www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

ਮੇਰਾ ਹੱਥ

jaggi kasturi snap.PNG

-ਜੱਗੀ ਬਰਾੜ ਸਮਾਲਸਰ

 

ਡੇਢ ਮਹੀਨੇ ਬਾਅਦ ਘਰ ਤਾਂ ਪਹੁੰਚ ਗਈ ਸਾਂ ਪਰ ਮਾਨਸਿਕ ਅਤੇ ਸਰੀਰਕ ਪੱਖੋ ਕਾਫ਼ੀ ਚੁਨੌਤੀਆਂ ਸਾਹਮਣੇ ਸੀ ਜਿਸ ਦੇ ਲਈ ਮੈਂ ਆਪਣੇ ਆਪ ਨੂੰ ਅੰਦਰੋ - ਅੰਦਰ ਤਿਆਰ ਕਰ ਰਹੀ ਸਾਂ । ਛੋਟੇ ਤੋਂ ਛੋਟਾ ਮਸਲਾ ਵੀ ਮੇਰੇ ਲਈ ਮਹੱਤਵ ਰੱਖ ਰਿਹਾ ਸੀ ਕਿਉਂਕਿ ਮੈਂ ਪਹਿਲਾਂ ਛੋਟੇ - ਛੋਟੇ ਕੰਮਾਂ ਦੀ ਸਫਲਤਾ ਤੋਂ ਹੀ ਅੱਗੇ ਵਧਣਾ ਸੀ ਅਤੇ ਮੈਂ ਚਾਹਦੀ ਵੀ ਸਾਂ ਕਿ ਜਲਦੀ ਤੋਂ ਜਲਦੀ  ਇਸ ਤਜਰਬੇ ਵਿੱਚੋਂ ਨਿਕਲਣਾ ਸ਼ੁਰੂ ਕਰਨਾ ਹੈ । ਸੁੱਖ ਨੇ ਗੱਡੀ ਡਰਾਈਵੇਅ ਵਿੱਚ ਲਗਾ ਕੇ ਪਿਛੋਂ ਵੀਲ੍ਹ ਚੇਅਰ ਕੱਢ ਕੇ ਮੈਨੂੰ ਬੈਠਣ ਵਿੱਚ ਮਦੱਦ ਕੀਤੀ ਆਪਣੇ ਘਰ ਦੇ ਦਰਵਾਜ਼ੇ ਕੋਲ ਆ ਕੇ ਪਤਾ ਲੱਗਿਆ ਕਿ ਕਾਫ਼ੀ ਤਬਦੀਲੀ ਹੋ ਗਈ ਸੀ ਮੇਰਾ ਘਰ ਵੀਲ੍ਹ ਚੇਅਰ ਅਸੈੱਸ ਬਣ ਗਿਆ ਸੀ ਮੈਂ ਸ਼ੁਕਰੀਆ ਭਰੀਆਂ ਨਜ਼ਰਾਂ ਨਾਲ ਸੁੱਖ ਵੱਲ ਤੱਕਿਆ ਤਾਂ ਜ਼ਰੂਰ ਪਰ ਮੈਥੋਂ ਬੋਲਿਆ ਨਹੀਂ ਗਿਆ ।ਘਰ ਅੰਦਰ ਦਾਖਿਲ ਹੋਈ ਤਾਂ ਸਭ ਚੀਜ਼ਾਂ ਉੱਦਾਂ ਹੀ ਸਨ ਜਿਸ ਤਰ੍ਹਾਂ ਡੇਢ ਮਹੀਨਾ ਪਹਿਲਾਂ ਛੱਡ ਕੇ ਗਈ ਸਾਂ ਬੱਚੇ ਅਜੇ ਸਕੂਲ ਹੀ ਸਨ ਮੱਲੋਮੱਲੀ ਧਿਆਨ ਸਾਹਮਣੇ ਲੱਗੇ ਕਲਾਕ ਤੇ ਗਿਆ ਤਾਂ ਖਿਆਲ ਆਇਆ ਦੋ ਵੱਜ ਕੇ ਚਾਲੀ ਮਿੰਨਟ ਤੇ ਮੈਂ ਕਿੱਦਾਂ ਭੱਜ ਕੇ ਪੌੜ੍ਹੀਆਂ ਉੱਤਰ ਕੇ ਉਨ੍ਹਾਂ ਨੂੰ ਸਕੂਲੋ ਲੈਣ ਜਾਇਆ ਕਰਦੀ ਸਾਂ ਪਰ ਹੁਣ ਨਹੀਂ ਜਾ ਸਕਾਂਗੀ । ਚਾਹੇ ਮੈਂ ਖੁਦ ਨੂੰ ਇਸ ਬੇਬਸੀ ਤੇ ਦੁੱਖੀ ਨਾ ਹੋਣ ਲਈ ਤਿਆਰ ਕੀਤਾ ਹੋਇਆ ਸੀ ਪਰ ਫ਼ਿਰ ਵੀ ਪਲਕਾਂ ਗਿੱਲ੍ਹੀਆਂ ਹੋ ਗਈਆਂ।

