗੁਰੇਜ਼ ਨਾ ਕਰਕੇ ਆਮ ਲੋਕਾਂ ਦੀ ਸ਼ਾਂਤੀ ਭੰਗ ਕਰਦੀਆਂ ਹਨ ਤਾਂ ਜਨਾਬ ਇਸ ਦੇ ਹਲ ਲਈ ਕਿਸੇ ਬੀਆਬਾਨ ਦੂਰਦਰਾਜ ਇਲਾਕੇ ਵਿੱਚ ਇਕ ਖੁੱਲ੍ਹੀ ਡੁੱਲ੍ਹੀ ਥਾਂ ਮੁਕਰਰ ਕਰਕੇ ਇਸ ਦੁਆਲੇ ਉੱਚੀ ਕੰਡਿਆਲੀ ਤਾਰ ਲਾ ਦਿੱਤੀ ਜਾਵੇ ਅਤੇ ਇਸ ਵੱਡੇ ਹਾਤੇ ਵਿੱਚ ਸਾਰੀਆਂ ਜੱਥੇਬੰਦੀਆਂ/ ਸੈਨਾਵਾਂ ਨੂੰ ਸਸ਼ਸ਼ਤਰ ਹਾਜਰ ਹੋ ਕੇ ਆਪਣੇ ਆਪਣੇ ਧਰਮ/ਫਿਰਕੇ ਲਈ ਫਸਲਾਕੁਨ ਧਰਮਯੁੱਧ ਲੜਨ ਲਈ ਬੇਨਤੀ ਕੀਤੀ ਜਾਵੇ ਇਸ ਸਥਾਨ ਦੇ ਬਾਹਰ ਗੇਟ ਲਾਗੇ ਇੱਕ ਐਂਬੂਲੈਂਸ ਤਿਆਰ ਰਹੇ ਜੋ ਮ੍ਰਿਤਕਾਂ/ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਵੇ ਸੌ ਫੀਸਦੀ ਤੈਅ ਹੈ ਕਿ ਇਸ ਦੌਰਾਨ ਬਾਕੀ ਦੇਸ਼ ਅੰਦਰ ਅਮਨ ਦਾ ਰਾਜ ਰਹੇਗਾ ਅਤੇ ਇਸ ਸੰਘਰਸ਼ ਦਾ ਛੇਤੀ ਹੀ 'ਦੀ ਐਂਡ' ਹੋ ਜਾਵੇਗਾ

ਇਸ ਉਪਰੰਤ ਇਸ ਮਹਾਨ ਸੰਘਰਸ਼ ਦੇ ਸ਼ਹੀਦਾਂ ਦੇ ਸਮਾਰਕ ਬਣਾ ਕੇ ਇਨ੍ਹਾਂ 'ਤੇ ਲਿਖਿਆ ਜਾਵੇ 'ਇਨ੍ਹਾਂ ਬਹਾਦਰ ਜਾਂਬਾਜਾਂ ਨੇ ਦੁਨਿਆਂ ਅੰਦਰ ਸ਼ਾਂਤੀ ਸਥਾਪਨਾ ਲਈ ਆਪਣੀਆਂ ਜਾਨਾਂ ਵਾਰੀਆਂ' ਜੇ ਇਹ ਤਜ਼ਰਬਾ ਸਫਲ ਰਿਹਾ ਤਾਂ ਹੋਰਨਾਂ ਦੇਸ਼ਾਂ 'ਚ ਵੀ ਲਾਗੂ ਕੀਤਾ ਜਾਵੇਗਾ ਆਸ ਹੈ ਕਿ ਇਸ ਤਜ਼ਰਬੇ ਦੇ ਸਫਲ ਹੋਣ 'ਤੇ ਦਾਸ ਨੂੰ ਸੰਸਾਰ ਅਮਨ ਦਾ ਨੋਬਲ ਪ੍ਰਾਈਜ਼ ਜਰੂਰ ਹਸਲ ਹੋ ਜਾਵੇਗਾ ਧੰਨਵਾਦ

ਅਮਰਪਾਲ ਮਾਂਗਟ, ਬਰੈਂਪਟਨ

 


