www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

 

ਹੁਣ ਪਤੀ ਪਤਨੀ ਨਾ ਸੌਂਦੇ ਇੱਕ ਮੰਜੇ,

ਰੁੱਸ 'ਕੱਲੇ ਸੌਂਣ ਦੀ ਨੋਬਤ ਗਈ ਮੀਆਂ।

     ਸਰਕਾਰਾਂ ਦੀ ਨੀਂਦ ਹਰਾਮ ਹੋ ਗਈ,

     ਭਾਸ਼ਣ ਦਿੰਦੀਆਂ ਵੈਰਾਗਮਈ ਮੀਆਂ।

ਕੋਈ ਵੀ ਕਿਸੇ ਦੀ ਨਾ ਪ੍ਰਵਾਹ ਕਰਦਾ,

ਸਭ ਨੂੰ ਆਪੋ ਆਪਣੀ ਹੈ ਪਈ ਮੀਆਂ।

     ਕੋਰੋਨਾ ਵਾਇਰਸ ਨੇ ਵਿਛੋੜੇ ਪਾ ਦਿੱਤੇ,

     ਹੇਠਲਾ ਛੰਦ ਹੈ ਟਰੂਡੋ ਦੇ ਲਈ ਮੀਆਂ।

ਘਰਵਾਲੀ ਹੋ ਜਾਏ ਬਿਮਾਰ ਜਿਸ ਦੀ,

ਫਿਰ ਵੀ ਨਾ ਆਵੇ ਜੇਹਨੂੰ ਸਮਝ ਮੀਆਂ।

ਉਹਨੂੰ 'ਬੁੱਧੂ' ਪੰਜਾਬੀ ਦੇ ਵਿੱਚ ਕਹਿੰਦੇ,       

ਜਾਣ ਲਓ ਬਾਬੇ ਦੀ ਗੁੱਝੀ ਰਮਜ਼ ਮੀਆਂ।

ਖ਼ਬਰਨਾਮਾ #1069, ਮਾਰਚ 20-2020

ਪਤਨੀ ਟਰੂਡੋ ਦੀ ਸੋਫ਼ੀ ਨਾਮ ਜੀਹਦਾ,

ਉਹ ਵੀ ਲਈ ਕੋਰੋਨਾ ਨੇ ਘੇਰ ਮੀਆਂ।

          ਕਹਿੰਦੇ ਮੁੜੀ ਸੀ ਉਹ ਇੰਗਲੈਂਡ ਵੱਲੋਂ,

          ਕਰਕੇ ਡਾਲਰਾਂ ਦੇ ਇਕੱਠੇ ਢੇਰ ਮੀਆਂ।

ਵੱਡੇ ਇਕੱਠ ਤੇ ਸਕੂਲ ਹੁਣ ਬੰਦ ਕੀਤੇ,

ਦਿਨੇ ਕੋਰੋਨਾ ਨੇ ਪਾਇਆ ਹਨੇਰ ਮੀਆਂ।

          ਲੋਕ ਹੱਥ ਮਿਲਾਉਣ,ਗੱਲ਼ੇ ਲਾਉਣ ਭੁੱਲੇ,

          ਹੱਥ ਜੋੜ ਕਹਿਣ 'ਸ਼ੁੱਭ ਸਵੇਰ' ਮੀਆਂ।

ਗੋਰਿਆਂ ਟਿਸ਼ੂਆਂ ਤੇ ਸੈਨੇਟਾਈਜ਼ਰਾਂ ਦਾ,

ਪਾਇਆ ਸਟੋਰਾਂ ਦੇ ਵਿੱਚ ਕਾਲ਼ ਮੀਆਂ।

ਦੇਸੀ ਆਟਾ, ਬਟਰ ਅਤੇ ਤੇਲ ਤੁੜਕਾ,

ਚੁੱਕੀ ਆਉਂਦੇ ਮਸਰਾਂ ਦੀ ਦਾਲ਼ ਮੀਆਂ।

 

ਖ਼ਬਰਨਾਮਾ #1068, ਮਾਰਚ 13-2020

 