ਸੋਫ਼ੇ ਤੇ ਬੈਠਣਾ ਜਾਂ ਉੱਪਰ ਜਾ ਕੇ ਲੇਟਨਾ ਹੈ ? ਸੁੱਖ ਪੁੱਛ ਰਿਹਾ ਸੀ ।

ਮੈਂ ਲੀਵਿੰਗ ਰੂਮ ਵਿੱਚ ਹੀ ਠਹਿਰਨਾ ਚਾਹਿਆ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਘਰ ਅੰਦਰ ਵੜਦਿਆਂ ਦੇਖਣਾ ਚਾਹਦੀ ਸਾਂ ਚਾਹੇ ਹਰ ਦੂਜੇ ਦਿਨ ਉਹ ਹਸਪਤਾਲ ਆਉਦੇ ਸਨ ਫ਼ੋਨ ਤੇ ਵੀ ਕਿੰਨੇ ਵਾਰੀ ਗੱਲ ਹੁੰਦੀ ਸੀ ਫ਼ਿਰ ਵੀ ਮੈਂ ਉਨ੍ਹਾਂ ਦਾ ਪ੍ਰੀਤੀਕਰਮ ਦੇਖਣਾ ਸੀ । ਸੁੱਖ ਜੋ ਵੀ ਗੱਲਾਂ ਪਿਛਲੇ ਕਾਫ਼ੀ ਦਿਨਾਂ ਤੋਂ ਕਰ ਰਿਹਾ ਸੀ ਉਹੀ ਗੱਲਾਂ ਕਰ ਰਿਹਾ ਸੀ ਕਿ ਹਰ ਪਲ ਹੌਸਲਾ ਰੱਖਣਾ ਹੈ ਮਨ ਨੂੰ ਡੋਲਣ ਨਹੀਂ ਦੇਣਾ ਕਈ ਲੋਕਾਂ ਨਾਲੋ ਰੱਬ ਨੇ ਅਜੇ ਵੀ ਚੰਗੇ ਥਾਂ ਤੇ ਰੱਖਿਆ ਹੈ ਜਾਨ ਬਚ ਗਈ ਹੈ ਇਹ ਹੀ ਬਹੁਤ ਵੱਡੀ ਗੱਲ ਹੈ । ਉਸ ਦੱਸਿਆ ਕਿ ਨੈਨੀ ਰੋਜ਼ ਸੁਭਾ - ਸ਼ਾਮ ਆਇਆ ਕਰੇਗੀ ਮੈਨੂੰ ਕਿਸੇ ਕਿਸਮ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਵਗੈਰਾ  - ਵਗੈਰਾ । ਬਹੁਤ ਵਾਰ ਉਹਨੇ ਮੈਨੂੰ ਮਾਨਸਿਕ ਪੱਖੋਂ ਡਿੱਗਦੀ ਨੂੰ ਖੜਾ ਕਰ ਲਿਆ ਸੀ ।