ਬੇਲਗਾਮ ਹੁੱਲੜਬਾਜ਼

- ਹਰਜੀਤ ਦਿਓਲ ਬਰੈਂਪਟਨ

ਇਹ ਇੱਕ ਐਸੀ ਨਸਲ ਹੈ ਜੋ ਤਕਰੀਬਨ ਹਰ ਫਿਰਕੇ ਅਤੇ ਮੁਲਕ ਵਿੱਚ ਪਾਈ ਜਾਂਦੀ ਹੈ ਪਰ ਆਪਣਾ ਭਾਰਤ ਮਹਾਨ ਇਸ ਮਾਮਲੇ ਵਿੱਚ ਮੋਹਰੀ ਹੈ। ਪੰਜਾਬੀ ਇਸ ਫੀਲਡ 'ਚ ਵੀ ਪਿੱਛੇ ਨਹੀਂ। ਇਸ ਦੇ ਕਾਰਣ ਵੀ ਹਨ। ਇੱਕ ਕਾਰਣ ਹੈ ਬੇਰੋਜ਼ਗਾਰੀ ਜਿਸ ਕਰਕੇ ਵੇਹਲੜਾਂ ਦੀਆਂ ਫੌਜਾਂ ਹਰਲ ਹਰਲ ਕਰਦੀਆਂ ਫਿਰਦੀਆਂ ਹਨ। ਦੂਸਰਾ ਕਾਰਣ ਹੈ ਇਨ੍ਹਾਂ ਵਿਹਲੜਾਂ ਨਾਲ ਰਾਜਨੀਤਕਾਂ ਦੀ ਭਾਈਵਾਲੀ ਕਿਓਂਕਿ ਇਹ ਰਾਜਨੀਤਕ ਵਿਰੋਧੀਆਂ ਲਈ ਸੱਤਾ 'ਤੇ ਕਾਬਜ਼ ਧੜੇ ਨੂੰ ਚਿੱਤ ਕਰਨ ਲਈ ਵਰਤੋਂ 'ਚ ਲਿਆਏ ਜਾਂਦੇ ਹਨ। ਬੇਰੋਜ਼ਗਾਰੀ ਭਾਵੇਂ ਗਲੋਬਲ ਸਮੱਸਿਆ ਹੈ ਪਰ ਨਾਲਾਇਕੀ ਦੀਆਂ ਡਿਗਰੀਆਂ ਲਈ ਫਿਰਦੇ ਇਨ੍ਹਾਂ ਵਿਹਲੜ ਹੁੱਲੜਬਾਜਾਂ ਦੀ ਸਾਡੇ ਵਤਨ 'ਚ ਕੋਈ ਕਮੀ ਨਹੀਂ। ਦੇਖਿਆ ਗਿਆ ਹੈ ਕਿ ਮੇਹਨਤੀ ਨੌਜਵਾਨ ਚੰਗੀ ਪੜ੍ਹਾਈ ਅਤੇ ਲਗਨ ਸਦਕਾ ਆਪਣਾ ਰਸਤਾ ਆਪ ਤਲਾਸ਼ ਕਰਨ ਵਿੱਚ ਕਾਮਯਾਬ ਹੋ ਹੀ ਜਾਂਦੇ ਹਨ ਅਤੇ ਗੈਰਸਮਾਜਕ ਤੱਤਾਂ ਤੋਂ ਦੂਰ ਹੀ ਰਹਿਂਦੇ ਹਨ। ਪਰ ਮਾਮੂਲੀ ਪੜ੍ਹਾਈ ਕਰਕੇ ਵਧੀਆ ਨੌਕਰੀਆਂ ਦੀ ਆਸ ਰੱਖਣ ਵਾਲਿਆਂ ਦੀ ਵੀ ਕਮੀ ਨਹੀਂ। ਇਹ ਫਿਰ ਹੁੱਲੜਬਾਜੀ ਵਰਗੇ ਪੇਸ਼ੇ ਵਿੱਚ ਨਿਪੁੰਨ ਹੋ ਜਾਂਦੇ ਹਨ। ਪੱਥਰਬਾਜੀ ਕਰਨ, ਗੱਡੀਆਂ ਫੂਕਣੀਆ, ਰੋਡ ਜਾਮ ਕਰਨ ਜਿਹੇ ਸ਼ਾਂਤੀਪੂਰਣ ਰੋਸ ਮੁਜਾਹਰਿਆਂ 'ਚ ਇਹ ਮੁਹਾਰਤ ਰੱਖਦੇ ਹਨ। ਧਾਰਮਕ ਗ੍ਰੰਥਾਂ ਦੀਆਂ ਸਿਖਿਆਵਾਂ ਨੂੰ ਟਿੱਚ ਜਾਨਣ ਵਾਲੇ ਇਹ ਲੋਗ ਧਰਮ ਗ੍ਰੰਥਾਂ ਦੀ ਬੇਅਦਬੀ ਬਹਾਨੇ ਹੇਠਲੀ ਉੱਤੇ ਲੈ ਆਉਂਦੇ ਹਨ ਅਤੇ ਬਦਅਮਨੀ ਫੈਲਾਉਣ ਵਿੱਚ ਸਭ ਤੋਂ ਮੂਹਰੇ ਆ ਮੋਰਚਾ ਮੱਲਦੇ ਹਨ। ਅੱਗਿਓਂ ਪੁਲਿਸ ਵੀ ਸਖ਼ਤ ਕਾਰਵਾਈ ਕਰਨੋਂ ਸੰਕੋਚ ਕਰਦੀ ਹੈ ਕਿਓਂਕਿ ਪੁਲਿਸ ਵਧੀਕੀ ਦਾ ਰੌਲਾ ਪਾ ਵਿਰੋਧੀ ਰਾਜਨੀਤਕ ਫਿਰ ਸਰਗਰਮ ਹੋ ਜਾਂਦੇ ਹਨ 'ਤੇ ਪੁਲਿਸ ਲਈ ਫਿਰ ਮੁਸੀਬਤ ਪੈਦਾ ਕਰਦੇ ਹਨ। ਕਨੈਡਾ ਵਰਗੇ ਮੁਲਕ 'ਚ ਇਸ ਤਰ੍ਹਾਂ ਦੇ 'ਸ਼ਾਤੀਪੂਰਣ' ਰੋਸ ਪ੍ਰਦਰਸ਼ਨ ਦੇਖਣ 'ਚ ਨਹੀਂ ਆਉਂਦੇ ਕਿਓਂਕਿ ਇੱਥੋਂ ਦੀ ਪੁਲਿਸ ਢਾਅ ਕੇ ਪਿੱਠਪਰਨੇ ਹੱਥਕੜੀ ਲਾਉਣ 'ਚ ਘੌਲ ਨਹੀਂ ਕਰਦੀ ਅਤੇ ਗਾਹੇ ਬਗਾਹੇ ਜਨਤਾ ਨਾਲ ਮੁਸਕਰਾਉਂਦਿਆਂ ਹੋਇਆਂ ਫੋਟੋਆਂ ਖਿਚਵਾਉਣ ਦੇ ਸ਼ੌਕੀਨ ਐਮ ਐਲ ਏ, ਐਮ ਪੀ ਵਗੈਰਹ ਮਦਦ ਤੋਂ ਸਾਫ ਪੱਲਾ ਝਾੜ ਲੈਂਦੇ ਹਨ। ਕੋਈ ਸਿਫਾਰਸ਼ ਕੰਮ ਨਹੀਂ ਆਉਂਦੀ। ਪੁਲਿਸ ਠਾਣਿਆਂ 'ਚ ਅਸਰ ਰਸੂਖ ਰੱਖਣ ਵਾਲੇ 'ਜੱਥੇਦਾਰ' ਵੀ ਇਨ੍ਹਾਂ ਮੁਲਕਾਂ ਵਿੱਚ ਵੇਖਣ ਨੂੰ ਨਹੀਂ ਮਿਲਦੇ। ਇਸ ਲਈ ਇੱਥੇ ਸੜਕਾਂ ਜਾਮ, ਪੱਥਰਬਾਜੀ, ਸਰਕਾਰੀ ਸੰਪੱਤੀ ਸਾੜਨ  ਫੂਕਣ ਵਰਗੇ ਆਯੋਜਨ ਦੇਖਣ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਭਾਰਤੀ ਟੀ ਵੀ ਚੈਨਲ ਲਾਈਵ ਦ੍ਰਿਸ਼ ਦਿਖਾ ਇਹ ਕਮੀ ਪੂਰੀ ਕਰਦੇ ਹਨ। ਆਸ ਹੈ ਕਿ ਕਨੈਡਾ ਦੀ ਖੁਲ੍ਹੀ ਡੁਲ੍ਹੀ ਇੰੰਮੀਗਰੇਸ਼ਨ ਨੀਤੀ ਸਾਨੂੰ ਭਵਿਸ਼ ਵਿੱਚ ਇਹੋ ਜਿਹੇ 'ਸ਼ਾਂਤੀਪੂਰਨ' ਰੋਸਮੁਜਾਹਰਿਆਂ ਦਾ ਚਸ਼ਮਦੀਦ ਬਨਣ ਦਾ ਮੌਕਾ ਜਰੂਰ ਉਪਲਬਧ ਕਰਵਾਏਗੀ। ਧਰਮ ਨਿਰਪੱਖਤਾ ਦੀ ਆੜ ਹੇਠ ਅਸੀਂ ਕੈਸੀਆਂ ਦਲਦਲਾਂ ਵਿੱਚ ਫਸਣ ਜਾ ਰਹੇ ਹਾਂ ਇਸ ਦਾ ਖੁਲਾਸਾ ਤਾਂ ਆਉਣ ਵਾਲਾ ਵਕਤ ਹੀ ਕਰੇਗਾ। ਧੰਨਵਾਦ।