ਕੋਰੋਨਾ ਵਾਇਰਸ ਦਾ ਪਰਕੋਪ ਜਾਰੀ,

ਭੈਭੀਤ ਹੋ ਗਏ ਨੇ ਸਾਰੇ ਦੇਸ਼ ਮੀਆਂ।

     ਕਾਬੂ ਦੇ ਵਿੱਚ ਨਾ ਅਜੇ ਇਹ ਆਉਂਦਾ,

     ਵਧੀ ਜਾਂਦੇ ਨੇ ਦਿਨੋ ਦਿਨ ਕੇਸ ਮੀਆਂ।

ਕਹਿੰਦੇ ਬੜਾ ਭੈੜਾ ਹੈ ਇਹ ਵਾਇਰਸ,

ਬਦਲੀ ਜਾਂਦਾ ਹੈ ਆਪਣਾ ਭੇਸ ਮੀਆਂ।

     ਦਵਾਈ ਬਣੀ ਨਾ ਅਜੇ ਤੱਕ ਇਹਦੀ,

     ਭਾਵੇਂ ਕੰਪਨੀਆਂ ਨੇ ਲਾਈ ਰੇਸ ਮੀਆਂ।

ਟਰੂਡੋ ਸਰਕਾਰ ਹੈ ਲਾ ਪਰਵਾਹ ਬੈਠੀ,

ਖੋਲਿਆ ਸੈਂਟਰ ਨਾ ਅਜੇ ਕੋਈ ਮੀਆਂ।

ਕਿਤੇ ਸੰਟਕਮੋਚਨ ਕੇਂਦਰ ਬਣਾ ਦਿੰਦੇ,

ਜਿੱਥੇ ਮਰੀਜਾਂ ਨੂੰ ਮਿਲਦੀ ਢੋਈ ਮੀਆਂ।

 

ਖ਼ਬਰਨਾਮਾ #1067, ਮਾਰਚ 06-2020

ਕੋਰੋਨਾ ਵਾਇਰਸ ਦੀ ਖ਼ਬਰ ਨਾ ਬਾਹਰ ਆਵੇ,

ਲਈ ਹੈ ਚੀਨ ਨੇ ਹੁਣ ਵੱਡੀ ਚੁੱਪ ਵੱਟ ਮੀਆਂ।

          ਕਹਿੰਦੇ ਸਾਡੇ ਤਾਂ ਬਿਮਾਰੀ ਹੁਣ ਖਤਮ ਸਮਝੋ

          ਬਾਕੀ ਦੁਨੀਆ ਹੁਣ ਪਾਈ ਵੱਟੋ ਵੱਟ ਮੀਆਂ।

ਇਟਲੀ ਅਮਰੀਕਾ ਤੇ ਜਰਮਨੀ ਕੋਰੀਆ ਵੀ,

ਬਚ ਅਤੇ ਬਚਾਅ ਦੀ ਲਾਉਂਦੇ ਨੇ ਰੱਟ ਮੀਆਂ।

          ਜੇ ਕਾਬੂ ਹੋਇਆ ਨਾ ਅੱਥਰਾ ਇਹ ਵਾਇਰਸ,

          ਫਿਰ ਅੱਧੀ ਦੁਨੀਆ ਨੂੰ ਜਾਊਗਾ ਚੱਟ ਮੀਆਂ।

ਲੋੜੀਂਦੀਆਂ ਦਵਾਈਆਂ ਅਤੇ ਗਰੌਸਰੀ ਨਾਲ,

ਹੁਣੇ ਆਪਣੇ ਘਰ ਦੇ ਭਾਂਡੇ ਲਓ ਭਰ ਮੀਆਂ।

ਮਹੀਨਾ ਖੰਡ ਵੀ ਜੇ ਅੰਦਰ ਪੈ ਜਾਏ ਰਹਿਣਾ,

ਜਾਵੇ ਅੰਦਰੋ ਅੰਦਰੀਂ ਹੀ ਤੁਹਾਡਾ ਸਰ ਮੀਆਂ।

 