ਤਿੰਨ ਵੱਜ ਕੇ ਸੱਤ ਮਿੰਨਟ ਤੇ ਦਰਵਾਜ਼ਾ ਖੁੱਲਿਆ ਬੇਟੀ ਪਹਿਲਾਂ ਅੰਦਰ ਵੜੀ ਦੇਖਦਿਆ ਹੀ ਉਹਦੇ ਚਿਹਰੇ ਤੇ ਖ਼ੁਸ਼ੀ ਫੈਲਰ ਗਈ ਬੇਟਾ ਖੁਸ਼ ਤਾਂ ਸੀ ਪਰ ਆਪਣੀਆਂ ਭਾਵਨਾਵਾਂ ਬੋਲ ਕੇ ਇਜ਼ਹਾਰ ਨਹੀਂ ਸੀ ਕਰ ਰਿਹਾ ਮੈਨੂੰ ਇੱਕ ਸਕਿੰਟ ਲੱਗਿਆ ਮੈਨੂੰ ਉੱਠ ਕੇ ਖੜ੍ਹੀ ਹੋ ਜਾਣਾ ਚਾਹੀਦਾ ਪਰ........ ਕਿਵੇਂ ? ਬੇਟੀ ਨੇ ਭੱਜ ਕੇ ਮੈਥੋਂ ਪਿਆਰ ਲਿਆ ਬੇਟੇ ਨੂੰ ਖੁਦ ਬੁਲਾਉਣਾ ਪਿਆ ।ਬੱਚਿਆਂ ਨੇ ਬੈਗ ਉਤਾਰੇ ਜੁੱਤੇ ਉਤਾਰੇ ਅਤੇ ਹੱਥ ਧੋਤੇ ਬਿਨਾਂ ਕਿਸੇ ਦੇ ਕਹਿਣ ਤੇ । ਸੁੱਖ ਕਿਚਨ ਵਿੱਚ ਉਨ੍ਹਾਂ ਨੂੰ ਖਾਣ - ਪੀਣ ਲਈ ਦੇਣ ਗਿਆ ਬੇਟੀ ਨੇ ਖੁਦ ਸੈਡਵੱਚ ਬਣਾਈ ਤੇ ਬੇਟੇ ਨੂੰ ਦਿੱਤੀ ਤੇ ਮੈਨੂੰ ਪੁੱਛਣ ਲੱਗੀ ਕਿ ਮੈਂ ਚਾਹ ਪੀਣੀ ਹੈ ਜਾਂ ਕਾਫ਼ੀ ? ਮੇਰੀ ਗਿਆਰਾਂ ਸਾਲਾਂ ਦੀ ਧੀ ਮੈਨੂੰ ਦੱਸ ਰਹੀ ਸੀ ਕਿ ਉਹਨੇ ਚਾਹ  - ਕਾਫ਼ੀ , ਸੈਡਵਿੱਚ , ਰੋਟੀ , ਆਮਲੇਟ ਆਦਿ ਬਣਾਉਣਾ ਸਿੱਖ ਲਿਆ । ਮੇਰਾ ਰੋਣ ਨਿੱਕਲ ਗਿਆ ਆਪਣੀ ਬੇਬਸੀ ਤੇ ਜਾਂ ਬੇਟੀ ਦੇ ਕੰਮ ਸਿੱਖਣ ਦੀ ਮਜ਼ਬੂਰੀ ਤੇ । ਮੈਂ ਕਦੀ ਉਸਨੂੰ ਕੰਮ ਨਹੀਂ ਲਗਾਇਆ ਅਜੇ ਤਾਂ ਉਸਦੀ ਉਮਰ ਖੇਲਦਿਆਂ , ਉੱਛਲਕੁੱਦ ਕਰਦਿਆਂ ਨਵੀਆਂ ਨਵੀਆਂ ਵੀਡਿਊ ਗੇਮਾਂ ਖੇਡਣ ਅਤੇ ਪੜ੍ਹਾਈ ਕਰਦੀ ਹੀ ਦੇਖਦੀ ਰਹੀ ਸਾਂ ਤੇ ਅੱਜ ਉਹੀਓ ਬੱਚੀ ਮੇਰੇ ਸਾਹਮਣੇ ਸੀ । ਸਿਆਣਿਆਂ ਸੱਚ ਹੀ ਕਿਹਾ ਹੈ ਲੋੜ ਕਾਢ ਦੀ ਮਾਂ ਹੈ ਮੈਂ ਸੋਚਦੀ ਸੋਚਦੀ ਬਾਹਰ ਬੈਕਯਾਰਡ ਵਿੱਚ ਬਣੇ ਲੱਕੜ ਦੇ ਗੀਜੂਬੋ ਵੱਲ ਦੇਖਦੀ ਰਹੀ । ਸ਼ਾਮ ਤੱਕ ਮੈਂ ਨੋਟ ਕੀਤਾ ਬੱਚੇ ਜ਼ਿੰਮੇਵਾਰ ਹੋ ਗਏ ਹਨ ਪਹਿਲਾਂ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਹਨ ।ਆਪਣੇ ਆਪ ਨੂੰ ਸੁੱਖ ਤੇ ਦੋਹਾਂ ਬੱਚਿਆਂ ਨੇ ਹਾਲਾਤਾਂ ਅਨੁਸਾਰ ਢਾਲ ਲਿਆ ਹੈ । ਰਹਿ ਗਈ ਸਾਂ ਮੈਂ ਕਿ ਮੈਂ ਹੁਣ ਕਿਸ ਤਰ੍ਹਾਂ ਜੀਣਾ ਹੈ । ਰਸਤਾ ਸੁੱਖ ਨੇ ਦਿਖਾ ਦਿੱਤਾ ਸੀ ਪਰ ਮੈਂ ਉਸ ਰਸਤੇ ਤੇ ਆਪਣੇ ਜਿਗਰੇ ਦੇ ਪੈਰ ਕਿਸ ਤਰ੍ਹਾਂ ਪੁੱਟਣੇ ਹਨ ਇਹ ਤਾਂ ਮੇਰੇ ਤੇ ਨਿਰਭਰ ਸੀ ।

