www.khabarnama.com  {Punjabi Newspaper Khabarnama Toronto} email: editor@khabarnama.com 


 

ਅਖ਼ਬਾਰ ਪੜ੍ਹਨ ਲਈ ਪੰਜਾਬੀ  ਫਾਂਟ ਇੱਥੋਂ ਡਾਊਂਨਲੋਡ ਕਰ

 

 

Click here  to download Punjabi font to read Khabarnama

'' ਚਿੱਟੀ ਚਮੜੀ '' 

Yadwinder singh satkoha
yadsatkoha@yahoo.com

 

''ਸਤਾਰੇ  ਮੇਸਤਾ''.....ਭਾਵ....''ਪੁਰਾਣਾਂ ਸ਼ਹਿਰ''....ਪੋਲੈਂਡ ਦੀ ਰਾਜਧਾਨੀਂ  ''ਵਾਰਸਾ'' ਦੇ ਲੱਗਭੱਗ ਵਿਚਕਾਰ ਸਥਿਤ | ਅੱਜ ਵੀ ਪੁਰਾਤਨਤਾ ਦਾ ਸੁਨੇਹਾ ਲਈ ,ਮੁਸਕਰਾਉਂਦਾ ਹੋਇਆ ,ਜੂਨ ਦੀ ਨਿੱਘੀ ਦੁਪਹਿਰ,ਸੈਲਾਨੀਆਂ ਦੀ ਭਰਮਾਰ | ਮੈਂ ਇਸ ਪੁਰਾਣੇਂ ਸ਼ਹਿਰ ਦੇ ਖੁੱਲੇ ਵਿਹੜੇ ਵਰਗੇ ਚੌਂਕ ਵਿੱਚ ਖੜਾ ਪੂਰਬੀ ਯੂਰੋਪ ਦੀ ਇਸ ਪੁਰਾਤਨ ਵਿਰਾਸਤ ਦੇ ਰੂਬਰੂ ਹੋ ਰਿਹਾ ਸੀ | ਗਰਮੀਂ ਦੇ ਇਸ ਖੁਸ਼ਗਵਾਰ ਮੌਸਮ ਨੂੰ ਸਾਰਾ ਯੂਰੋਪ ਉਡੀਕਦਾ ਰਹਿੰਦਾ ਹੈ | ਪੁਰਾਣੇਂ ਸ਼ਹਿਰ ਦੀ ਹਰ ਗਲੀ ਮੇਲੇ ਦਾ ਰੂਪ ਧਾਰੀ ਹਰ ਸੈਲਾਨੀਂ ਨੂੰ ''ਜੀ ਆਇਆਂ ਨੂੰ'' ਕਹਿ ਰਹੀ ਸੀ |ਮੇਰੇ ਸੱਜੇ ਹੱਥ ਥੋੜੀ ਦੂਰ ਇੱਕ ਚਿੱਤਰਕਾਰ ਹੱਥ ਨਾਲ ਸਾਹਮਣੇਂ ਖੜੇ ਵਿਅਕਤੀ ਦਾ ਰੇਖਾ ਚਿੱਤਰ ਬਣਾਂ ਰਿਹਾ ਸੀ | ਆਪਣੇਂ ਹਰ ਗਾਹਕ ਨੂੰ ਉਹ ਦਸ-ਪੰਦਰਾਂ ਮਿੰਟ ਵਿੱਚ ਚਿੱਤਰ ਬਣਾਂ ਕੇ ਦੇ ਦਿੰਦਾ | ਕਮਾਲ ਦੇ ਬਣ ਰਹੇ ਰੇਖਾ-ਚਿੱਤਰ ਉਸਦੇ ਬਾਰੀਕ ਕਲਾਕਾਰ ਹੋਣ ਦੀ ਗਵਾਹੀ ਭਰ ਰਹੇ ਸਨ | ਚੌਂਕ ਦੇ ਬਿਲਕੁਲ ਵਿਚਕਾਰ ਹੱਥ ਨਾਲ ਬਣਾਏ ਚਿੱਤਰਾਂ ਦੀ ਛੋਟੀ ਜਿਹੀ ਨੁਮਾਇਸ਼ ਲੱਗੀ ਹੋਈ ਸੀ | ਮੈਂ ਹੱਥ ਵਿੱਚ ਫੜੀ ਹੋਈ ਚਾਹ ਦੀ ਚੁਸਕੀ ਭਰਦਾ ਹੋਇਆ ਇੱਕ ਚਿੱਤਰ ਨੂੰ ਗਹੁ ਨਾਲ ਵਾਚਣ ਲੱਗ ਪਿਆ | ਸਵੇਰ ਦਾ ਸਮਾਂ,ਇੱਕ ਪੇਂਡੂ ਗਿਰਜਾ-ਘਰ,ਇੱਕ ਛੋਟਾ ਜਿਹਾ ਬੱਚਾ ਗਿਰਜਾ-ਘਰ ਦੇ ਬਾਹਰ ਹੀ ਖੜਾ ਪਾ੍ਥਨਾਂ ਕਰਦਾ ਹੋਇਆ | ਮਾਸੂਮ ਚਿਹਰਾ ਅਤੇ ਮਾਸੂਮਤਾ ਦੇ ਨਾਲ ਭਰੀ ਹੋਈ ਪਾ੍ਥਨਾਂ | ਬੜੀ ਬਾਰੀਕੀ ਦੇ ਨਾਲ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਸੀ | ਚਿੱਤਰ ਦੇਖਣ ਵਾਲੇ ਦੇ ਮਨ ਤੇ ਸ਼ਾਂਤੀ ਦਾ ਪ੍ਭਾਵ ਪਾਉਂਦਾ ਸੀ | ਮੈਂ ਚਿੱਤਰ ਵਿੱਚ ਡੁੱਬਾ ਹੋਇਆ ਸੀ ਕਿ ਕਿਸੇ ਨੇਂ ਮੇਰੇ ਸੱਜੇ ਮੋਢੇ ਤੇ ਆ ਕੇ ਹੱਥ ਰੱਖ ਦਿੱਤਾ | ਮੇਰਾ ਚੌਂਕਣਾਂ ਲਾਜਮੀਂ ਸੀ | ,'' ਕੱਲਾ ਈ ਘੁੰਮੀਂ ਜਾ ਰਿਹੈਂ,ਬਾਅਦ 'ਚ ਤੂੰ ਕਹਿਣੈਂ ਬਈ ਇਹ ਪਿੰਡ ਦੇ ਬੰਦੇ ਬਾਹਰ ਆਏ ਦੀ ਵਾਤ ਈ ਨਹੀਂ ਪੁੱਛਦੇ,ਮੈਂ ਪਰਸੋਂ ਸ਼ਾਂਮ ਦਾ ਤੇਰਾ ਪਤਾ ਲਾਉਂਦਾ ਫਿਰਦਾਂ ਕਿ ਤੂੰ ਠਹਿਰਿਆਂ ਕਿੱਥੇ ਆਂ,ਤੂੰ ਮੋਬਾਈਲ ਕਿਉਂ ਨਹੀਂ ਰੱਖਦਾ'' |