 

ਵਿਦੇਸ਼ੀ ਵਿਦਿਆਰਥੀਆਂ ਬਾਰੇ ਸਰਕਾਰ ਦੀ ਨੀਤੀ ਹੈ ਅਸਪਸ਼ਟ

ਸੰਪਾਦਕ ਜੀ,

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀ ਇਮੀਗਰੇਸ਼ਨ ਨੀਤੀ ਸਪਸ਼ਟ ਨਹੀਂ ਹੈ। ਖਾਸ ਕਰ ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਬਿੱਲਕੁੱਲ ਹੀ ਅਸਪਸ਼ਟ ਹੈ। ਜਿਸ ਕਾਰਨ ਵਿਦੇਸ਼ੀ ਵਿਦਿਆਰਥੀਆਂ ਦੀ ਲੁੱਟ ਹੋ ਰਹੀ ਹੈ ਅਤੇ ਉਹਨਾਂ ਦੇ ਗਰੀਬ ਮਾਪੇ ਵੀ ਲੁੱਟੇ ਜਾ ਰਹੇ ਹਨ। ਇਹ ਦੁੱਖ ਸਿਰਫ਼ ਪੰਜਾਬ ਜਾਂ ਭਾਰਤ ਤੋਂ ਆਉਣ ਵਾਲੇ ਵਿਦਿਅਰਥੀਆਂ ਦਾ ਨਹੀਂ ਹੈ ਸਗੋਂ ਚੀਨ, ਫਿਲਾਪੀਨ, ਵੀਅਤਨਾਮ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ਦਾ ਵੀ ਹੈ। ਇਹਨਾਂ ਦੇਸ਼ਾਂ ਤੋਂ ਵੀ ਭਾਰਤ ਵਾਂਗ 'ਫਾਸਟ ਸਟਰੀਮ' ਵੀਜ਼ਾ ਸਿਸਟਮ ਨਾਲ ਵਿਦਿਆਰਥੀ ਆਉਂਦੇ ਹਨ। ਵਿਦਿਆਰਥੀ ਆਉਣ ਵਾਲੇ, ਉਹਨਾਂ ਦੇ ਮਾਪੇ ਅਤੇ ਕਮਿਊਨਟੀਆਂ ਨੂੰ ਪਤਾ ਹੈ ਕਿ ਉਹ ਪੜ੍ਹਨ ਨਹੀਂ ਆ ਰਹੇ ਸਗੋਂ ਪੜ੍ਹਨ ਦੇ ਬਹਾਨੇ ਕੈਨੇਡਾ ਵਿੱਚ ਪੱਕੇ ਹੋਣ ਆ ਰਹੇ ਹਨ। ਪਰ ਕੈਨੇਡਾ ਸਰਕਾਰ ਦੀ ਨੀਤੀ ਵਿਦੇਸ਼ੀ ਵਿਦਿਆਰਥੀਆਂ ਤੋਂ ਪੈਸਾ ਬਨਾਉਣ ਦੀ ਹੈ, ਪੱਕੇ ਕਰਨ ਦੀ ਨਹੀਂ ਹੈ। ਪੱਕੇ ਹੋਣ ਵਾਸਤੇ ਉਹਨਾਂ ਪੀਐਨਪੀ, ਐਲਐਮਆਈਏ, ਵਿਆਹ, ਰਫੂਜੀ ਵਰਗੇ ਤਰੀਕੇ ਵਰਤਣੇ ਪੈ ਰਹੇ ਹਨ। ਇਹ ਸਾਰੇ ਰਸਤੇ ਆਸਾਨ ਨਹੀਂ ਹਨ ਅਤੇ ਕਈ ਰਸਤੇ ਤਾਂ ਬਹੁਤ ਮਹਿੰਗੇ ਵੀ ਹਨ। ਐਲਐਮਆਈਏ 50-50 ਹਜ਼ਾਰ ਡਾਲਰ ਵਿੱਚ ਵਿਕਦੀ ਹੈ ਜਿਸ ਬਾਰੇ ਕਨੇਡੀਅਨ ਮੀਡੀਆ ਰਪੋਰਟਾਂ ਦੇ ਚੁੱਕਾ ਹੈ ਪਰ ਟਰੂਡੋ ਸਰਕਾਰ ਦੀ ਨੀਤੀ ਵਿੱਚ ਕੋਈ ਫਰਕ ਨਹੀਂ ਪਿਆ। ਪੀਐਨਪੀ ਦੀ ਵੀ ਵਿਕਰੀ ਹੋ ਰਹੀ ਹੈ ਅਤੇ ਨੈਨੀ ਵਰਗੇ ਪ੍ਰੋਗਰਾਮ ਵੀ ਵਿਕ ਰਹੇ ਹਨ। ਹੁਣ ਤਾਂ ਵਿਜ਼ਟਰ ਵੀਜ਼ੇ ਵੀ ਵਿਕਦੇ ਹਨ। ਵੱਡੀ ਪੱਧਰ 'ਤੇ ਫਰਾਡ ਹੋ ਰਿਹਾ ਹੈ ਅਤੇ ਇਸ ਫਰਾਡ ਕਾਰਨ ਕਈ ਰਾਤੋ ਰਾਤ ਅਮੀਰ ਹੋ ਰਹੇ ਹਨ ਅਤੇ ਕਈ ਪੀੜ੍ਹਤ ਖੁਦਕਸ਼ੀਆਂ ਕਰ ਰਹੇ ਹਨ। ਭਾਰਤ ਤੋਂ ਆਏ ਇੰਟਰਨੈਸ਼ਨਲ ਵਿਦਿਆਰਥੀਆਂ ਵਿੱਚ ਖੁਦਕਸ਼ੀਆਂ ਦੀਆਂ ਦਰਦਨਾਕ ਰਪੋਰਟ ਆਏ ਦਿਨ ਆ ਰਹੀਆਂ ਹਨ। ਜਦ ਅਜੇਹਾ ਭਾਣਾ ਵਾਪਰਦਾ ਹੈ ਤਾਂ ਪੀੜ੍ਹਤ ਪਰਿਵਾਰ ਉਜੜ ਜਾਂਦਾ ਹੈ। ਖੁਦਕਸ਼ੀ ਕਰਨ ਵਾਲਿਆਂ ਦੇ ਨਜ਼ਦੀਕੀ ਦੋਸਤ ਫਿਰ ਲਾਸ਼ ਨੂੰ ਦੇਸ਼ ਭੇਜਣ ਵਾਸਤੇ ਫੰਡ ਰੇਜ਼ ਕਰਦੇ ਹਨ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਏਨੀ ਵਧ ਗਈ ਹੈ ਕਿ ਹਣਿ ਰਹਿਣ ਵਾਸਤੇ ਕਮਰਾ ਨਹੀਂ ਲੱਭਦਾ ਅਤੇ ਕਿਰਾਏ ਵਧ ਗਏ ਹਨ। ਕਈ ਤਾਂ ਬੇਸਮੈਂਟਾਂ ਦੇ ਖੱਲ ਖੂੰਜਿਆਂ ਵਿੱਚ ਸੌਣ ਲਈ ਮਹੀਨੇ ਦਾ $400 ਦਿੰਦੇ ਹਨ ਅਤੇ 7-8 ਡਾਲਰ ਘੰਟਾ ਕੈਸ਼ ਕੰਮ ਕਰਦੇ ਹਨ ਜਿਸ ਨਾਲ ਖਰਚਾ ਨਹੀਂ ਚੱਲਦਾ। ਟਰੂਡੋ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੀ ਹੈ।

ਇੰਦਰਜੀਤ ਸਿੰਘ ਬਰੈਂਪਟਨ

 

ਖ਼ਬਰਨਾਮਾ #1058, ਜਨਵਰੀ 03-2020

 

 

 

ਪੁਰਾਣੇ ਖਤ ਪੜ੍ਹਨ ਲਈ ਇੱਥੇ ਕਲਿੱਕ ਕਰੋ
 

 

 

 

 

 

 

 

hux qwk KLbrnfmf dI vYWb sfeIt nUM pfTk vyK cuwky hn

Click Here