ਹਸਪਤਾਲ ਤੋਂ ਘਰੇ ਪਹੁੰਚ ਕੇ ਪਹਿਲੀ ਵਾਰ ਵਾਸ਼ਰੂਮ ਗਈ ਤਾਂ ਫਿਰ ਮਨ ਦੁੱਖੀ ਹੋ ਗਿਆ ਉਫ਼ ਰੱਬਾ ! ਤੇਰੀ ਰਜ਼ਾ ਮਨਜ਼ੂਰ ਤਾਂ ਕਰ ਰਹੀ ਹਾਂ ਪਰ ਇਹ ਜੋ ਸੱਜਾ ਹੱਥ ਕੰਮ ਕਰਨੋਂ ਹੱਟ ਗਿਆ ਹੈ ਇਹ ਪੂਰਤੀ ਭਰਨੀ ਕਿਵੇਂ ਹੈ ?  ਖੱਬੇ ਹੱਥ ਨਾਲ ਕੰਮ ਕਰਨ ਦੀ ਆਦਤ ਪਾ ਲਵਾਂ ਮੈਂ ਖੁਦ ਹੀ ਆਪਣ ਆਪ ਨੂੰ ਹੌਸਲਾ ਦਿੱਤਾ ਪਰ ਇਹ ਔਖਾ ਬਹੁਤ ਸੀ ਜਾਂ ਤਾਂ ਬਚਪਣ ਤੋਂ ਹੀ ਇਸ ਤਰ੍ਹਾਂ ਦੀ ਆਦਤ ਹੁੰਦੀ ਜਾਂ ਫ਼ਿਰ ਇਹ ਘਟਨਾ ਸੁਰਤ ਸੰਭਲਣ ਤੋਂ ਪਹਿਲਾਂ ਵਾਪਰੀ ਹੁੰਦੀ ਤਾਂ ਅੱਜ ਦਾ ਵਕਤ ਇਤਨਾ ਔਖਾ ਨਾ ਹੁੰਦੀ ਮੇਰੇ ਵਰਗੀ ਛੋਟੇ ਬੱਚਿਆਂ ਦੀ ਮਾਂ ਲਈ ਤਾਂ ਪਲ ਪਲ ਚੁਨੌਤੀ ਸੀ । ਮੈਂ ਜੋ ਸੋਚਦੀ ਸਾਂ ਕਿ ਫਲਾਂ ਕੰਮ ਇਸ ਤਰੀਕੇ ਨਾਲ ਕਰਿਆ ਕਰਾਂਗੀ ਜਦ ਵੀ ਅਸਲੀਅਤ ਵਿੱਚ ਕਰਨ ਲੱਗਦੀ ਤਾਂ ਪਹਾੜ ਲੱਗਦਾ ਤਸੱਵਰ ਅਤੇ ਅਸਲ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਪੈ ਜਾਂਦਾ । 