ਸਤਿੰਦਰ,ਛੋਟਾ ਨਾਂ ਸੱਤਾ,ਮੇਰਾ ਗਰਾਈਂ | ਤਿੰਨ ਸਾਲ ਤੋਂ ਪੋਲੈਂਡ ਵਿੱਚ ਹੈ |ਸਿਰ ਮੂੰਹ ਤੋਂ ਸਫਾ-ਚੱਟ |ਪਿੰਡ ਭੋਲੂ ਜਿਹਾ ਹੁੰਦਾ ਸੀ ,ਇੱਥੇ ਆ ਕੇ ਤੇਜ਼-ਤਰਾਟ ਹੋ ਗਿਐ |

''ਚੱਲ ਆ ਬੈਠੀਏ,ਮੈਂ ਵੀ ਤੈਨੂੰ ਲੱਭ ਰਿਹਾ ਸੀ,'' | ਮੈਂ ਉਸਨੂੰ ਗਲਵੱਕੜੀ ਵਿੱਚ ਲੈਦਿਆਂ ਕਿਹਾ | ਅਸੀਂ ਦੋਵੇਂ ਨੇੜੇ ਈ ਰੈਸਟੋਰੈਂਟ ਦੇ ਬਾਹਰ ਲੱਗੇ ਹੋਏ ਮੇਜ਼ ਕੁਰਸੀਆਂ ਤੇ ਬੈਠ ਗਏ |
,''
ਸੁਣਾਂ , ਕਿਵੇਂ ਚੱਲ ਰਿਹਾ ਹੈ ,'' ਮੈਂ ਪੁੱਛਿਆ |
,''
ਟਨਾਂਟਨ, ਹੁਣ ਰਾਸ ਆ ਗਿਆ ਹੈ ਪੋਲੈਂਡ ,'' |
 ,''
ਤੂੰ ਵਰਕ-ਪਰਮਿਟ ਤੇ ਆਇਆ ਸੀ,''
,''
ਹਾਂ,ਇਸ ਸਾਲ ਸ਼ੁਰੂ ਵਿੱਚ ਈ ਖਤਮ ਹੋ ਗਿਆ ਸੀ,'' |
,''
ਫਿਰ ਅੱਗੇ ਕਿਵੇਂ ਚੱਲ ਰਿਹਾ  ਹੈ ,'' |
,''
ਵੀਰ ਤੇਰੇ ਤੇ ਇੱਕ ਮੇਂਮ ਲੱਟੂ ਹੋ ਗਈ ਆ , ਵਿਆਹ ਕਰਵਾ ਲੈਣਾਂ ਹੁਣ ਉਸਦੇ ਨਾਲ ,ਫਿਰ ਸਭ ਫਿੱਟ ਐ,ਕਾਗਜ਼ਾਂ ਵਾਲੇ ਬੰਦੇ ਨੂੰ ਕੰਮ ਦੀ ਨਹੀਂ ਘਾਟ ਕਿਤੇ ,'' ਉਹ ਬੋਲਿਆ
|