ਖ਼ਬਰਨਾਮਾ #1066, ਫਰਵਰੀ 27-2020

ਟਰੂਡੋ ਸੁੱਤਿਆ ਉਠ ਜਾਗ ਹੁਣ ਤਾਂ,

ਕੈਨੇਡਾ ਪਿਆ ਹੈ ਅੱਧਾ ਬੰਦ ਮੀਆਂ।

          ਰੇਲਾਂ ਰੁਕੀਆਂ, ਕਾਮੇ ਹੋਏ ਵਿਹਲੇ,

          ਪਰ ਤੇਰੇ ਜੁੜੇ ਪਏ ਨੇ ਦੰਦ ਮੀਆਂ।

ਧਰਨੇਮਾਰਾਂ ਨੇ ਹੈ ਪੱਕੇ ਲਾਏ ਧਰਨੇ,

ਚਾੜ ਦੇਣ ਨਾ ਨਵਾਂ ਹੀ ਚੰਦ ਮੀਆਂ।

          ਤੂੰ ਘਾਟੇ ਵਾਧੇ ਵੋਟਾਂ ਦੇ ਫਿਰ ਸੋਚੀਂ,

          ਨਹੀਂ ਲੋਕ ਦੇਣਗੇ ਤੈਨੂੰ ਰੰਦ ਮੀਆਂ।

ਸੜਕਾਂ ਰੋਕਣ ਦਾ ਇਹ ਵਾਇਰਸ,

ਕਰੋਨਾ ਤੋਂ ਵੀ ਹੈ ਖਤਰਨਾਕ ਮੀਆਂ।

ਚੱਲਦੀ ਜ਼ਿੰਦਗੀ ਥਾਏਂ ਰੁੱਕ ਜਾਂਦੀ,

ਬਹੁਤ ਤੰਗ ਨੇ ਭਾਰਤ ਪਾਕ ਮੀਆਂ।

ਖ਼ਬਰਨਾਮਾ #1065, ਫਰਵਰੀ 21-2020

ਕੇਜਰੀਵਾਲ ਨੇ ਜਿੱਤ ਲਈ ਫਿਰ ਦਿੱਲੀ,

ਬਦੇਸ਼ੀਆਂ ਲਏ ਫਿਰ ਤੰਬੇ ਚੁੱਕ ਮੀਆਂ।

          ਕਹਿੰਦੇ ਪੰਜਾਬ 'ਚ ਗੱਡਾਂਗੇ ਫਿਰ ਝੰਡੇ,

          ਚੋਣਾ ਲੈਣ ਦਿਓ ਇਕ ਵਾਰ ਢੁੱਕ ਮੀਆਂ।

ਕਈ ਵਧਾਈਆਂ ਦੇਣ ਚੜ੍ਹ ਪਏ ਦਿੱਲੀ,

ਲਾਕੇ ਅੱਡੀਆਂ ਨੂੰ ਚੀਕਣਾ ਥੁੱਕ ਮੀਆਂ।

          ਅੱਗੋਂ ਦੇਖੋ ਕੇਜਰੀਵਾਲ ਹੈ ਕੀ ਕਹਿੰਦਾ,

          ਜੇਹਨੂੰ ਪਹੁੰਚੇ ਨਾ ਡਾਲਰ ਦੇ ਬੁੱਕ ਮੀਆਂ।

ਈਮੇਲਾਂ ਵੀ ਡਾਲਰਾਂ ਲਈ ਰਿਹਾ ਕਰਦਾ,

ਪਰ ਬਦੇਸ਼ੀਆਂ ਨੇ ਧਾਰੀ ਸੀ ਚੁੱਪ ਮੀਆਂ।

ਪਾਕੇ ਦਲਾਲਾਂ ਨੂੰ ਚੱਲੂ ਫਿਰ ਚਾਲ ਕੋਈ,

ਪੰਜਾਬ ਦੇ ਨਾਂ 'ਤੇ ਕਰੂ ਗੰਢਤੁੱਪ ਮੀਆਂ।

 