ਫ਼ਿਜੀਊ ਥੈਰੇਪੀ ਵਾਲੀ ਲੇਡੀ ਰੋਜ਼ ਆ ਕੇ ਛੋਟੀਆਂ ਛੋਟੀਆਂ ਤਕਨੀਕਾਂ ਦੱਸਦੀ ਕਿ ਕਿਸ ਵਕਤ ਆਪਣੇ ਸਰੀਰ ਤੋਂ ਕਿਸ ਤਰੀਕੇ ਨਾਲ ਕੰਮ ਲੈਣਾ ਹੈ ਘਰ ਦਾ ਕਿਹੜਾ ਹਿੱਸਾ ਮੇਰੇ ਲਈ ਜ਼ਿਆਦਾ ਸੇਫ਼ ਹੈ ਕਿਥੇ ਕੇਹੜੀ ਚੀਜ਼ ਨੂੰ ਕਿਸ ਤਰੀਕੇ ਨਾਲ ਚੁੱਕਣਾ ਹੈ। ਕਿਸ ਤਰੀਕੇ ਨਾਲ ਆਪਨਾ ਆਪ ਸੰਭਾਲਣਾ ਹੈ ਆਦਿ ਆਦਿ । ਹਫ਼ਤੇ ਵਿੱਚ ਤਿੰਨ ਦਿਨ ਨਰਸ ਆਉਂਦੀ । ਨੈਨੀ ਸ਼ਾਵਰ ਲੈਣ ਵਿੱਚ ਸਹਾਇਤਾ ਕਰਦੀ ਅਤੇ ਰਸੋਈ ਦੇ ਕੰਮ ਅਤੇ ਸਫ਼ਾਈ ਕਰਦੀ । ਹੌਲੀ - ਹੌਲੀ ਮੈਂ ਕੁੱਝ ਕੰਮ ਕਰਨੇ ਸਿੱਖ ਲਏ ਪਰ ਟਾਇਮ ਬਹੁਤ ਜ਼ਿਆਦਾ ਲੱਗ ਜਾਂਦਾ ਤਿੰਨ ਮਿੰਨਟ ਦੇ ਕੰਮ ਨੂੰ ਦਸ ਮਿੰਨਟ ਲੱਗ ਜਾਂਦੇ ਹੌਲੀ ਹੌਲੀ ਇਹ ਹੀ ਸ਼ੰਤਸ਼ਟੀ ਦੇਣ ਲੱਗ ਪਿਆ । ਕਦੀ - ਕਦੀ ਖਿਆਲ ਆਉਂਦਾ ਕਿਵੇਂ ਇੱਕ ਪਲ ਦਾ ਹਾਦਸਾ ਸਾਰੀ ਉਮਰ ਇਨਸਾਨ ਲਈ ਅਸਰ ਛੱਡ ਜਾਂਦਾ ਹੈ ਮੇਰੀਆਂ ਸੋਚਾਂ ਦੇ ਰੰਗ - ਬੇਰੰਗੇ ਖੰਭ ਝੜ ਚੁੱਕੇ ਸਨ ਮੈਂ ਬੇਬੱਸ ਦਿਸਣਾ ਨਹੀਂ ਸੀ ਚਾਹਦੀ ਪਰ ਅੰਦਰ ਤਾਰ - ਤਾਰ ਹੋ ਗਈ  ਸੀ । ਚਾਹੇ ਇਨਸਾਨ ਪਾਸ ਕਿੰਨੀਆਂ ਵੀ ਸਹੂਲਤਾਂ ਕਿਉਂ ਨਾ ਹੋਣ ਕਿਸੇ ਨਾ ਕਿਸੇ ਪੱਖੋਂ ਕੁੱਝ ਨਾ ਕੁੱਝ ਊਣਾ ਰਹਿ ਹੀ ਜਾਂਦਾ ਹੈ । ਮੇਰੇ ਨਾਲ ਵੀ ਕੁੱਝ ਇੰਜ ਹੀ ਵਾਪਰ ਰਿਹਾ ਸੀ , ਮੈਂ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਸੀ ਹੋ ਸਕਦੀ ਮੈਂ ਇਹ ਭਾਣਾ ਮੰਨ ਲਿਆ ਸੀ ਪਰ ਸੱਜੇ ਹੱਥ ਪ੍ਰਤੀ ਮੇਰੀ ਰੰਜ਼ਿਸ਼ ਰੱਬ ਨਾਲ ਆਏ ਦਿਨ ਆੜਾ ਲਾ ਲੈਂਦੀ । ਕਿਉਂਕਿ ਲਿਖਣਾ ਮੇਰੇ ਲਈ ਸਭ ਤੋਂ ਵੱਡੀ ਕਿਆਮਤ ਸੀ । ਮੇਰੇ ਅੰਦਰ ਇੱਕ ਢੇਰ ਲੱਗ ਗਿਆ ਸੀ ਆਪੇ ਨਾਲ ਗੱਲਾਂ ਕਰਕੇ , ਪਹਿਲਾਂ - ਪਹਿਲ ਮੈਂ ਸੋਚਿਆ ਸੀ ਅਗਰ ਲਿਖਣਾ ਛੁੱਟ ਵੀ ਗਿਆ ਤਾਂ ਕੋਈ ਗੱਲ ਨਹੀਂ ਪਰ ਮੈਂ ਗਲਤ ਸਾਂ ਅਹਿਸਾਸ ਪਿੱਛਾ ਹੀ ਨਹੀਂ ਛੁਡਾ ਰਹੇ । ਸੁੱਖ ਨੇ ਛੋਟੀ ਜਿਹੀ ਹੱਥ ਵਿੱਚ ਆ ਜਾਣ ਵਾਲੀ ਰੀਕਾਰਡਿੰਗ ਮਸ਼ੀਨ ਲਿਆ ਕੇ ਦਿੱਤੀ ਸੀ ਕਿ ਮੈਂ ਆਪਣੇ ਖਿਆਲ ਨੂੰ ਆਵਾਜ਼ ਜ਼ਰੀਏ ਕੈਦ ਕਰ ਸਕਾਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਗੱਲ ਬਣ ਨਹੀਂ ਸੀ ਰਹੀ ਜੋ ਮੇਰੇ ਦਿਮਾਗ ਵਿੱਚ ਸੀ । ਖੱਬੇ ਹੱਥ ਨਾਲ ਲਿਖਣ ਦੀ ਟੇਡੀ - ਮੇਡੀ ਟਰਾਈ ਕਰਦੀ ਤਾਂ ਖਿਆਲ ਉੱਡ ਜਾਂਦਾ । ਮਾਂਊਸ ਵੀ ਕਲਿੱਕ ਸਹੀ ਥਾਂ ਨਾ ਹੁੰਦਾ । ਨੈਨੀ ਕਦੀ ਕਦੀ ਮੇਰੀ ਭਾਵਨਾ ਦੀ ਕਦਰ ਕਰਦੀ ਤੇ ਅਫ਼ਸੋਸ ਜ਼ਾਹਿਰ ਕਰਦੀ ਕਿ ਕਾਸ਼ ! ਉਹ ਪੰਜਾਬੀ ਲਿਖ  - ਪੜ੍ਹ ਸਕਦੀ ਹੁੰਦੀ । ਸੁੱਖ ਨੇ ਪੰਜਾਬੀ ਨੈਨੀ ਲੱਭਣ ਦੀ ਟਰਾਈ ਕੀਤੀ ਪਰ ਇਸ ਇਲਾਕੇ ਵਿੱਚੋਂ ਕੋਈ ਮਿਲ ਨਹੀਂ ਸਕੀ ਅਤੇ ਦੂਰੋਂ ਚੱਲ ਕੇ ਆਉਣਾ ਕਿਸੇ ਨੈਨੀ ਨੇ ਮੰਨਿਆ ਨਹੀਂ । ਕਿਸੇ ਪਾਸ ਇਤਨੀ ਵਿਹਲ ਨਹੀਂ ਸੀ ਕਿ ਮੇਰੀ ਸੋਚਣੀ ਨੂੰ ਸ਼ਬਦਾਂ ਵਿੱਚ ਢਾਲ ਸਕੇ ਸੁੱਖ ਜਦ ਵੀ ਵਕਤ ਮਿਲਦਾ ਇਹ ਕੰਮ ਕਰਨਾ ਚਾਹਦਾ ਪਰ ਮੈਂ ਉਸ ਤੇ ਇਹ ਬੋਝ ਪਾਉਣਾ ਨਹੀਂ ਸੀ ਚਾਹਦੀ ।ਜਦ ਮੇਰੇ ਹੱਥ ਸਹੀ - ਸਲਾਮਤ ਸਨ ਤਾਂ ਇਤਨਾ ਕੁੱਝ ਔੜਦਾ ਨਹੀਂ ਸੀ ਹੁਣ ਲਿਖ ਨਹੀਂ  ਸਾਂ ਸਕਦੀ ਤਾਂ ਵਿਸ਼ੇ ਤੇ ਵਿਸ਼ੇ ਅਤੇ ਅਹਿਸਾਸ ਤੇ ਅਹਿਸਾਸ ਚੜ੍ਹ ਅੰਦਰੂਨੀ ਰੌਲੀ ਪਾ ਰਹੇ ਸਨ ਮਾਨਸਿਕ ਸਥਿਤੀ ਸਰੀਰਕ ਸਥਿਤੀ ਨਾਲੋਂ ਵੀ ਖਰਾਬ ਸੀ । ਚਿੱਤੋ ਪਹਿਰ ਇਹੋ ਵਿਚਾਰ ਮਨ ਤੇ ਪਹਿਰਾ ਦਿੰਦਾ ਰਿਹਾ ਕਿ ਅੱਖਰ - ਅੱਖਰ ਨੇ ਸਤਰ ਕਿਵੇਂ ਬਨਣਾ ਹੈ ? 