,''ਗੋਰਿਆਂ ਦਾ ਭਾਈਆ ਬਣਨ ਦੀ ਤਿਆਰੀ ਵਿੱਚ ਐਂ ਤੂੰ,'' | ਮੈਂ ਬੋਲਿਆ ਤੇ ਅਸੀਂ ਦੋਵੇਂ ਇਕੱਠੇ ਪੰਜਾਬੀਆਂ ਵਾਲਾ ਹਾਸਾ ਖੁੱਲ ਕੇ ਹੱਸੇ | ਆਸ-ਪਾਸ ਬੈਠਿਆਂ ਨੇਂ ਇੱਕ ਵੇਰ ਸਾਡੇ ਵੱਲ ਦੇਖਿਆ ਤੇ ਫੇਰ ਗੱਲੀਂ ਰੁੱਝ ਗਏ |

,'' ਤੂੰ ਸੁਣਾਂ ਪਿੰਡ ਦਾ ਕੀ ਹਾਲ ਐ , ਸਰਪੰਚੀ ਦੀ ਇਲੈਕਸ਼ਨ ਕਿਵੇਂ ਰਹੀ ਐਤਕੀਂ ,ਪਿਛਲੀ ਵਾਰ ਤਾਂ ਸਰਬਸੰਮਤੀ ਨਾਲ ਈ ਕੰਮ ਚੱਲ ਗਿਆ ਸੀ , '' ਸੱਤੇ ਨੇਂ ਪੁੱਛਿਆ |
,''
ਐਤਕੀਂ ਫਿਰ ਉਹੋ ਡਾਂਗ ਸੋਟਾ ,ਦੋ ਛੱਬੀ ਦੇ ਕੇਸ ਬਣੇਂ ਸੀ ,'' |
,''
ਆਪਣੇਂ ਪਿੰਡ ਦੀ ਮੁੰਡੀਰ ਨੀਂ ਸੁਧਰਨੀਂ ,'' |
,''
ਚੱਲ ਇਹ ਤਾਂ ਚੱਲਦਾ ਈ ਰਹਿਣੈਂ ਓਥੇ ,ਤੂੰ ਦੱਸ , ਸਾਡੀ ਮੇਂਮ ਭਾਬੀ ਨਾਲ ਮਿਲਾਵੇਂਗਾ ਕਿ ਨਹੀਂ,'' |
,''
ਹਾਂ ਬਈ , ਜਰੂਰ , ਤੂੰ ਠਹਿਰਿਆਂ ਕਿੱਥੇ ਆਂ ,''
,''
ਹੋਟਲ ਵਿੱਚ ਸੀ ਪਹਿਲਾਂ , ਭਾਜੀ ਅਮਰਜੀਤ ਨੂੰ ਫੋਂਨ ਕੀਤਾ ਤੇ ਉਹ ਆ ਕੇ ਘਰੇ ਲੈ ਗਏ ,''|
,''
ਫੇਰ ਠੀਕ ਆ , ਭਾਜੀ ਦਾ ਨੰਬਰ ਹੈਗਾ ਮੇਰੇ ਕੋਲ , ਮੈਂ ਭਲਕੇ ਫੋਂਨ ਕਰ ਲਵਾਂਗਾ ,'' |
ਪੰਦਰਾਂ ਵੀਹ ਮਿੰਟ ਮੇਰੇ ਕੋਲ ਬੈਠ ਕੇ ਅਤੇ ਅਗਲੇ ਦਿਨ ਮਿਲਣ ਦਾ ਵਾਅਦਾ ਕਰਕੇ ਸੱਤਾ ਤੁਰ ਪਿਆ | ਅੱਧੇ ਘੰਟੇ ਬਾਅਦ ਮੈਂ ਵੀ ਤਿਆਰੀ ਕਰ ਲਈ ਤੇ ਟੈਕਸੀ ਲੈ ਕੇ ਭਾਜੀ ਅਮਰਜੀਤ ਵੱਲ ਨੂੰ ਤੁਰ ਪਿਆ
|

 

ਰਾਤ ਦੇ ਖਾਣੇਂ ਸਮੇਂ ''ਪੁਰਾਣੇਂ ਸ਼ਹਿਰ'' ਦੀਆਂ ਗੱਲਾਂ ਚੱਲ ਪਈਆਂ |
,'' ''
ਸਤਾਰੇ-ਮੇਸਤੋ'' ਲੱਗਭੱਗ ਸੱਤ ਸੌ ਸਾਲ ਪੁਰਾਣੈਂ ਪਰ ਦੂਜੇ ਵਿਸ਼ਵ-ਯੁੱਧ ਸਮੇਂ  ਜਰਮਨਾਂ ਨੇਂ ਇਸ ਨੂੰ ਬੁਰੀ ਤਰਾਂ ਤਬਾਹ ਕਰ ਦਿੱਤਾ ਸੀ,'' |  ਭਾਜੀ ਦੱਸ ਰਹੇ ਸਨ  | ,''ਹੁਣ ਵਾਲੀ ਸਾਰੀ ਉਸਾਰੀ ਇਹਨਾਂ ਨੇਂ ਦੁਬਾਰਾ ਕੀਤੀ ਹੈ | ਹੂਬਹੂ ਪਹਿਲਾਂ ਵਰਗਾ ਤਿਆਰ ਕੀਤੈਇਹ ਲੋਕ ਪਿਆਰ ਕਰਦੇ ਨੇਂ ਆਪਣੇਂ ਇਤਿਹਾਸ ਨੂੰ
,'' |