ਖ਼ਬਰਨਾਮਾ #1064, ਫਰਵਰੀ 14-2020

ਰੌਲ਼ਾ ਅਮਰੀਕਾ 'ਚ ਜੋ ਸੀ ਪਈ ਜਾਂਦਾ,

ਗਿਆ ਟਰੰਪ ਦੀ ਜਿੱਤ ਨਾਲ ਮੁੱਕ ਮੀਆਂ।

      ਡੈਮੋਕਰੈਟਾਂ ਦੀ ਹੋ ਗਈ ਹੈ ਪੋਚ ਫੱਟੀ,

      ਬਣ ਗਈ ਟਰੰਪ ਦੀ ਸਗੋਂ ਠੁੱਕ ਮੀਆਂ।

ਨੈਨਸੀ ਪਲੋਸੀ ਨੂੰ ਮਾਂਝ ਕੇ ਰੱਖ ਦਿੱਤਾ,

ਜੋ ਰਹੀ ਸੀ ਮੋਢਿਆਂ ਤੋਂ ਦੀ ਥੁੱਕ ਮੀਆਂ।

      ਲਾਹੁੰਦੀ ਲਾਹੁੰਦੀ ਟਰੰਪ ਨੂੰ ਗੱਦੀ ਉਪਰੋਂ,

      ਉਹ ਪਵਾ ਬੈਠੀ ਹੈ ਕਸੂਤੀ ਚੁੱਕ ਮੀਆਂ।

ਰੀਪਬਲੀਕਨ ਪਹਿਲਾਂ ਨਾਲੋਂ ਮਜਬੂਤ ਹੋਏ,

ਡੈਮੋਕਰੈਟ ਪਛੜ ਗਏ ਕਈ ਮੀਲ ਮੀਆਂ।

ਲੋਕ ਟਰੰਪ ਦੇ ਨਾਲ ਸਗੋਂ ਹੋਰ ਜੁੜ ਗਏ,

ਪੁੱਠੀ ਪਈ ਲਾਈ ਹਿਲਰੀ ਦੀ ਤੀਲ ਮੀਆਂ।

ਖ਼ਬਰਨਾਮਾ #1063, ਫਰਵਰੀ 07-2020

ਮਾਸਟਰਕਾਰਡ ਅਮਰੀਕਾ ਦੀ ਕੰਪਨੀ ਜੋ,

ਪੂਰੀ ਦੁਨੀਆ ਦੇ ਵਿੱਚ ਹੈ ਛਾਈ ਮੀਆਂ।

     ਅਰਬਾਂ ਖਰਬਾਂ ਦਾ ਜਿਸ ਦਾ ਹੈ ਬਿਜਨਸ,

     ਉਹਨੇ ਟਰੂਡੋ ਨਾਲ ਅੱਖ ਲੜਾਈ ਮੀਆਂ।

ਨਾ ਅੱਗਾ ਦੇਖਿਆ ਟਰੂਡੋ ਨੇ ਨਾ ਪਿੱਛਾ,

ਜਾ ਕੇ ਧਾਹ ਗਲਵਕੜੀ ਪਾਈ ਮੀਆਂ।

      ਪੰਜਾਹ ਮਿਲੀਅਨ ਡਾਲਰ ਦੇ ਆਇਆ,

      ਰੱਜੀ ਕੰਪਨੀ ਹੈ ਹੋਰ ਰਜਾਈ ਮੀਆਂ।

ਲਾਬ ਲਾਅਜ਼ ਬਲੈਕਬਰੀ ਵਰਗਿਆਂ ਨੂੰ,

ਮਿਲੀਅਨ ਡਾਲਰ ਹੈ ਦਿੱਤੇ ਵੰਡ ਮੀਆਂ।

ਪੈਸਾ ਲੋਕਾਂ ਦਾ, ਟੌਹਰ ਲਿਬਰਲਾਂ ਦੀ,

ਵੰਡੀ ਜਾਂਦੇ ਹਨ ਪੰਡਾਂ ਦੀ ਪੰਡ ਮੀਆਂ।

ਖ਼ਬਰਨਾਮਾ #1062, ਜਨਵਰੀ 31-2020

 

ਬਰੈਂਪਟਨ ਕੌਂਸਲ ਨੇ ਨਿਰਾਲਾ ਕੰਮ ਕਰਕੇ,

ਦਿੱਤੀ ਮੈਡੀਕਲ ਐਂਮਰਜੈਂਸੀ ਐਲਾਨ ਮੀਆਂ।

          ਕਹਿੰਦੇ ਵੀਹ ਸਾਲਾਂ ਤੋਂ ਅਸੀਂ ਮੰਗ ਕਰਦੇ,

          ਸਰਕਾਰਾਂ ਦੇਣ ਨਾ ਏਧਰ ਧਿਆਨ ਮੀਆਂ।

ਮਰੀਜ਼ ਬਰੈਂਪਟਨ ਦੇ ਚੱਕੀ ਦੇ ਵਿੱਚ ਪਿੱਸਦੇ,

ਫਸੀ ਰਾਜਸੀ ਖੇਡ 'ਚ ਉਨ੍ਹਾਂ ਦੀ ਜਾਨ ਮੀਆਂ।

          ਐਂਮਰਜੈਂਸੀ ਐਲਾਨਣੀ ਵੀ ਖੇਡ ਦਾ ਹੈ ਹਿੱਸਾ,

          ਇਹ ਵੀ ਚਾਤਰਾਂ ਦਾ ਚਤੁਰ ਬਿਆਨ ਮੀਆਂ।

ਚਾਹੀਦਾ ਕੌਂਸਲ ਨੂੰ ਟਰੂਡੋ ਨੂੰ ਕਹਿ ਕਹਾਕੇ,

ਬਰੈਂਪਟਨ ਵਿੱਚ ਹੁਣ ਸੱਦ ਲਵੇ ਫੌਜ ਮੀਆਂ।

ਤੰਬੂ ਗੱਡ ਕੇ ਮਰੀਜ਼ਾਂ ਦੇ ਉਹ ਲਾਉਣ ਟੀਕੇ,

ਡਾਕਟਰ ਨਰਸਾਂ ਦੀ ਲੱਗ ਜਾਊ ਮੌਜ ਮੀਆਂ।

ਖ਼ਬਰਨਾਮਾ #1061, ਜਨਵਰੀ 24-2020

ਨੈਨਸੀ ਪਲੋਸੀ ਨੇ ਪਲੋਸ ਕੇ ਹੋਰਨਾਂ ਨੂੰ,

ਟਰੰਪ ਵਿਰੁੱਧ ਹੈ ਚੱਲ ਲਈ ਚਾਲ ਮੀਆਂ

          ਹਿਲਰੀ ਦੀ ਹਾਰ ਦਾ ਬਦਲਾ ਲੈਣ ਲਈ,

          ਮਹਾਂਦੋਸ਼ ਦਾ ਬੁਣ ਲਿਆ ਹੈ ਜਾਲ਼ ਮੀਆਂ

ਕੇਸ ਟਰੰਪ ਦਾ ਹੁਣ ਸੈਨੇਟ ਨੂੰ ਭੇਜ ਦਿੱਤਾ,

ਹੋਣਾ ਵਿੰਗਾ ਨਹੀਂ ਟਰੰਪ ਦਾ ਵਾਲ਼ ਮੀਆਂ

          ਅਗਲੀਆਂ ਚੋਣਾ ਵਿੱਚ ਟਰੰਪ ਜਿੱਤ ਜਾਣਾ,

          ਨਹੀਂ ਗਲ਼ਣੀ ਵਿਰੋਧੀਆਂ ਦੀ ਦਾਲ ਮੀਆਂ

ਖੁਸ਼ ਟਰੰਪ ਤੋਂ ਅਮਰੀਕਾ ਦੇ ਲੋਕ ਸੁਣਿਆਂ,

ਕਹਿੰਦੇ ਲੀਡਰ ਚਾਹੀਦਾ ਪੂਰਾ ਘੈਂਟ ਮੀਆਂ

ਦੁੱਕੀ ਤਿੱਕੀ ਦੀ ਨਾ ਕਰੇ ਪਰਵਾਹ ਜਿਹੜਾ,

ਦੇਵੇ ਵਿਰੋਧੀਆਂ ਨੂੰ ਮਿੰਟਾਂ 'ਚ ਫੈਂਟ ਮੀਆਂ

ਖ਼ਬਰਨਾਮਾ #1060, ਜਨਵਰੀ 17-2020

ਜਦੋਂ ਮਾਰੇ ਸੀ ਟਰੰਪ ਨੇ ਖਿੱਚ ਦਬਕੇ,

ਹੋ ਗਏ ਲੋਕਾਂ ਦੇ ਖੜੇ ਸੀ ਲੂੰ ਮੀਆਂ।

     ਕਹਿੰਦਾ ਇਰਾਨ ਦੀ ਫੱਟੀ ਪੋਚ ਦੇਣੀ,

     ਜੇ ਕੀਤੀ ਰਤਾ ਵੀ ਉਸ ਨੇ ਚੂੰ ਮੀਆਂ।

ਜਰਨੈਲ ਮਾਰਿਆ ਕਰਾਂਗੇ ਹੋਰ ਹਮਲੇ,

ਰਾਕਟ ਲੰਘਣਗੇ ਉਪਰੋਂ ਛੂੰ ਛੂੰ ਮੀਆਂ।

     ਡਰਦੇ ਮਾਰੇ ਦੁਨੀਆ ਸੀ ਸੁੰਨ ਹੋਈ,

     ਧਿਆਉਣ ਲੱਗੀ 'ਤੂੰ ਹੀ ਤੂੰ' ਮੀਆਂ।

ਜਦ ਇਰਾਨ ਨੇ ਮੂਹਰਿਓਂ ਬੰਬ ਸੁੱਟੇ,

ਹੋਈ ਟਰੰਪ ਦੀ ਬੋਲਤੀ ਬੰਦ ਮੀਆਂ।

ਮਹਾਨ ਦੇਸ ਇਰਾਨ ਨੂੰ ਕਹਿ ਦਿੱਤਾ,

ਸੁਣਕੇ ਲੋਕਾਂ ਦੇ ਜੁੜਗੇ ਦੰਦ ਮੀਆਂ।

ਖ਼ਬਰਨਾਮਾ #1059, ਜਨਵਰੀ 10-2020

 

ਅਸੀਂ ਕਰਾਂਗੇਂ ਸਪਾਂਸਰ ਮਾਪਿਆਂ ਨੂੰ,

ਬੜੀ ਹੀ ਲੋਕਾਂ ਨੂੰ ਸੀ ਆਸ ਮੀਆਂ।

     ਜੋ ਪਿਛਲੇ ਸਾਲ ਨਾਕਾਮ ਰਹਿ ਗਏ,

     ਸੋਚਦੇ ਸੀ ਆਊ ਲੀਲਾ ਰਾਸ ਮੀਆਂ।

ਬੜੀਆਂ ਹੀ ਉਮੀਦਾਂ ਸੀ ਲਾਈ ਬੈਠੇ,

ਟਰੂਡੋ ਬਣਾਊਗਾ ਨੀਤੀ ਖਾਸ ਮੀਆਂ।

     ਹੁਣ ਟਰੂਡੋ ਨੇ ਝੱਗਾ ਹੀ ਚੁੱਕ ਦਿੱਤਾ,

     ਨਾਲ ਹੀ ਹੋ ਗਏ ਲੋਕ ਉਦਾਸ ਮੀਆਂ।

ਆਮਦਨਾਂ ਬਣਾਈਆਂ ਰਹਿ ਗਈਆਂ,

ਟੈਕਸ ਭਰੇ ਵੀ ਕੰਮ ਨਾ ਆਏ ਮੀਆਂ।

ਹੁਣ ਟਰੂਡੋ ਦੀ ਮਾਂ ਭੈਣ ਇਕ ਕਰਦੇ,

ਕਹਿੰਦੇ ਟਰੂਡੋ ਨੇ ਬੜੇ ਸਤਾਏ ਮੀਆਂ।

ਖ਼ਬਰਨਾਮਾ #1058, ਜਨਵਰੀ 03-2020


ਪੁਰਾਣੇ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ

hux qwk KLbrnfmf dI vYWb sfeIt nUM pfTk vyK cuwky hn

Click Here