ਕਦੀ - ਕਦੀ ਰੱਬ ਨੇ ਉਹ ਸ਼ੈਅ ਤੁਹਾਡੇ ਆਸ - ਪਾਸ ਹੀ ਰੱਖੀ ਹੁੰਦੀ ਹੈ ਅਤੇ ਇਨਸਾਨ ਉਸ ਨੂੰ ਦੂਰ ਲੱਭਣ ਲੱਗਿਆ ਹੁੰਦਾ ਉਹਦੀ ਨਜ਼ਰ ਆਪਣੇ ਬਹੁਤਾ ਨੇੜੇ ਜਾਂਦੀ ਹੀ ਨਹੀਂ ਹੁੰਦੀ । ਕੁੱਝ ਅਜਿਹਾ ਹੀ ਹੋਇਆ ਇੱਕ ਸ਼ਾਮ ਬੇਟੀ ਆ ਕੇ ਕਹਿਣ ਲੱਗੀ ਕਿ ਉਹਦੇ ਸਕੂਲ ਵਿੱਚ ਕੋਈ ਫ਼ੰਕਸ਼ਨ ਹੋ ਰਿਹਾ ਹੈ ਟੀਚਰ ਨੇ ਕੁੱਝ ਨਾ ਕੁੱਝ ਤਿਆਰ ਕਰਣ ਲਈ ਕਿਹਾ ਹੈ ਤੇ ਉਹ ਇੱਕ ਕਵਿਤਾ ਮੈਨੂੰ ਦਿਖਾਣਾ ਚਾਹਦੀ ਸੀ । ਮੈਂ ਪੇਪਰ ਉਹਦੇ ਹੱਥੋਂ ਫੜਿਆ ਅਤੇ ਪੁੱਛਿਆ 