ਗੱਲ ਸੁਣਕੇ ਮੈਨੂੰ ਆਪਣੇਂ ਇਤਿਹਾਸਿਕ ਧਾਰਮਿਕ ਅਸਥਾਨਾਂ ਦੀ ਕਾਰ ਸੇਵਾ ਦੇ ਨਾਂ ਹੇਠ ਹੋਈ ਦੁਰਗਤੀ ਯਾਦ ਆ ਗਈ |

,''ਭਾਜੀ , ਕਿਨਾਂ ਵੱਡਾ ਫਰਕ ਐ ਸਾਡੀ ਅਤੇ ਇਹਨਾਂ ਲੋਕਾਂ ਦੀ ਸੋਚ ਵਿੱਚ , ਇਹ ਲੋਕ ਤਬਾਹ ਹੋਇਆ ਵੀ ਮੁੜ ਉਸਾਰ ਲੈਦੇਂ ਨੇਂ ਤੇ ਅਸੀਂ ਆਪਣੇਂ ਬਚੇ ਹੋਏ ਨੂੰ ਵੀ ਨਾਂ ਸੰਭਾਲ ਸਕੇ | ਮਹਿੰਗੇ ਸੰਗਮਰਮਰ ਨਾਲ ਅਸੀਂ ਆਪਣਾਂ ਇਤਿਹਾਸ ਖਤਮ ਕਰਨ ਦੇ ਰਾਹੇ ਪੈ ਗਏ ,''

,''ਬਿਲਕੁਲ  ਯਾਦਵਿੰਦਰ , ਇਹ ਅਸਲੀਅਤ ਹੈ , ਅਸੀਂ ਆਪਣਾਂ ਬੇਸ਼ਕੀਮਤੀ ਵਿਰਸਾ ਭੰਗ ਦੇ ਭਾੜੇ ਗੁਆ ਬੈਠੇ ਹਾਂ,'' ਭਾਜੀ ਨੇਂ ਆਵਾਜ਼ ਵਿੱਚ ਗੰਭੀਰਤਾ ਸੀ |,'' ਸਾਡੀ ਆਉਣ ਵਾਲੀ ਪੀੜੀ ਸਾਨੂੰ ਕਦੇ ਵੀ ਮਾਫ ਨਹੀਂ ਕਰੇਗੀ ,'' |

 ,'' ਸ਼ਾਇਦ ਅਸੀਂ ਕਦਰਾਂ-ਕੀਮਤਾਂ ਦੀ ਦੁਹਾਈ ਜਿਆਦਾ ਦਿੰਦੇ ਹਾਂ , ਅਮਲੀ ਤੌਰ ਤੇ ਕੰਮ ਘੱਟ ਕਰਦੇ ਹਾਂ ,'' |

,'' ਹੁਣ ਇਹ ਈ ਕਰ ਸਕਦੇ ਹਾਂ ਕਿ ਜੋ ਕੁਝ ਮਾੜਾ-ਮੋਟਾ ਬਚ ਗਿਆ ਹੈ...ਉਸ ਨੂੰ ਬਰਬਾਦ ਹੋਣ ਤੋਂ ਬਚਾ ਲਈਏ ,'' |

 ਆਪਣੀਂ ਤੇ ਪੱਛਮ ਦੀ ਇਤਿਹਾਸ ਨੂੰ ਸਾਂਭ ਕੇ ਰੱਖਣ ਵਾਲੀ ਸੋਚ ਦੀ ਤੁਲਨਾਂ ਕਰਦਿਆਂ ਮੈਨੂੰ ਬੈੱਡ ਤੇ ਪਏ ਨੂੰ ਪਤਾ ਨਹੀਂ ਕਿਸ ਵੇਲੇ ਨੀਂਦ ਆ ਗਈ |

ਸਵੇਰੇ ਭਾਜੀ ਦੀ ਆਵਾਜ ਨਾਲ ਜਾਗ ਖੁੱਲੀ | ,'' ਉੱਠ ਬਈ , ਫੋਂਨ ਐ ਤੇਰਾ ,''|
ਫੋਂਨ ਤੇ ਸੱਤਾ ਸੀ | ,'' ਹਾਂ ਕਿਵੇਂ ਆਂ,'' ਮੈਂ ਪੁਛਿੱਆ |
 ,''
ਦੁਪਹਿਰੇ ਦੋ ਵਜੇ ਮਿਲਦੇ ਆਂ , ਲੈਨਿਨ ਟਾਵਰ ,''
,''
ਠੀਕ ਆ ,'' ਮੈਂ ਕਿਹਾ |
ਭਾਜੀ ਓਫਿਸ ਜਾਣ ਲਈ ਤਿਆਰ ਈ ਬੈਠੇ ਸਨ ,'' ਮੈਂ ਚੱਲਦਾਂ , ਤੂ ਨਾਸ਼ਤਾ ਕਰ ਕੇ ਜਾਵੀਂ ਤੇ ਆਹ ਮੋਬਾਈਲ ਵੀ ਰੱਖੀਂ ਆਪਣੇਂ ਕੋਲ , ਲੋੜ ਪਈ ਤਾਂ ਫੋਂਨ ਕਰ ਦੇਵੀਂ ,'' ਉਹਨਾਂ ਆਖਿਆ |
,''
ਠੀਕ ਹੈ ਭਾਜੀ ,ਸ਼ਾਂਮ ਨੂੰ ਮਿਲਦੇ ਹਾਂ
,''