" ਲਿਖਾਈ ਤਾਂ ਤੇਰੀ ਹੈ ਪਰ ਇਹ ਕਵਿਤਾ ਲਿਖੀ ਕੀਹਨੇ ਹੈ ? "

" ਆਈ ਟਰਾਈ ਟੂ ਰਾਈਟ ਇੱਟ ਮੌਮ " ਤੇ ਕਹਿੰਦਿਆਂ ਕਹਿੰਦਿਆਂ ਉਹ ਸਾਹਮਣੇ ਪਏ ਡਰੈਸਿੰਗ ਟੇਬਲ ਤੇ ਲੱਗੇ ਸ਼ੀਸ਼ੇ ਵਿੱਚ ਤੱਕਣ ਲੱਗੀ ।

" ਵੱਟ....................... ਯੂ ਰੌਟ ਇੱਟ ਸਵੀਟੀ ? " ਮੈਂ ਹੈਰਾਨ ਹੋਈ ਉਹਦੇ ਚਿਹਰੇ ਨੂੰ ਸ਼ੀਸ਼ੇ ਵਿੱਚੋਂ ਦੇਖਣ ਲੱਗੀ ।

"  ਯੈੱਸ ਫ਼ਸਟ ਰੀਡ ਇੱਟ " ਉਹਨੇ ਵੀ ਆਪਣੇ ਅਕਸ ਰਾਹੀਂ ਮੇਰੇ ਅਕਸ ਵੱਲ ਤੱਕਿਆ ।

ਕਵਿਤਾ ਤਾਂ ਵਾਕਿਆ ਹੀ ਕਵਿਤਾ ਸੀ ਛੇਵੀਂ ਵਿੱਚ ਪੜ੍ਹਦੀ ਮੇਰੀ ਬੇਟੀ ਦੁਆਰਾ ਲਿਖੀ ਹੋਈ । ਸਿਰਫ਼ ਭਾਂਸ਼ਾ ਹੀ ਬਦਲੀ ਸੀ ਅੰਦਾਜ਼ ਮੇਰਾ ਸੀ । ਮੇਰਾ ਹੀ ਕੋਈ ਵਿਆਕੁਲ ਵਲਵਲਾ ਸੀ ਜਿਸ ਵਿੱਚ ਦੀ ਮੈਂ ਗੁਜ਼ਰ ਰਹੀ ਸਾਂ । ਪੂਰੀ ਕਵਿਤਾ ਪੜ੍ਹ ਕੇ ਮੈਂ ਉਹਦੇ ਵੱਲ ਜੇਤੂ ਨਜ਼ਰਾਂ ਨਾਲ ਦੇਖਿਆ । ਪਰਫ਼ੈਕਟ ਕਹਿ ਕੇ ਮੈਂ ਆਪਣੀਆਂ ਬਾਹਾਂ ਉਹਦੇ ਵੱਲ ਵਧਾਈਆਂ ਜੁਆਬ ਵਿੱਚ ਉਸਨੇ ਵੀ ਇੰਜ ਹੀ ਕੀਤਾ । ਕਵਿਤਾ ਬੇਟੀ ਨੇ ਲਿਖੀ ਸੀ ਅੰਦਰ ਮੇਰਾ ਹਲਕਾ ਹੋ ਗਿਆ ਸੀ । ਉਹਦੇ ਅੰਦਰ ਇਹ ਸਭ ਕਿੰਜ ਦਾਖਲ ਹੋਇਆ ਮੇਰਾ ਸ਼ੌਕ ਉਹਦਾ ਕਦੋਂ ਹੋ ਗਿਆ ਮੈਨੂੰ ਤਾਂ ਅੱਜ ਤੋਂ ਪਹਿਲਾਂ ਇਸ ਗੱਲ ਦੀ ਭਿਣਕ ਵੀ ਨਹੀਂ ਸੀ ਰੱਬਾ ਤੂੰ ਕੇਹੜਾ ਜ਼ਰੀਆ ਬਣਾ ਕੇ ਭੇਜਿਆ ਹੈ ਸੋਚਦੀ ਸੋਚਦੀ ਦਾ ਰੋਣ ਨਿਕਲ ਗਿਆ । ਫ਼ਿਰ ਸਾਰੀ ਰਾਤ ਮੈਂ ਕਵਿਤਾ ਅਤੇ ਆਪਣੀ ਬੇਟੀ ਬਾਰੇ ਸੋਚਦੀ ਰਹੀ ਕਿ ਅਗਰ ਇਹਦੇ ਵਿੱਚ ਕਵਿਤਾ ਲਿਖਣ ਦੀ ਸਮਰੱਥਾ ਹਾਂ ਤਾਂ ਆਪਣੇ ਵਿਸ਼ੇ ਆਪਣੇ ਵਲਵਲੇ ਇਸ ਨਾਲ ਸ਼ੇਅਰ ਕਰ ਸਕਦੀ ਹਾਂ ਇਹ ਉਨ੍ਹਾਂ ਅਹਿਸਾਸ ਨੂੰ ਲਿਖਤ ਦਾ ਰੂਪ ਦੇ ਸਕਦੀ ਹੈ ਪੰਜਾਬੀ ਜ਼ੁਬਾਨ ਤਾਂ ਨਹੀਂ ਅੰਗਰੇਜ਼ੀ ਹੀ ਸਹੀ ਖਿਆਲ ਤਾਂ ਅੱਗੇ ਟੁਰੇਗਾ । ਥੋੜ੍ਹੀ - ਥੋੜ੍ਹੀ ਪੰਜਾਬੀ ਲਿਖ ਪੜ੍ਹ ਤਾਂ ਲੈਂਦੀ ਹੈ ਕਿਉਂ ਨਾ ਇਸ ਨੂੰ ਪਰੌਪਰ ਢੰਗ ਨਾਲ ਪੰਜਾਬੀ ਸਿਖਾ ਲਵਾਂ ਜੇਕਰ ਮੈਂ ਇਹ ਮਿਹਨਤ ਕਰਾਂ ਤਾਂ ਖਿਆਲ ਦੋ ਭਾਸ਼ਾਵਾਂ ਵਿੱਚ ਮਹਿਕੇਗਾ ।

ਸੁਭਾ ਉੱਠੀ ਤਾਂ ਮਨ ਵਿੱਚ ਚਾਅ ਸੀ ਵੱਖਰੀ ਹੀ ਲਗਨ ਸੀ , ਕਿਉਂਕਿ ਮੈਨੂੰ ਮੇਰਾ ਹੱਥ ਮਿਲ ਗਿਆ ਸੀ ।


 


 

ਜੱਗੀ ਬਰਾੜ ਸਮਾਲਸਰ

905 793 9215   

hux qwk KLbrnfmf dI vYWb sfeIt nUM pfTk vyK cuwky hn

Click Here