  
 
ਇੱਕ ਮਿਊਜੀਅਮ ਦੇਖਣ ਤੋਂ ਬਾਅਦ ਦੋ ਵਜੇ ਤੋਂ ਪਹਿਲਾਂ ਹੀ ਮੈਂ ਲੈਨਿਨ ਟਾਵਰ ਹੇਠ ਪਹੁੰਚ ਗਿਆ | ਸੱਤੇ ਨੇਂ ਫੇਰ ਮੇਰੇ ਮੋਢੇ ਤੇ ਪਿੱਛੋਂ ਹੱਥ ਮਾਰਿਆ |
,''
ਤੂੰ ਕੰਜਰਾ ਮੈਨੂੰ ਪਿੱਛੋਂ ਈ ਦਬੋਚਦੈਂ,'' ਮੈਂ ਹੱਸਦਿਆਂ ਕਿਹਾ |
,''
ਲੈ ਮਿਲ ਲੈ ਭਾਬੀ ਨੂੰ ,'' ਉਸ ਕਿਹਾ |
ਇੱਕ ਪੌਲਿਸ਼ ਕੁੜੀ ਉਸ ਨਾਲ ਖੜੀ ਮੁਸਕਰਾ ਰਹੀ ਸੀ |ਉਸ ਨੇਂ ਮੇਰੇ ਵੱਲ ਦੋਵੇਂ ਹੱਥ ਜੋੜ ਕੇ ''ਸਤਿ ਸੀ੍ ਅਕਾਲ'' ਕਿਹਾ | ,'' ਅੱਧੀ ਪੰਜਾਬਣ ਤਾਂ ਬਣਾਂ ਤੀ ਤੂੰ ,'' ਮੈਂ ਕਿਹਾ ਤੇ ਅਸੀਂ ਨਿੱਘੀ ਧੁੱਪ ਵਿੱਚ ਨੇੜੇ ਪਾਰਕ ਵਿੱਚ ਬੈਠ ਗਏ | ਮਸਾਂ-ਮਸਾਂ ਮਿਲੀ ਨਿੱਘੀ ਧੁੱਪ ਦਾ ਗੋਰੇ ਪੌਲਿਸ਼ ਲੁਤਫ ਉਠਾ ਰਹੇ ਸਨ |
,''
ਨਿੰਦਾ ਕਿੱਥੇ ਹੈ ਅੱਜਕੱਲ ,'' ਮੈਂ ਸੱਤੇ ਦੇ ਵੱਡੇ ਭਰਾ ਪੁੱਛਿਆ |
,''
ਨਿਊਯੌਰਕ ਐ , ਸੈੱਟ ਹੋ ਗਿਆ ਉੱਥੇ , ਡਾਲਰ ਕਮਾ ਰਿਹਾ ,'' |
,''
ਵਧੀਆ ਗੱਲ ਐ , ਪੱਕਾ ਹੋ ਗਿਆ ,'' ?
,''
ਸਾਲ ਹੋ ਗਿਆ ..ਪੱਕੇ ਹੋਏ ਨੂੰ..... , ਮੈਂ ਵੀ ਹੁਣ ਵਿਆਹ ਅਪਲਾਈ ਕਰ ਰਿਹਾਂ ਬੱਸ ਛੇਤੀ....ਮਸਾਂ ਇਹ ਕੁੜੀ ਮੰਨੀ ਆਂ , ਜਾਂਨ ਛਿੜਕਦੀ ਐ ਮੇਰੇ ਤੇ ,'' ਉਸ ਅੱਖ ਦੱਬਕੇ ਮੈਨੂੰ ਕਿਹਾ | ,'' ਵੈਸੇ ਇਸ ਚਿੱਟੀ ਚਮੜੀ ਦਾ ਕੋਈ ਯਕੀਂਨ ਨੀਂ ,ਕਦੋਂ ਫਿਰ ਜਾਵੇ ...ਪੰਜਾਬਣਾਂ ਵਾਲਾ ਹਿਸਾਬ-ਕਿਤਾਬ ਹੈਨੀਂ ਇਹਨਾਂ ਵਿੱਚ, ਮੂਡੀ ਜਿਹੇ ਈ ਹੁੰਦੇ ਨੇਂ ਇਹ ਲੋਕ .....ਸੋਚ ਰਿਹਾਂ ਕਿ ਛੇਤੀ ਹੋ ਜਾਵੇ ਕੰਮ.....ਵੈਸੇ ਆਪਣੀਂ ਇੱਕ ਨਿਸ਼ਾਨੀਂ ਵੀ ਤਿਆਰੀ ਵਿੱਚ ਐ ,'' | ਕੁੜੀ ਪਰੈਗਨੈਂਟ ਸੀ | ਸੁਣ ਕੇ ਮੈਨੂੰ ਅਜੀਬ ਲੱਗਾ ਪਰ ਮੈਂ ਜ਼ਾਹਰ ਨਾਂ ਕੀਤਾ |
,''
ਹੁਣ ਕੀ ਕੰਮ ਕਰ ਰਿਹੈਂ ,'' ਮੈਂ ਪੁੱਛਿਆ |
,''
ਰੈਸਟੋਰੈਂਟ ਚ' ਕਰ ਰਿਹਾਂ ਕੰਮ ....ਵੈਸੇ ਨਿੰਦੇ ਨੇਂ ਸਪਾਂਸਰ ਭੇਜੀ ਐ ...ਟੂਰਿਸਟ ਵੀਜੇ ਦੀ...ਜੇ ਵੀਜਾ ਲੱਗ ਗਿਆ ਤਾਂ ਮਿਲ ਕੇ ਆਵਾਂਗਾ ਉਸ ਨੂੰ ਵੀ ,''
,''
ਵਧੀਆ ਗੱਲ ਐ ,'' ਮੈਂ ਜੁਆਬ ਦਿੱਤਾ | ਅੱਧਾ ਘੰਟਾ ਅਸੀਂ ਗੱਪਾਂ ਮਾਰਦੇ ਰਹੇ | ਕੁੜੀ ਸਾਡੀ ਪੰਜਾਬੀ ਸੁਣ ਕੇ ਵੈਸੇ ਈ ਮੁਸਕਰਾਉਂਦੀ ਰਹੀ
|

 ਤੁਰਨ ਲੱਗਿਆਂ ਮੈਂ ਆਪਣਾਂ ਮੋਬਾਈਲ ਨੰਬਰ ਸੱਤੇ ਨੂੰ ਦੇ ਦਿੱਤਾ , ਤੇ ਉਹਨਾਂ ਕੋਲੋਂ ਵਿਦਾ ਹੋ ਗਿਆ |
ਅਗਲੇ ਦਿਨ ਉਸਦੀ ਕਾਲ ਆਈ ,'' ਮੇਰਾ ਮਹੀਨੇਂ ਦਾ ਵੀਜ਼ਾ ਲੱਗ ਗਿਐ , ਤੂੰ ਕਦੋਂ ਤੱਕ ਐਂ ਪੋਲੈਂਡ ਵਿੱਚ ,'' |
,''
ਮੈਂ ਵੀਹ ਕੁ ਦਿਨ ਹੋਰ ਆਂ ਏਥੇ ,'' ਮੈਂ ਜੁਆਬ ਦਿੱਤਾ |
,''
ਮੈਂ ਆ ਜਾਣੈਂ ਜਲਦੀ ਵਾਪਸ ...ਆਣ ਕੇ ਮਿਲ ਲਵਾਂਗਾ ਤੈਨੂੰ ...ਚੰਗਾ ਫਿਰ
,'' |

 

ਦੂਰ-ਦੁਰਾਡੇ ਤੱਕ ਪੋਲੈਂਡ ਘੁੰਮਦਿਆਂ ਵੀਹ ਦਿਨਾਂ ਦਾ ਕੁਝ ਪਤਾ ਵੀ ਨਹੀਂ ਲੱਗਾ |ਸੱਤੇ ਨਾਲ ਵੀ ਇਹਨਾਂ ਦਿਨਾਂ ਵਿੱਚ ਕੋਈ ਗੱਲ ਨਾਂ ਹੋਈ | ਇੱਕ ਦਿਨ ਬਾਅਦ ਮੇਰੀ  ਵਾਪਸੀ ਦੀ ਤਿਆਰੀ ਸੀ | ਐਤਵਾਰ ਦਾ ਆਖਰੀ ਦਿਨ ਘਰ ਵਿੱਚ ਬਿਤਾਣ ਦਾ ਇਰਾਦਾ ਬਣਾਂ ਕੇ ਮੈਂ ਤੇ ਭਾਜੀ ਅਮਰਜੀਤ ਘਰ ਦੇ ਲਾਅਨ ਵਿੱਚ ਕੁਰਸੀਆਂ ਡਾਹ ਕੇ ਬੈਠ ਗਏ | ਗੱਲਾਂ-ਬਾਤਾਂ ਕਰ ਰਹੇ ਸੀ ਕਿ ਮੇਰੇ ਮੋਬਾਇਲ ਦੀ ਘੰਟੀ ਖੜਕੀ | ਮੈਂ ਫੋਂਨ ਚੁੱਕਿਆ | ਕੋਈ ਕੁੜੀ ਪੌਲਿਸ਼ ਵਿੱਚ ਬੋਲ ਰਹੀ ਸੀ | ਮੇਰੀ ਸਮਝ ਵਿੱਚ ਕੁਝ ਨਾਂ ਆਇਆ | ਮੈਂ ਫੋਂਨ ਭਾਜੀ ਵੱਲ ਕਰ ਦਿੱਤਾ | ਭਾਜੀ ਨੇਂ ਗੱਲ ਕਰਦਿਆਂ ਵਿੱਚੇ ਰੁਕ ਕੇ ਮੈਨੂੰ ਪੁੱਛਿਆ ,'' ਓਹ ਸੱਤੇ ਦੇ ਨਾਲ ਦੀ ਕੁੜੀ ਫੋਂਨ ਕਰ ਰਹੀ ਐ | ਸੱਤੇ ਨੇਂ ਕੋਈ ਫੋਂਨ ਨਹੀਂ ਕੀਤਾ ਅਮੈਰਿਕਾ ਤੋਂ ਕੁੜੀ ਨੂੰ , ਤੈਨੂੰ ਮਿਲਣਾਂ ਚਾਹੁੰਦੀ ਐ....ਬੁਲਾ ਲਵਾਂ.. ? ,''
ਮੈਨੂੰ ਇੱਕਦਮ ਕੁਝ ਨਾਂ ਸੁੱਝਿਆ ਪਰ ਮੈਂ ਹਾਂ ਕਰ ਬੈਠਾ | ਭਾਜੀ ਨੇਂ ਘਰ ਦਾ ਐਡਰੈੱਸ ਫੋਂਨ ਤੇ ਦੇ ਦਿੱਤਾ ਤੇ ਫੋਂਨ ਕੱਟਿਆ ਗਿਆ |
,''
ਇਹ ਕੀ ਚੱਕਰ ਭਾਜੀ ...? ,'' ਮੈਂ ਪੁਛਿਆ |
 ,''
ਲੱਗ ਜੇ ਗਾ ਪਤਾ ਹੁਣੇਂ , ਆ ਰਹੀ ਐ ਕੁੜੀ ,''
ਅਸੀਂ ਹੋਰ ਗੱਲੀਂ-ਬਾਤੀਂ ਰੁੱਝ ਗਏ | ਅੱਧੇ ਘੰਟੇ ਬਾਅਦ ਮੇਂਨ ਗੇਟ ਦੀ ਘੰਟੀ ਖੜਕੀ | ਆਟੋਮੈਟਿਕ ਗੇਟ ਖੁੱਲਿਆ ਤੇ ਕੁੜੀ ਅੰਦਰ ਲੰਘ ਆਈ | ਉੱਡੇ ਜਿਹੇ ਰੰਗ ਨਾਲ ਉਹ ਬੜੀ ਨਰਮਾਈ ਤੇ ਸਲੀਕੇ ਜਿਹੇ ਨਾਲ ਦੋਵੇਂ ਹੱਥ ਜੋੜ ਕੇ ਬੈਠ ਗਈ | ਪੌਲਿਸ਼ ਵਿੱਚ ਉਸਨੇਂ ਭਾਜੀ ਨੂੰ ਕੁਝ ਦੱਸਣਾਂ ਸ਼ੁਰੂ ਕੀਤਾ | ਗੱਲਾਂ ਕਰਦਿਆਂ - ਕਰਦਿਆਂ ਉਸਦਾ ਰੋਂਣ ਨਿਕਲ ਗਿਆ |
,''
ਕਹਿ ਰਹੀ ਹੈ ਕਿ ਸੱਤੇ ਨੇਂ ਕੋਈ ਫੋਂਨ ਨਹੀਂ ਕੀਤਾ ਜਾ ਕੇ , ਜਿੱਥੇ ਗਿਆ ਹੈ , ਉੱਥੋਂ ਦਾ ਵੀ ਕੋਈ ਨੰਬਰ ਇਸ ਕੋਲ ਨਹੀਂ ਹੈ ,ਤੇਰਾ ਨੰਬਰ ਇਹਦੇ ਕੋਲ ਵੀ ਸੀ...ਉਸਦੇ ਯਾਰਾਂ-ਦੋਸਤਾਂ ਤੋਂ ਪਤਾ ਕਰਨ ਤੋਂ ਬਾਅਦ ਤੇਰੇ ਕੋਲੋਂ ਪਤਾ ਕਰਨ ਆਈ ਹੈ ਕਿ ਉਸਦਾ ਕੋਈ ਪਤਾ-ਥਹੁ ਹੈ ਜਾਂ ਕੋਈ ਫੋਂਨ ਵਗੈਰਾ ਆਇਆ ਉਸਦਾ , ਬਹੁਤ ਪਰੇਸ਼ਾਂਨ ਹੈ .
,''

,'' ਮੈਨੂੰ ਤਾਂ ਭਾਜੀ ਉਸਦਾ ਕੋਈ ਫੋਂਨ ਨਹੀਂ ਆਇਆ ਬਾਅਦ ਵਿੱਚ , ਨਿਊਯੌਰਕ ਦਾ ਵੀ ਉਸਦਾ ਕੋਈ ਨੰਬਰ ਮੇਰੇ ਕੋਲ ਹੈਨੀਂ ,'' ਮੈਂ ਬੋਲਿਆ | ਦਸ ਪੰਦਰਾਂ ਮਿੰਟ ਏਹੀ ਗੱਲਾਂ ਚੱਲਦੀਆਂ ਰਹੀਆਂ | ਮੈਂ ਕੁੜੀ ਦੀ ਕੋਈ ਮਦਦ ਨਹੀਂ ਸੀ ਕਰ ਸਕਦਾ | ਇਹ ਸੁਣ ਕੇ ਕੁੜੀ ਹੋਰ ਪਿੱਘਲ ਗਈ | ਮੇਜ ਤੇ ਪਿਆ ਮੇਰਾ ਫੋਂਨ ਫੇਰ ਖੜਕਿਆ |
,''
ਹੈੱਲੋ ,'' ਮੈਂ ਫੋਂਨ ਚੁੱਕਿਆ |
,''
ਓਏ , ਕਿੱਦਾਂ ਗਰਾਈਂ , ਮੈਂ ਸੱਤਾ ਬੋਲਦਾਂ ਨਿਊਯੌਰਕ ਤੋਂ
,'' |

,'' ਵਧੀਆ ਟੈਂਮ ਫੋਂਨ ਕੀਤਾ ਈ , ਕਿੱਥੇ ਮਰ ਗਿਆ ਸੀ ਤੂੰ ,'' |
,''
ਨਜਾਰੇ ਲੈ ਰਿਹਾ ਵੀਰ ਤੇਰਾ ,ਤੂੰ ਸੁਣਾਂ ,ਤੇਰੀ ਤਿਆਰੀ ਹੋਣੀਂ ਇੰਡੀਆ ਦੀ ,'' ?
,''
ਮੇਰੀ ਤਿਆਰੀ ਦੀ ਛੱਡ ,ਤੇਰੀ ਨਾਲ ਦੀ ਬੈਠੀ ਆ ਮੇਰੇ ਸਾਹਮਣੇਂ,ਤੂੰ ਕਰਦਾ ਕੀ ਫਿਰਦਾ ਏਂ , ਉਹ ਬੁੱਕ-ਬੁੱਕ ਰੋ ਰਹੀ ਐ ,ਤੂੰ ਕੋਈ ਫੋਂਨ ਨਹੀਂ ਕੀਤਾ ਉਸਨੂੰ ,'' ਮੇਰੇ ਲਹਿਜੇ ਵਿੱਚ ਥੋੜੀ ਤਲਖੀ ਆ ਗਈ |
,''
ਉਹ ਤੇਰੇ ਕੋਲ ਕਿੱਦਾਂ ਆ ਗਈ ,'' ਸੱਤੇ ਦੀ ਆਵਾਜ਼ ਥੋੜੀ ਜਿਹੀ ਥਿੜਕੀ | ,'' ਇਸ ਤੋਂ ਖਹਿੜਾ ਛੁਡਾ ਆਪਣਾਂ , ਤੇ ਮੇਰੀ ਇਹਦੇ ਨਾਲ ਗੱਲ ਨਾਂ ਕਰਾਈਂ ,'' |
,''
ਕੀ ਮਤਲਬ ,'' ਮੈਂ ਹੈਰਾਨੀਂ ਵਿੱਚ ਬੋਲਿਆ
|

  ,'' ਮੇਰੇ ਵਿਆਹ ਦਾ ਪਰੋਗਾ੍ਮ ਬਣ ਗਿਆ ਇੱਥੇ ...ਨਿੰਦੇ ਨਾਲ ਫੈਕਟਰੀ ਵਿੱਚ ਕੰਮ ਕਰਦੀ ਆ ਕੁੜੀ ,ਵੀਕ-ਐਂਡ ਤੇ ਨਾਲ ਘੁੰਮ-ਫਿਰ ਕੇ ਪਟਾ ਲੀ ਮੈਂ , ਓਹ ਵਿਆਹ ਲਈ ਵੀ ਮੰਨ ਗਈ ਆ , ਏਸ ਗੋਰੀ ਚਮੜੀ  ਦਾ ਕੀ ਯਕੀਂਨ ਹੈ , ਕਦੋਂ ਫਿਰ ਜਾਵੇ , ਹੁਣ ਮੰਨ ਗਈ ਹੈ , ਜੇ ਦੇਰ ਲਾਈ ਤਾਂ ਕੀ ਪਤਾ ਮੁੱਕਰ ਈ ਜਾਵੇ , ਇਹ ਪੰਜਾਬੀਆਂ ਵਾਲਾ ਖੂੰਨ ਥੋੜੈ , ਨਾਲੇ ਜੇ ਅਮਰੀਕਾ ਸੈਟਿੰਗ ਹੁੰਦੀ ਹੋਵੇ ਤਾਂ ਪੋਲੈਂਡ ਵਾਪਸ ਆ ਕੇ ਕੀ ਕਰਨਾਂ , ਚੰਗਾ ,ਫਿਰ ਮਿਲਾਂਗੇ ,'' 'ਤੇ ਫੋਂਨ ਕੱਟਿਆ ਗਿਆ |
ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਸਾਹਮਣੇਂ ਬੈਠੀ ਚਿੱਟੀ ਚਮੜੀ ਵਾਲੀ ਕੁੜੀ ਦੀਆਂ ਗੱਲਾਂ ਤੇ ਸੁੱਕੇ ਖਾਰੇ ਹੰਝੂਆਂ ਸਾਹਮਣੇਂ ਮੇਰਾ  ਖੂੰਨ ਪਤਲਾ ਪੈ ਕੇ ਮੇਰੇ ਸਰੀਰ ਵਿੱਚੋਂ ਨੁੱਚੜਦਾ ਜਾ ਰਿਹਾ ਹੋਵੇ
|

hux qwk KLbrnfmf dI vYWb sfeIt nUM pfTk vyK cuwky hn

Click Here